ਓਅੰਕਾਰੁ

(ਅੰਗ: 4)


ਜਿਨਿ ਜਾਤਾ ਸੋ ਤਿਸ ਹੀ ਜੇਹਾ ॥

ਜਿਸ ਮਨੁੱਖ ਨੇ ਪਰਮਾਤਮਾ ਨਾਲ ਜਾਣ-ਪਛਾਣ ਪਾ ਲਈ, ਉਹ ਉਸ ਵਰਗਾ ਹੀ ਹੋ ਗਿਆ (ਭਾਵ, ਉਹ ਮਾਇਆ ਦੀ ਮਾਰ ਤੋਂ ਉਤਾਂਹ ਹੋ ਗਿਆ),

ਅਤਿ ਨਿਰਮਾਇਲੁ ਸੀਝਸਿ ਦੇਹਾ ॥

ਉਸ ਦਾ ਆਤਮਾ ਬੜਾ ਹੀ ਪਵਿਤ੍ਰ ਹੋ ਜਾਂਦਾ ਹੈ, ਤੇ ਉਸ ਦਾ ਸਰੀਰ ਭੀ ਸਫਲ ਹੋ ਜਾਂਦਾ ਹੈ,

ਰਹਸੀ ਰਾਮੁ ਰਿਦੈ ਇਕ ਭਾਇ ॥

ਆਨੰਦ-ਸਰੂਪ ਪਰਮਾਤਮਾ ਸਦਾ ਉਸ ਦੇ ਹਿਰਦੇ ਵਿਚ ਟਿਕਿਆ ਰਹਿੰਦਾ ਹੈ,

ਅੰਤਰਿ ਸਬਦੁ ਸਾਚਿ ਲਿਵ ਲਾਇ ॥੧੦॥

ਉਸ ਦੇ ਮਨ ਵਿਚ ਸਤਿਗੁਰੂ ਦਾ ਸ਼ਬਦ ਵੱਸਦਾ ਹੈ ਤੇ ਉਹ ਮਨੁੱਖ ਸਦਾ-ਥਿਰ ਪ੍ਰਭੂ ਵਿਚ ਸੁਰਤ ਜੋੜੀ ਰੱਖਦਾ ਹੈ ॥੧੦॥

ਰੋਸੁ ਨ ਕੀਜੈ ਅੰਮ੍ਰਿਤੁ ਪੀਜੈ ਰਹਣੁ ਨਹੀ ਸੰਸਾਰੇ ॥

(ਹੇ ਪਾਂਡੇ! ਗੁਰੂ ਦੇ ਸਨਮੁਖ ਹੋ ਕੇ ਗੋਪਾਲ ਦਾ ਨਾਮ ਆਪਣੇ ਮਨ ਦੀ ਪੱਟੀ ਉਤੇ ਲਿਖ, ਉਸ ਗੋਪਾਲ ਨਾਲ) ਰੁਸੇਵਾਂ ਹੀ ਨਾਹ ਕਰੀ ਰੱਖੋ, ਉਸ ਦਾ ਨਾਮ-ਅੰਮ੍ਰਿਤ ਪੀਉ। ਇਸ ਸੰਸਾਰ ਵਿਚ ਸਦਾ ਦਾ ਵਸੇਬਾ ਨਹੀਂ ਹੈ।

ਰਾਜੇ ਰਾਇ ਰੰਕ ਨਹੀ ਰਹਣਾ ਆਇ ਜਾਇ ਜੁਗ ਚਾਰੇ ॥

ਰਾਜੇ ਹੋਣ, ਅਮੀਰ ਹੋਣ, ਚਾਹੇ ਕੰਗਾਲ ਹੋਣ, ਕੋਈ ਭੀ ਇਥੇ ਸਦਾ ਨਹੀਂ ਰਹਿ ਸਕਦਾ। ਜੋ ਜੰਮਿਆ ਹੈ ਉਸ ਨੇ ਮਰਨਾ ਹੈ, (ਇਹ ਨਿਯਮ) ਸਦਾ ਲਈ (ਅਟੱਲ) ਹੈ।

ਰਹਣ ਕਹਣ ਤੇ ਰਹੈ ਨ ਕੋਈ ਕਿਸੁ ਪਹਿ ਕਰਉ ਬਿਨੰਤੀ ॥

ਇਥੇ ਸਦਾ ਟਿਕੇ ਰਹਿਣ ਲਈ ਤਰਲੇ ਕਰਨ ਨਾਲ ਭੀ ਕੋਈ ਸਦਾ ਟਿਕਿਆ ਰਹਿ ਨਹੀਂ ਸਕਦਾ, ਇਸ ਗੱਲ ਵਾਸਤੇ ਕਿਸੇ ਅੱਗੇ ਤਰਲੇ ਲੈਣੇ ਵਿਅਰਥ ਹਨ।

ਏਕੁ ਸਬਦੁ ਰਾਮ ਨਾਮ ਨਿਰੋਧਰੁ ਗੁਰੁ ਦੇਵੈ ਪਤਿ ਮਤੀ ॥੧੧॥

(ਹਾਂ, ਹੇ ਪਾਂਡੇ! ਗੁਰੂ ਦੀ ਸਰਨ ਆਓ) ਸਤਿਗੁਰੂ ਪਰਮਾਤਮਾ ਦੇ ਨਾਮ ਦੀ ਵਡਿਆਈ ਦਾ ਸ਼ਬਦ ਬਖ਼ਸ਼ਦਾ ਹੈ ਜੋ ਵਿਕਾਰਾਂ ਤੋਂ ਬਚਾ ਲੈਂਦਾ ਹੈ, ਤੇ, ਸਤਿਗੁਰੂ ਪ੍ਰਭੂ-ਪਤੀ ਨਾਲ ਮਿਲਣ ਦੀ ਅਕਲ ਦੇਂਦਾ ਹੈ ॥੧੧॥

ਲਾਜ ਮਰੰਤੀ ਮਰਿ ਗਈ ਘੂਘਟੁ ਖੋਲਿ ਚਲੀ ॥

(ਹੇ ਪਾਂਡੇ!) (ਗੁਰੂ ਦੀ ਸਰਨ ਪੈਣ ਵਾਲੀ ਜੀਵ ਇਸਤ੍ਰੀ ਦੀ) ਦੁਨੀਆ ਦੇ ਨੱਕ-ਨਮੂਜ ਦਾ ਸਦਾ ਧਿਆਨ ਰੱਖਣ ਵਾਲੀ (ਪਹਿਲੀ ਅਕਲ) ਮੁੱਕ ਜਾਂਦੀ ਹੈ, ਹੁਣ ਉਹ ਲੋਕ-ਲਾਜ ਦਾ ਘੁੰਡ ਲਾਹ ਕੇ ਤੁਰਦੀ ਹੈ।

ਸਾਸੁ ਦਿਵਾਨੀ ਬਾਵਰੀ ਸਿਰ ਤੇ ਸੰਕ ਟਲੀ ॥

(ਜਿਸ ਮਾਇਆ ਨੇ ਉਸ ਨੂੰ ਪਤੀ-ਪ੍ਰਭੂ ਵਿਚ ਜੁੜਨ ਤੋਂ ਰੋਕਿਆ ਹੋਇਆ ਸੀ, ਉਸ) ਝੱਲੀ ਕਮਲੀ ਮਾਇਆ ਦਾ ਸਹਿਮ ਉਸ ਦੇ ਸਿਰ ਤੋਂ ਹਟ ਜਾਂਦਾ ਹੈ।

ਪ੍ਰੇਮਿ ਬੁਲਾਈ ਰਲੀ ਸਿਉ ਮਨ ਮਹਿ ਸਬਦੁ ਅਨੰਦੁ ॥

ਉਸ ਨੂੰ ਪ੍ਰਭੂ-ਪਤੀ ਪਿਆਰ ਤੇ ਚਾਉ ਨਾਲ ਸੱਦਦਾ ਹੈ (ਭਾਵ, ਆਪਣੀ ਯਾਦ ਦੀ ਖਿੱਚ ਬਖ਼ਸ਼ਦਾ ਹੈ), ਉਸ ਦੇ ਮਨ ਵਿਚ (ਸਤਿਗੁਰੂ ਦਾ) ਸ਼ਬਦ (ਆ ਵੱਸਦਾ ਹੈ, ਉਸ ਦੇ ਮਨ ਵਿਚ) ਆਨੰਦ (ਟਿਕਿਆ ਰਹਿੰਦਾ) ਹੈ।

ਲਾਲਿ ਰਤੀ ਲਾਲੀ ਭਈ ਗੁਰਮੁਖਿ ਭਈ ਨਿਚਿੰਦੁ ॥੧੨॥

ਜੋ ਜੀਵ-ਇਸਤ੍ਰੀ ਗੁਰੂ ਦੀ ਸਰਨ ਆਉਂਦੀ ਹੈ ਉਸ ਨੂੰ ਦੁਨੀਆ ਵਾਲੀ ਕੋਈ ਚਿੰਤਾ ਪੋਹ ਨਹੀਂ ਸਕਦੀ, ਪ੍ਰੀਤਮ-ਪਤੀ (ਦੇ ਪ੍ਰੇਮ) ਵਿਚ ਰੰਗੀ ਹੋਈ ਦੇ ਮੂੰਹ ਉਤੇ ਲਾਲੀ ਭਖ ਆਉਂਦੀ ਹੈ ॥੧੨॥

ਲਾਹਾ ਨਾਮੁ ਰਤਨੁ ਜਪਿ ਸਾਰੁ ॥

(ਹੇ ਪਾਂਡੇ! ਪਰਮਾਤਮਾ ਦਾ) ਸ੍ਰੇਸ਼ਟ ਨਾਮ ਜਪ, ਸ੍ਰੇਸ਼ਟ ਨਾਮ ਹੀ ਅਸਲ ਖੱਟੀ-ਕਮਾਈ ਹੈ।

ਲਬੁ ਲੋਭੁ ਬੁਰਾ ਅਹੰਕਾਰੁ ॥

ਜੀਭ ਦਾ ਚਸਕਾ, ਮਾਇਆ ਦਾ ਲਾਲਚ, ਅਹੰਕਾਰ (ਇਹ ਕਰਮ ਬੁਰਾ ਹੈ)।

ਲਾੜੀ ਚਾੜੀ ਲਾਇਤਬਾਰੁ ॥

ਨਿੰਦਿਆ, ਖ਼ੁਸ਼ਾਮਦ, ਚੁਗ਼ਲੀ-ਇਹ ਹਰੇਕ ਕੰਮ ਮਾੜਾ ਹੈ।

ਮਨਮੁਖੁ ਅੰਧਾ ਮੁਗਧੁ ਗਵਾਰੁ ॥

ਜੋ ਮਨੁੱਖ (ਪਰਮਾਤਮਾ ਦਾ ਸਿਮਰਨ ਛੱਡ ਕੇ) ਆਪਣੇ ਮਨ ਦੇ ਪਿੱਛੇ ਤੁਰਦਾ ਹੈ (ਤੇ ਲਬ ਲੋਭ ਆਦਿਕ ਕਰਦਾ ਹੈ) ਉਹ ਮੂਰਖ, ਮੂੜ੍ਹ, ਤੇ ਅੰਨ੍ਹਾ ਹੈ (ਭਾਵ, ਉਸ ਨੂੰ ਜੀਵਨ ਦਾ ਸਹੀ ਰਾਹ ਨਹੀਂ ਦਿੱਸਦਾ)।

ਲਾਹੇ ਕਾਰਣਿ ਆਇਆ ਜਗਿ ॥

ਜੀਵ ਜਗਤ ਵਿਚ ਕੁਝ ਖੱਟਣ ਦੀ ਖ਼ਾਤਰ ਆਉਂਦਾ ਹੈ,

ਹੋਇ ਮਜੂਰੁ ਗਇਆ ਠਗਾਇ ਠਗਿ ॥

ਪਰ (ਮਾਇਆ ਦਾ) ਗੋੱਲਾ ਬਣ ਕੇ ਮੋਹ ਦੇ ਹੱਥੋਂ ਜੀਵਨ-ਖੇਡ ਹਾਰ ਕੇ ਜਾਂਦਾ ਹੈ।

ਲਾਹਾ ਨਾਮੁ ਪੂੰਜੀ ਵੇਸਾਹੁ ॥

ਜੋ ਮਨੁੱਖ ਸਰਧਾ ਨੂੰ ਰਾਸ-ਪੂੰਜੀ ਬਣਾਂਦਾ ਹੈ ਤੇ (ਇਸ ਪੂੰਜੀ ਦੀ ਰਾਹੀਂ) ਪਰਮਾਤਮਾ ਦਾ ਨਾਮ ਖੱਟਦਾ-ਕਮਾਂਦਾ ਹੈ,

ਨਾਨਕ ਸਚੀ ਪਤਿ ਸਚਾ ਪਾਤਿਸਾਹੁ ॥੧੩॥

ਹੇ ਨਾਨਕ! ਉਸ ਨੂੰ ਸਦਾ-ਥਿਰ ਪਾਤਿਸ਼ਾਹ ਸਦਾ ਟਿਕੀ ਰਹਿਣ ਵਾਲੀ ਇੱਜ਼ਤ ਬਖ਼ਸ਼ਦਾ ਹੈ ॥੧੩॥