ਜੇਹੜੇ ਬੰਦੇ ਗੁਰੂ ਦੀ ਰਾਹੀਂ ਪ੍ਰਭੂ-ਨਾਮ ਨੂੰ ਸਭ ਪਦਾਰਥਾਂ ਦਾ ਖ਼ਜ਼ਾਨਾ ਜਾਣ ਕੇ ਜਪਦੇ ਹਨ,
ਉਹ (ਫਿਰ) ਆਤਮਕ ਮੌਤੇ ਮਾਰਨ ਵਾਲੀ ਮਾਇਆ (ਦੇ ਮੋਹ) ਵਿਚ (ਦੌੜ-ਭਜ ਕਰਦੇ) ਨਹੀਂ ਖਪਦੇ।
ਉਹਨਾਂ ਦੇ ਜੀਵਨ-ਸਫ਼ਰ ਵਿਚ (ਮਾਇਆ) ਕੋਈ ਰੋਕ ਨਹੀਂ ਪਾ ਸਕਦੀ,
ਜਿਨ੍ਹਾਂ ਨੂੰ ਗੁਰੂ ਨੇ ਨਾਮ-ਮੰਤ੍ਰ ਦੇ ਦਿੱਤਾ।
ਜੇਹੜੇ ਹਿਰਦੇ ਸਭ ਗੁਣਾਂ ਦੇ ਖ਼ਜ਼ਾਨੇ ਹਰੀ-ਨਾਮ ਅੰਮ੍ਰਿਤ ਨਾਲ ਭਰੇ ਰਹਿੰਦੇ ਹਨ,
ਹੇ ਨਾਨਕ! ਉਹਨਾਂ ਦੇ ਅੰਦਰ ਇਕ ਐਸਾ ਆਨੰਦ ਬਣਿਆ ਰਹਿੰਦਾ ਹੈ ਜਿਵੇਂ ਇਕ-ਰਸ ਸਭ ਕਿਸਮਾਂ ਦੇ ਵਾਜੇ ਮਿਲਵੀਂ ਸੁਰ ਵਿਚ ਵੱਜ ਰਹੇ ਹੋਣ ॥੩੬॥
ਜਿਸ ਮਨੁੱਖ ਦੀ ਇੱਜ਼ਤ ਗੁਰੂ ਪਾਰਬ੍ਰਹਮ ਨੇ ਰੱਖ ਲਈ, ਉਸ ਨੇ ਠੱਗੀ ਮੋਹ ਵਿਕਾਰ (ਆਦਿਕ) ਤਿਆਗ ਦਿੱਤੇ।
ਹੇ ਨਾਨਕ! (ਇਸ ਵਾਸਤੇ) ਉਸ ਪਾਰਬ੍ਰਹਮ ਨੂੰ ਸਦਾ ਅਰਾਧਣਾ ਚਾਹੀਦਾ ਹੈ ਜਿਸ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਜਿਸ ਦੀ ਹਸਤੀ ਦਾ ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ ॥੧॥
ਪਉੜੀ
ਹਰੀ ਪ੍ਰਭੂ ਦੀ ਹਸਤੀ ਦਾ ਅੰਦਾਜ਼ਾ ਨਹੀਂ ਲੱਗ ਸਕਦਾ, ਅੰਤ ਨਹੀਂ ਪੈ ਸਕਦਾ।
ਉਹ ਅਪਹੁੰਚ ਹੈ, ਵਿਕਾਰਾਂ ਵਿਚ ਡਿੱਗੇ ਬੰਦਿਆਂ ਨੂੰ ਪਵਿਤ੍ਰ ਕਰਨ ਵਾਲਾ ਹੈ।
ਕ੍ਰੋੜਾਂ ਹੀ ਉਹ ਅਪਰਾਧੀ ਪਵਿਤ੍ਰ ਹੋ ਜਾਂਦੇ ਹਨ,
ਜੇਹੜੇ ਗੁਰੂ ਨੂੰ ਮਿਲ ਕੇ ਪ੍ਰਭੂ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਜਪਦੇ ਹਨ।
ਤੇਰੀ ਸਿਫ਼ਤ-ਸਾਲਾਹ ਦੀ ਬਰਕਤਿ ਨਾਲ ਉਸ ਮਨੁੱਖ ਦੇ ਅੰਦਰੋਂ ਠੱਗੀ ਫ਼ਰੇਬ ਮੋਹ ਆਦਿਕ ਵਿਕਾਰ ਮਿਟ ਜਾਂਦੇ ਹਨ,
ਹੇ ਸ੍ਰਿਸ਼ਟੀ ਦੇ ਮਾਲਕ! ਜਿਸ ਦੀ ਤੂੰ ਆਪ ਰੱਖਿਆ ਕਰਦਾ ਹੈਂ।
ਪ੍ਰਭੂ ਸ਼ਾਹਾਂ ਦਾ ਸ਼ਾਹ ਹੈ, ਉਹੀ ਅਸਲ ਛੱਤਰ-ਧਾਰੀ ਹੈ,
ਹੇ ਨਾਨਕ! ਕੋਈ ਹੋਰ ਦੂਜਾ ਉਸ ਦੀ ਬਰਾਬਰੀ ਕਰਨ ਜੋਗਾ ਨਹੀਂ ਹੈ ॥੩੭॥
ਜੇ ਆਪਣੇ ਮਨ ਨੂੰ ਜਿੱਤ ਲਈਏ, (ਵੱਸ ਵਿਚ ਕਰ ਲਈਏ) ਤਾਂ (ਵਿਕਾਰਾਂ ਉਤੇ) ਜਿੱਤ ਪ੍ਰਾਪਤ ਹੋ ਜਾਂਦੀ ਹੈ, ਮਾਇਆ ਦੇ ਮੋਹ ਦੇ ਬੰਧਨ ਕੱਟੇ ਜਾਂਦੇ ਹਨ, ਤੇ (ਮਾਇਆ ਪਿਛੇ) ਭਟਕਣਾ ਮੁੱਕ ਜਾਂਦੀ ਹੈ।