ਹੇ ਨਾਨਕ! ਜਿਸ ਮਨੁੱਖ ਨੂੰ ਗੁਰੂ ਪਾਸੋਂ ਮਨ ਦੀ ਅਡੋਲਤਾ ਮਿਲ ਜਾਂਦੀ ਹੈ, ਉਸ ਦੇ ਜਨਮ ਮਰਨ ਦੇ ਗੇੜ ਸਦਾ ਲਈ ਮੁੱਕ ਜਾਂਦੇ ਹਨ ॥੧॥
ਪਉੜੀ
(ਹੇ ਭਾਈ!) ਤੂੰ ਅਨੇਕਾਂ ਜੂਨਾਂ ਵਿਚ ਭਟਕਦਾ ਆਇਆ ਹੈਂ,
ਹੁਣ ਤੈਨੂੰ ਸੰਸਾਰ ਵਿਚ ਇਹ ਮਨੁੱਖਾ ਜਨਮ ਮਿਲਿਆ ਹੈ ਜੋ ਬੜੀ ਮੁਸ਼ਕਲ ਨਾਲ ਹੀ ਮਿਲਿਆ ਕਰਦਾ ਹੈ।
(ਜੇ ਤੂੰ ਹੁਣ ਭੀ ਵਿਕਾਰਾਂ ਦੇ ਬੰਧਨਾਂ ਵਿਚ ਹੀ ਫਸਿਆ ਰਿਹਾ, ਤਾਂ) ਅਜੇਹਾ (ਸੋਹਣਾ) ਮੌਕਾ ਫਿਰ ਨਹੀਂ ਮਿਲੇਗਾ।
(ਹੇ ਭਾਈ!) ਜੇ ਤੂੰ ਪ੍ਰਭੂ ਦਾ ਨਾਮ ਜਪੇਂਗਾ, ਤਾਂ ਮਾਇਆ ਵਾਲੇ ਸਾਰੇ ਬੰਧਨ ਕੱਟੇ ਜਾਣਗੇ।
ਮੁੜ ਮੁੜ ਜਨਮ ਮਰਨ ਦਾ ਗੇੜ ਨਹੀਂ ਰਹਿ ਜਾਇਗਾ।
ਕੇਵਲ ਇਕ ਪਰਮਾਤਮਾ ਦਾ ਜਾਪ ਕਰਿਆ ਕਰ।
(ਪਰ) ਹੇ ਸਿਰਜਣਹਾਰ ਪ੍ਰਭੂ! (ਮਾਇਆ-ਗ੍ਰਸੇ ਜੀਵ ਦੇ ਵੱਸ ਦੀ ਗੱਲ ਨਹੀਂ), ਤੂੰ ਆਪ ਕਿਰਪਾ ਕਰ,
ਹੇ ਨਾਨਕ! (ਪ੍ਰਭੂ ਅੱਗੇ ਅਰਦਾਸ ਕਰ ਤੇ ਆਖ-) ਇਸ ਵਿਚਾਰੇ ਨੂੰ ਆਪਣੇ ਚਰਨਾਂ ਵਿਚ ਜੋੜ ਲੈ ॥੩੮॥
ਹੇ ਪਾਰਬ੍ਰਹਮ! ਹੇ ਦੀਨਾਂ ਉਤੇ ਦਇਆ ਕਰਨ ਵਾਲੇ! ਹੇ ਧਰਤੀ ਦੇ ਪਾਲਣਹਾਰ! ਮੇਰੀ ਬੇਨਤੀ ਸੁਣ।
ਹੇ ਨਾਨਕ! (ਅਰਦਾਸ ਕਰ ਤੇ ਆਖ-) (ਮੈਨੂੰ ਸੁਮਤਿ ਦੇਹ ਕਿ) ਗੁਰਮੁਖਾਂ ਦੀ ਚਰਨ-ਧੂੜ ਹੀ ਮੈਨੂੰ ਅਨੇਕਾਂ ਸੁਖਾਂ ਧਨ-ਪਦਾਰਥ ਤੇ ਅਨੇਕਾਂ ਰਸਾਂ ਦੇ ਭੋਗ ਦੇ ਬਰਾਬਰ ਜਾਪੇ ॥੧॥
ਪਉੜੀ
ਅਸਲ ਬ੍ਰਾਹਮਣ ਉਹ ਹਨ ਜੋ ਬ੍ਰਹਮ (ਪਰਮਾਤਮਾ) ਨਾਲ ਸਾਂਝ ਪਾਂਦੇ ਹਨ,
ਅਸਲ ਵੈਸ਼ਨੋ ਉਹ ਹਨ ਜੋ ਗੁਰੂ ਦੀ ਸ਼ਰਨ ਪੈ ਕੇ ਆਤਮਕ ਪਵਿਤ੍ਰਤਾ ਦੇ ਫ਼ਰਜ਼ ਨੂੰ ਪਾਲਦੇ ਹਨ।
ਉਹ ਮਨੁੱਖ ਸੂਰਮਾ ਜਾਣੋ ਜੇਹੜਾ (ਮਿਥੇ ਹੋਏ ਵੈਰੀਆਂ ਦਾ ਖੁਰਾ-ਖੋਜ ਮਿਟਾਣ ਦੇ ਥਾਂ) ਆਪਣੇ ਅੰਦਰੋਂ ਦੂਜਿਆਂ ਦਾ ਬੁਰਾ ਮੰਗਣ ਦੇ ਸੁਭਾਵ ਦਾ ਨਿਸ਼ਾਨ ਮਿਟਾ ਦੇਵੇ।
(ਜਿਸ ਨੇ ਇਹ ਕਰ ਲਿਆ) ਦੂਜਿਆਂ ਵਲੋਂ ਚਿਤਵੀ ਬੁਰਾਈ ਉਸ ਦੇ ਨੇੜੇ ਨਹੀਂ ਢੁਕਦੀ।
(ਪਰ ਮਨੁੱਖ) ਆਪ ਹੀ ਆਪਣੀ ਹਉਮੈ ਦੇ ਬੰਧਨਾਂ ਵਿਚ ਬੱਝਾ ਰਹਿੰਦਾ ਹੈ (ਤੇ ਦੂਜਿਆਂ ਨਾਲ ਖਹਿੰਦਾ ਹੈ, ਆਪਣੀ ਕੀਤੀ ਵਧੀਕੀ ਦਾ ਖ਼ਿਆਲ ਤਕ ਨਹੀਂ ਆਉਂਦਾ,
ਕਿਸੇ ਵਿਗਾੜ ਦਾ) ਦੋਸ ਇਹ ਅੰਨ੍ਹਾ ਮਨੁੱਖ ਹੋਰਨਾਂ ਤੇ ਲਾਂਦਾ ਹੈ।