ਹੇ ਨਾਨਕ! ਜੇਹੜੇ ਬੰਦੇ ਗੁਰੂ ਦੀ ਚਰਨੀਂ ਪੈਂਦੇ ਹਨ, ਉਹਨਾਂ ਦੇ (ਮਾਇਆ ਦੇ ਮੋਹ ਦੇ) ਬੰਧਨ ਕੱਟੇ ਜਾਂਦੇ ਹਨ ॥੧॥
ਪਵੜੀ
ਮਨੁੱਖ (ਮਾਇਆ ਦੇ ਮੋਹ ਦੇ ਬੰਧਨਾਂ ਤੋਂ ਖ਼ਲਾਸੀ ਪਾਣ ਲਈ) ਕਈ ਤਰ੍ਹਾਂ ਦੇ ਜਤਨ ਕਰਦਾ ਹੈ,
ਪਰ ਪਰਮਾਤਮਾ ਦਾ ਨਾਮ ਜਪਣ ਤੋਂ ਬਿਨਾ ਬਿਲਕੁਲ ਕਾਮਯਾਬੀ ਨਹੀਂ ਹੋ ਸਕਦੀ।
ਜੇਹੜੇ ਜਤਨਾਂ ਨਾਲ (ਇਹਨਾਂ ਬੰਧਨਾਂ ਤੋਂ) ਖ਼ਲਾਸੀ ਹੋ ਸਕਦੀ ਹੈ,
ਉਹ ਜਤਨ ਇਹੀ ਹਨ ਕਿ ਸਾਧ ਸੰਗਤਿ ਕਰੋ।
ਉਸ ਪ੍ਰਭੂ ਦਾ ਨਾਮ ਜਪਣ ਤੋਂ ਬਿਨਾ ਖ਼ਲਾਸੀ ਹੋ ਨਹੀਂ ਸਕਦੀ,
(ਭਾਵੇਂ ਕਿ) ਹਰ ਕੋਈ (ਮਾਇਆ ਦੇ ਬੰਧਨਾਂ ਤੋਂ) ਬਚਣ ਦੇ ਉਪਰਾਲੇ (ਆਪਣੇ ਮਨ ਵਿਚ) ਧਾਰਦਾ ਹੈ।
ਹੇ ਪ੍ਰਭੂ! ਤੂੰ ਆਪ ਹੀ ਜੀਵਾਂ ਨੂੰ (ਸੰਸਾਰ-ਸਮੁੰਦਰ ਵਿਚੋਂ) ਤਾਰਨ ਲਈ ਜਹਾਜ਼ ਹੈਂ, ਤੂੰ ਹੀ ਤਾਰਨ ਲਈ ਸਮਰੱਥ ਹੈਂ।
(ਹੇ ਭਾਈ! ਪ੍ਰਭੂ-ਦਰ ਤੇ ਅਰਦਾਸ ਹੀ ਕਰਨੀ ਚਾਹੀਦੀ ਹੈ ਕਿ) ਹੇ ਜੀਵਾਂ ਦੇ ਨਾਥ! ਸਾਨੂੰ ਗੁਣ-ਹੀਨਾਂ ਨੂੰ ਬਚਾ ਲੈ।
ਜਿਨ੍ਹਾਂ ਬੰਦਿਆਂ ਦੇ ਮਨ ਵਿਚ ਬਚਨਾਂ ਵਿਚ ਤੇ ਕਰਮਾਂ ਵਿਚ ਪ੍ਰਭੂ ਆਪ (ਮਾਇਆ ਦੇ ਮੋਹ ਤੋਂ ਬਚਣ ਵਾਲੀ) ਸੂਝ ਪੈਦਾ ਕਰਦਾ ਹੈ,
ਹੇ ਨਾਨਕ! ਉਹਨਾਂ ਦੀ ਮਤਿ ਉੱਜਲ ਹੋ ਜਾਂਦੀ ਹੈ (ਤੇ ਉਹ ਬੰਧਨਾਂ ਤੋਂ ਬਚ ਨਿਕਲਦੇ ਹਨ) ॥੪੩॥
(ਹੇ ਭਾਈ!) ਕਿਸੇ ਹੋਰ ਨਾਲ ਗੁੱਸਾ ਨਾਹ ਕਰੋ, (ਇਸ ਦੇ ਥਾਂ) ਆਪਣੇ ਆਪ ਨੂੰ ਵਿਚਾਰੋ (ਸੋਧੇ, ਕਿ ਕਿਸੇ ਨਾਲ ਝਗੜਨ ਵਿਚ ਆਪਣਾ ਕੀਹ ਕੀਹ ਦੋਸ ਹੈ)।
ਹੇ ਨਾਨਕ! ਜੇ ਤੂੰ ਜਗਤ ਵਿਚ ਧੀਰੇ ਸੁਭਾਵ ਵਾਲਾ ਬਣ ਕੇ ਰਹੇਂ, ਤਾਂ ਪ੍ਰਭੂ ਦੀ ਮਿਹਰ ਦੀ ਨਜ਼ਰ ਨਾਲ ਇਸ ਸੰਸਾਰ-ਸਮੁੰਦਰ ਵਿਚੋਂ ਪਾਰ ਲੰਘ ਜਾਇਂਗਾ (ਜਿਸ ਵਿਚ ਕ੍ਰੋਧ ਦੀਆਂ ਬੇਅੰਤ ਲਹਿਰਾਂ ਪੈ ਰਹੀਆਂ ਹਨ) ॥੧॥
ਪਉੜੀ
ਸਾਰੀ ਲੋਕਾਈ ਜਿਸ ਗੁਰੂ ਦੀ ਚਰਨ-ਧੂੜ ਹੁੰਦੀ ਹੈ,
ਤੂੰ ਭੀ ਉਸ ਦੇ ਅੱਗੇ ਆਪਣੇ ਮਨ ਦਾ ਅਹੰਕਾਰ ਦੂਰ ਕਰ, ਤੇਰੇ ਅੰਦਰੋਂ ਕ੍ਰੋਧ ਦੇ ਸੰਸਕਾਰਾਂ ਦਾ ਲੇਖਾ ਮੁੱਕ ਜਾਏ।
ਹੇ ਭਾਈ! ਇਸ ਜਗਤ-ਰਣ-ਭੂਮੀ ਵਿਚ ਤੇ ਪ੍ਰਭੂ ਦੀ ਹਜ਼ੂਰੀ ਵਿਚ ਤਦੋਂ ਹੀ ਕਾਮਯਾਬ ਹੋਵੇਂਗਾ,
ਜਦੋਂ ਗੁਰੂ ਦੀ ਸਰਨ ਪੈ ਕੇ ਪ੍ਰਭੂ ਦੇ ਨਾਮ ਵਿਚ ਸੁਰਤ ਜੋੜੀਦੀ ਹੈ।