ਬਾਵਨ ਅਖਰੀ

(ਅੰਗ: 26)


ਜੋ ਦੀਨੋ ਸੋ ਏਕਹਿ ਬਾਰ ॥

ਉਸ ਦੀਆਂ ਦਿੱਤੀਆਂ ਦਾਤਾਂ ਤਾਂ ਕਦੇ ਮੁੱਕਣ ਵਾਲੀਆਂ ਹੀ ਨਹੀਂ ਹਨ।

ਮਨ ਮੂਰਖ ਕਹ ਕਰਹਿ ਪੁਕਾਰ ॥

ਹੇ ਮੂਰਖ ਮਨ! ਤੂੰ ਕਿਉਂ ਸਦਾ ਮਾਇਆ ਵਾਸਤੇ ਹੀ ਤਰਲੇ ਲੈ ਰਿਹਾ ਹੈਂ?

ਜਉ ਮਾਗਹਿ ਤਉ ਮਾਗਹਿ ਬੀਆ ॥

(ਹੇ ਮੂਰਖ!) ਤੂੰ ਜਦੋਂ ਭੀ ਮੰਗਦਾ ਹੈਂ (ਨਾਮ ਤੋਂ ਬਿਨਾ) ਹੋਰ ਹੋਰ ਚੀਜ਼ਾਂ ਹੀ ਮੰਗਦਾ ਰਹਿੰਦਾ ਹੈਂ,

ਜਾ ਤੇ ਕੁਸਲ ਨ ਕਾਹੂ ਥੀਆ ॥

ਜਿਨ੍ਹਾਂ ਤੋਂ ਕਦੇ ਕਿਸੇ ਨੂੰ ਭੀ ਆਤਮਕ ਸੁਖ ਨਹੀਂ ਮਿਲਿਆ।

ਮਾਗਨਿ ਮਾਗ ਤ ਏਕਹਿ ਮਾਗ ॥

(ਹੇ ਮੂਰਖ ਮਨ!) ਜੇ ਤੂੰ ਮੰਗ ਮੰਗਣੀ ਹੀ ਹੈ ਤਾਂ ਪ੍ਰਭੂ ਦਾ ਨਾਮ ਹੀ ਮੰਗ,

ਨਾਨਕ ਜਾ ਤੇ ਪਰਹਿ ਪਰਾਗ ॥੪੧॥

ਜਿਸ ਦੀ ਬਰਕਤਿ ਨਾਲ ਹੇ ਨਾਨਕ! ਤੂੰ ਮਾਇਕ ਪਦਾਰਥਾਂ ਦੀ ਮੰਗ ਤੋਂ ਪਰਲੇ ਪਾਰ ਲੰਘ ਜਾਏਂ ॥੪੧॥

ਸਲੋਕ ॥

ਮਤਿ ਪੂਰੀ ਪਰਧਾਨ ਤੇ ਗੁਰ ਪੂਰੇ ਮਨ ਮੰਤ ॥

ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਪੂਰੇ ਗੁਰੂ ਦਾ ਉਪਦੇਸ਼ ਵੱਸ ਪੈਂਦਾ ਹੈ, ਉਹਨਾਂ ਦੀ ਅਕਲ (ਜੀਵਨ-ਰਾਹ ਦੀ) ਪੂਰੀ (ਸਮਝ ਵਾਲੀ) ਹੋ ਜਾਂਦੀ ਹੈ, ਉਹ (ਹੋਰਨਾਂ ਨੂੰ ਭੀ ਸਿੱਖਿਆ ਦੇਣ ਵਿਚ) ਮੰਨੇ-ਪਰਮੰਨੇ ਹੋ ਜਾਂਦੇ ਹਨ।

ਜਿਹ ਜਾਨਿਓ ਪ੍ਰਭੁ ਆਪੁਨਾ ਨਾਨਕ ਤੇ ਭਗਵੰਤ ॥੧॥

ਹੇ ਨਾਨਕ! ਜਿਨ੍ਹਾਂ ਨੇ ਪਿਆਰੇ ਪ੍ਰਭੂ ਨਾਲ ਡੂੰਘੀ ਸਾਂਝ ਬਣਾ ਲਈ ਹੈ, ਉਹ ਭਾਗਾਂ ਵਾਲੇ ਹਨ ॥੧॥

ਪਉੜੀ ॥

ਪਉੜੀ

ਮਮਾ ਜਾਹੂ ਮਰਮੁ ਪਛਾਨਾ ॥

ਉਹ ਮਨੁੱਖ ਸਾਧ ਸੰਗਤਿ ਵਿਚ ਮਿਲ ਕੇ (ਇਸ ਬਾਰੇ) ਪੂਰਾ ਯਕੀਨ ਬਣਾ ਲੈਂਦਾ ਹੈ,

ਭੇਟਤ ਸਾਧਸੰਗ ਪਤੀਆਨਾ ॥

ਜਿਸ ਨੇ ਰੱਬ ਦਾ (ਇਹ) ਭੇਤ ਪਾ ਲਿਆ (ਕਿ ਉਹ ਸਦਾ ਅੰਗ-ਸੰਗ ਹੈ।)

ਦੁਖ ਸੁਖ ਉਆ ਕੈ ਸਮਤ ਬੀਚਾਰਾ ॥

ਉਸ ਦੇ ਹਿਰਦੇ ਵਿਚ ਦੁੱਖ ਤੇ ਸੁਖ ਇਕੋ ਜਿਹੇ ਜਾਪਣ ਲੱਗ ਪੈਂਦੇ ਹਨ (ਕਿਉਂਕਿ ਇਹ ਉਸ ਨੂੰ ਅੰਗ-ਸੰਗ ਵੱਸਦੇ ਪ੍ਰਭੂ ਵਲੋਂ ਆਏ ਦਿੱਸਦੇ ਹਨ)

ਨਰਕ ਸੁਰਗ ਰਹਤ ਅਉਤਾਰਾ ॥

(ਇਸ ਵਾਸਤੇ) ਉਹ ਦੁੱਖਾਂ ਤੋਂ ਆਈ ਘਬਰਾਹਟ ਤੇ ਸੁਖਾਂ ਤੋਂ ਆਈ ਬਹੁਤ ਖ਼ੁਸ਼ੀ ਵਿਚ ਫਸਣੋਂ ਬਚ ਜਾਂਦਾ ਹੈ।

ਤਾਹੂ ਸੰਗ ਤਾਹੂ ਨਿਰਲੇਪਾ ॥

ਉਸ ਪ੍ਰਭੂ ਨੂੰ ਅੰਗ-ਸੰਗ ਭੀ ਦਿੱਸਦਾ ਹੈ ਤੇ ਉਸੇ ਪ੍ਰਭੂ ਨੂੰ ਮਾਇਆ ਦੇ ਪ੍ਰਭਾਵ ਤੋਂ ਪਰੇ ਭੀ,

ਪੂਰਨ ਘਟ ਘਟ ਪੁਰਖ ਬਿਸੇਖਾ ॥

ਉਸ ਨੂੰ ਵਿਆਪਕ ਪ੍ਰਭੂ ਹਰੇਕ ਹਿਰਦੇ ਵਿਚ ਵੱਸਦਾ ਦਿੱਸਦਾ ਹੈ।

ਉਆ ਰਸ ਮਹਿ ਉਆਹੂ ਸੁਖੁ ਪਾਇਆ ॥

(ਵਿਆਪਕਤਾ ਵਾਲੇ ਯਕੀਨ ਤੋਂ ਪੈਦਾ ਹੋਏ) ਆਤਮਕ ਰਸ ਤੋਂ ਉਸ ਨੂੰ ਐਸਾ ਸੁਖ ਮਿਲਦਾ ਹੈ,

ਨਾਨਕ ਲਿਪਤ ਨਹੀ ਤਿਹ ਮਾਇਆ ॥੪੨॥

ਕਿ ਹੇ ਨਾਨਕ! ਮਾਇਆ ਉਸ ਤੇ ਆਪਣਾ ਪ੍ਰਭਾਵ ਨਹੀਂ ਪਾ ਸਕਦੀ ॥੪੨॥

ਸਲੋਕੁ ॥

ਯਾਰ ਮੀਤ ਸੁਨਿ ਸਾਜਨਹੁ ਬਿਨੁ ਹਰਿ ਛੂਟਨੁ ਨਾਹਿ ॥

ਹੇ ਮਿੱਤਰੋ! ਹੇ ਸੱਜਣੋ! ਸੁਣੋ! ਪਰਮਾਤਮਾ ਦਾ ਨਾਮ ਜਪਣ ਤੋਂ ਬਿਨਾ ਮਾਇਆ ਦੇ ਬੰਧਨਾਂ ਤੋਂ ਖ਼ਲਾਸੀ ਨਹੀਂ ਹੁੰਦੀ।