(ਪਰ ਅਜੇਹਾ ਸੁਭਾਵ ਬਨਾਣ ਲਈ) ਨਿਰੀਆਂ ਗਿਆਨ ਦੀਆਂ ਗੱਲਾਂ ਤੇ ਸਿਆਣਪਾਂ ਦੀ ਪੇਸ਼ ਨਹੀਂ ਜਾ ਸਕਦੀ।
ਹੇ ਨਾਨਕ! (ਪ੍ਰਭੂ ਅਗੇ ਅਰਦਾਸ ਕਰ, ਤੇ ਆਖ-) ਹੇ ਪ੍ਰਭੂ! ਜਿਸ ਨੂੰ ਤੂੰ ਇਸ ਸੁਚੱਜੇ ਜੀਵਨ ਦੀ ਸੂਝ ਬਖ਼ਸ਼ਦਾ ਹੈਂ ਉਹੀ ਸਮਝਦਾ ਹੈ ॥੩੯॥
(ਹੇ ਭਾਈ! ਸਭ ਪਾਪਾਂ ਦੇ) ਹਰਨ ਵਾਲੇ ਨੂੰ ਆਪਣੇ ਮਨ ਵਿਚ ਯਾਦ ਰੱਖ। ਉਹੀ ਸਾਰੇ ਡਰਾਂ ਦਾ ਦੂਰ ਕਰਨ ਵਾਲਾ ਹੈ, ਉਹੀ ਸਾਰੇ ਪਾਪਾਂ ਦੁੱਖਾਂ ਦਾ ਨਾਸ ਕਰਨ ਵਾਲਾ ਹੈ।
ਹੇ ਨਾਨਕ! ਸਤਸੰਗ ਵਿਚ ਰਹਿ ਕੇ ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਉਹ ਹਰੀ ਆ ਟਿਕਦਾ ਹੈ, ਉਹ ਪਾਪਾਂ ਵਿਕਾਰਾਂ ਦੀ ਭਟਕਣਾ ਵਿਚ ਨਹੀਂ ਪੈਂਦੇ ॥੧॥
ਪਉੜੀ
(ਹੇ ਭਾਈ!) ਇਸ ਸੰਸਾਰ ਦੇ ਪਿਛੇ ਭਟਕਣ ਦੀ ਬਾਣ ਮਿਟਾ ਦਿਓ।
ਜਿਵੇਂ ਸੁਪਨਾ ਹੈ (ਜਿਵੇਂ ਸੁਪਨੇ ਵਿਚ ਕਈ ਪਦਾਰਥਾਂ ਨਾਲ ਵਾਹ ਪੈਂਦਾ ਹੈ, ਪਰ ਜਾਗਦਿਆਂ ਹੀ ਉਹ ਸਾਥ ਮੁੱਕ ਜਾਂਦਾ ਹੈ), ਤਿਵੇਂ ਹੀ ਇਸ ਸਾਰੇ ਸੰਸਾਰ ਦਾ ਸਾਥ ਹੈ।
(ਇਸ ਮਾਇਆ ਦੇ ਚੋਜ-ਤਮਾਸ਼ਿਆਂ ਦੀ ਖ਼ਾਤਰ) ਸੁਰਗੀ ਜੀਵ, ਮਨੁੱਖ, ਦੇਵੀ ਦੇਵਤੇ ਖ਼ੁਆਰ ਹੁੰਦੇ (ਸੁਣੀਦੇ ਰਹੇ)।
ਵੱਡੇ ਵੱਡੇ ਸਾਧਨਾਂ ਵਿਚ ਪੁੱਗੇ ਹੋਏ ਜੋਗੀ, ਸਾਧਨ ਕਰਨ ਵਾਲੇ ਜੋਗੀ, ਬ੍ਰਹਮਾ ਵਰਗੇ ਭੀ (ਇਹਨਾਂ ਪਿਛੇ) ਭਟਕਦੇ (ਸੁਣੀਦੇ) ਰਹੇ,
(ਧਰਤੀ ਦੇ) ਬੰਦੇ (ਮਾਇਕ ਪਦਾਰਥਾਂ ਦੀ ਖ਼ਾਤਰ) ਭਟਕ ਭਟਕ ਕੇ ਧੋਖੇ ਵਿਚ ਆਉਂਦੇ ਚਲੇ ਆ ਰਹੇ ਹਨ,
ਇਹ ਮਾਇਆ ਇਕ ਐਸਾ ਮਹਾਨ ਔਖਾ (ਸਮੁੰਦਰ) ਹੈ (ਜਿਸ ਵਿਚੋਂ) ਤਰਨਾ ਬਹੁਤ ਹੀ ਕਠਨ ਹੈ।
ਜਿਨ੍ਹਾਂ ਬੰਦਿਆਂ ਨੇ ਗੁਰੂ ਦੀ ਸਰਨ ਪੈ ਕੇ (ਮਾਇਆ ਪਿਛੇ) ਭਟਕਣਾ, ਸਹਮ ਤੇ ਮੋਹ (ਆਪਣੇ ਅੰਦਰੋਂ) ਮਿਟਾ ਲਏ,
ਹੇ ਨਾਨਕ! ਉਹਨਾਂ ਨੇ ਸਭ ਤੋਂ ਸ੍ਰੇਸ਼ਟ ਆਤਮਕ ਆਨੰਦ ਹਾਸਲ ਕਰ ਲਿਆ ਹੈ ॥੪੦॥
ਮਨੁੱਖ ਦਾ ਮਨ ਕਈ ਤਰੀਕਿਆਂ ਨਾਲ ਮਾਇਆ ਦੀ ਖ਼ਾਤਰ ਹੀ ਡੋਲਦਾ ਰਹਿੰਦਾ ਹੈ, ਮਾਇਆ ਦੇ ਨਾਲ ਹੀ ਚੰਬੜਿਆ ਰਹਿੰਦਾ ਹੈ।
ਹੇ ਨਾਨਕ! (ਪ੍ਰਭੂ ਅਗੇ ਅਰਦਾਸ ਕਰ ਤੇ ਆਖ-) ਹੇ ਪ੍ਰਭੂ! ਜਿਸ ਮਨੁੱਖ ਨੂੰ ਤੂੰ ਨਿਰੀ ਮਾਇਆ ਹੀ ਮੰਗਣ ਤੋਂ ਵਰਜ ਲੈਂਦਾ ਹੈਂ ਉਹ ਤੇਰੇ ਨਾਮ ਵਿਚ ਪਿਆਰ ਪਾ ਲੈਂਦਾ ਹੈ ॥੧॥
ਪਉੜੀ
ਬੇ-ਸਮਝ ਜੀਵ ਹਰ ਵੇਲੇ (ਮਾਇਆ ਹੀ ਮਾਇਆ) ਮੰਗਦਾ ਰਹਿੰਦਾ ਹੈ।
(ਇਹ ਨਹੀਂ ਸਮਝਦਾ ਕਿ) ਸਭ ਦੇ ਦਿਲਾਂ ਦੀ ਜਾਣਨ ਵਾਲਾ ਦਾਤਾਰ (ਸਭ ਪਦਾਰਥ) ਦੇਈ ਜਾ ਰਿਹਾ ਹੈ।