ਅਕਾਲ ਉਸਤਤ

(ਅੰਗ: 16)


ਨਭ ਕੇ ਉਡਯਾ ਤਾਹਿ ਪੰਛੀ ਕੀ ਬਡਯਾ ਦੇਤ ਬਗੁਲਾ ਬਿੜਾਲ ਬ੍ਰਿਕ ਧਿਆਨੀ ਠਾਨੀਅਤੁ ਹੈਂ ॥

(ਜੋ ਸਿੱਧੀਆਂ ਦੇ ਬਲ ਤੇ) ਆਕਾਸ਼ ਵਿਚ ਉਡਦੇ ਹਨ, ਉਨ੍ਹਾਂ ਨੂੰ ਪੰਛੀ ਦੀ ਉਪਮਾ ਦੇਣੀ ਚਾਹੀਦੀ ਹੈ ਅਤੇ ਬਗਲੇ, ਬਿੱਲੇ ਤੇ ਬਘਿਆੜ ਨੂੰ ਧਿਆਨੀ ਕਹਿਣਾ ਚਾਹੀਦਾ ਹੈ (ਕਿਉਂਕਿ ਉਹ ਸ਼ਿਕਾਰ ਦੀ ਤਾਕ ਵਿਚ ਅੱਖਾਂ ਬੰਦ ਕਰ ਕੇ ਬੈਠੇ ਰਹਿੰਦੇ ਹਨ);

ਜੇਤੋ ਬਡੇ ਗਿਆਨੀ ਤਿਨੋ ਜਾਨੀ ਪੈ ਬਖਾਨੀ ਨਾਹਿ ਐਸੇ ਨ ਪ੍ਰਪੰਚ ਮਨ ਭੂਲ ਆਨੀਅਤੁ ਹੈਂ ॥੨॥੭੨॥

ਜਿਤਨੇ ਵੀ ਵੱਡੇ ਵੱਡੇ ਗਿਆਨੀ ਹੋਏ ਹਨ, ਉਨ੍ਹਾਂ ਨੇ (ਇਨ੍ਹਾਂ ਦਿਖਾਵਿਆਂ ਦੀ ਅਸਲੀਅਤ ਨੂੰ) ਸਮਝ ਲਿਆ, ਪਰ ਦਸਿਆ ਕੁਝ ਨਹੀਂ, (ਇਸ ਲਈ ਅਸੀਂ ਗਜ ਵਜ ਕੇ ਕਹਿੰਦੇ ਹਾਂ ਕਿ) ਅਜਿਹੇ ਪ੍ਰਪੰਚਾਂ ਅਥਵਾ ਪਾਖੰਡਾਂ ਨੂੰ ਭੁਲ ਕੇ ਵੀ ਮਨ ਵਿਚ ਨਹੀਂ ਲਿਆਉਣਾ ਚਾਹੀਦਾ ॥੨॥੭੨॥

ਭੂਮ ਕੇ ਬਸਯਾ ਤਾਹਿ ਭੂਚਰੀ ਕੇ ਜਯਾ ਕਹੈ ਨਭ ਕੇ ਉਡਯਾ ਸੋ ਚਿਰਯਾ ਕੈ ਬਖਾਨੀਐ ॥

ਭੂਮੀ ਉਤੇ ਵਸਣ ਵਾਲਿਆਂ ਨੂੰ ਭੂਚਰੀ ('ਘੀਸ') ਦੇ ਜਾਏ ਕਹਿਣਾ ਚਾਹੀਦਾ ਹੈ ਅਤੇ ਆਕਾਸ਼ ਵਿਚ ਉਡਣ ਵਾਲਿਆਂ ਨੂੰ ਚਿੜੀਆਂ ਕਹਿਣਾ ਚਾਹੀਦਾ ਹੈ;

ਫਲ ਕੇ ਭਛਯਾ ਤਾਹਿ ਬਾਂਦਰੀ ਕੇ ਜਯਾ ਕਹੈ ਆਦਿਸ ਫਿਰਯਾ ਤੇ ਤੋ ਭੂਤ ਕੈ ਪਛਾਨੀਐ ॥

ਫਲਾਂ ਦੇ ਖਾਣ ਵਾਲਿਆਂ ਨੂੰ ਬਾਂਦਰੀ ਦੇ ਪੈਦਾ ਕੀਤੇ ਕਹਿਣਾ ਚਾਹੀਦਾ ਹੈ ਅਤੇ ਅਦ੍ਰਿਸ਼ਟ ਰੂਪ ਵਿਚ ਫਿਰਨ ਵਾਲਿਆਂ ਨੂੰ ਭੂਤ ਸਮਝਣਾ ਚਾਹੀਦਾ ਹੈ;

ਜਲ ਕੇ ਤਰਯਾ ਕੋ ਗੰਗੇਰੀ ਸੀ ਕਹਤ ਜਗ ਆਗ ਕੇ ਭਛਯਾ ਸੁ ਚਕੋਰ ਸਮ ਮਾਨੀਐ ॥

ਪਾਣੀ ਵਿਚ ਤਰਨ ਵਾਲਿਆਂ ਨੂੰ ਜਗਤ 'ਜਲ-ਜੁਲਾਹਾ' ਹੀ ਕਹਿੰਦਾ ਹੈ (ਕਿਉਂਕਿ ਉਡਣ ਵਾਲਾ ਉਹ ਕੀੜਾ ਜਲ ਉਤੇ ਹੀ ਤਾਣਾ ਤਣਦਾ ਰਹਿੰਦਾ ਹੈ) ਅਤੇ ਅੱਗ ਖਾਣ ਵਾਲੇ ਨੂੰ ਚਕੋਰ ਵਰਗਾ ਸਮਝਣਾ ਚਾਹੀਦਾ ਹੈ;

ਸੂਰਜ ਸਿਵਯਾ ਤਾਹਿ ਕੌਲ ਕੀ ਬਡਾਈ ਦੇਤ ਚੰਦ੍ਰਮਾ ਸਿਵਯਾ ਕੌ ਕਵੀ ਕੈ ਪਹਿਚਾਨੀਐ ॥੩॥੭੩॥

ਸੂਰਜ ਦੇ ਉਪਾਸਕ ਨੂੰ ਕਮਲ ਫੁਲ ਦੀ ਉਪਮਾ ਦੇਣੀ ਚਾਹੀਦੀ ਹੈ ਅਤੇ ਚੰਦ੍ਰਮਾ ਦੇ ਉਪਾਸਕ ਨੂੰ ਕਮਲਨੀ ਸਮਝਣਾ ਚਾਹੀਦਾ ਹੈ (ਕਿਉਂਕਿ ਇਹ ਕ੍ਰਮਵਾਰ ਸੂਰਜ ਅਤੇ ਚੰਦ੍ਰਮਾ ਨੂੰ ਵੇਖ ਕੇ ਖਿੜਦੇ ਜਾਂ ਵਿਗਸਦੇ ਹਨ) ॥੩॥੭੩॥

ਨਾਰਾਇਣ ਕਛ ਮਛ ਤਿੰਦੂਆ ਕਹਤ ਸਭ ਕਉਲ ਨਾਭ ਕਉਲ ਜਿਹ ਤਾਲ ਮੈਂ ਰਹਤੁ ਹੈਂ ॥

(ਜੇ ਜਲ ਵਿਚ ਨਿਵਾਸ ਕਰਨ ਵਾਲੇ ਨੂੰ ਨਾਰਾਇਣ ਕਿਹਾ ਜਾਣਾ ਹੈ ਤਾਂ) ਸਾਰਿਆਂ ਕਛੂਆਂ, ਮੱਛਾਂ ਅਤੇ ਤੇਂਦੂਆਂ ਨੂੰ ਨਾਰਾਇਣ ਕਿਹਾ ਜਾਵੇਗਾ, (ਜੇ ਵਿਸ਼ਣੂ ਨੂੰ 'ਕੌਲ-ਨਾਭੀ' ਆਖਦੇ ਹਨ ਤਾਂ) ਜਿਸ ਤਾਲਾਬ ਵਿਚ ਕਮਲ ਪੈਦਾ ਹੁੰਦੇ ਹਨ, ਕੀ ਉਹ ਕੌਲ-ਨਾਭੀ ਨਹੀਂ ਹੈ;

ਗੋਪੀ ਨਾਥ ਗੂਜਰ ਗੁਪਾਲ ਸਭੈ ਧੇਨਚਾਰੀ ਰਿਖੀਕੇਸ ਨਾਮ ਕੈ ਮਹੰਤ ਲਹੀਅਤੁ ਹੈਂ ॥

(ਜੇ ਉਸ ਪਰਮ-ਸੱਤਾ ਦਾ ਨਾਂ) ਗੋਪੀਨਾਥ ਹੈ ਤਾਂ ਸਾਰੇ ਗੁਜਰ ਅਤੇ ਗਊਆਂ ਦੇ ਪਾਲਕ ਗਵਾਲੇ ਗੋਪੀਆਂ ਦੇ ਪਤੀ (ਨਹੀਂ ਹਨ) ਜੇ (ਉਸ ਦਾ ਨਾਮ ਰਿਖੀਕੇਸ਼ ਹੈ ਤਾਂ) ਰਿਖੀਕੇਸ਼ ਨਾਂ ਦੇ ਕਈ ਮਹੰਤ ਵੇਖੇ ਜਾਂਦੇ ਹਨ;

ਮਾਧਵ ਭਵਰ ਔ ਅਟੇਰੂ ਕੋ ਕਨ੍ਹਯਾ ਨਾਮ ਕੰਸ ਕੋ ਬਧਯਾ ਜਮਦੂਤ ਕਹੀਅਤੁ ਹੈਂ ॥

(ਜੇ ਉਸ ਦਾ ਨਾਂ ਮਾਧਵ ਯਦੂਵੰਸ਼ੀ ਕ੍ਰਿਸ਼ਣ ਹੈ ਤਾਂ ਭੌਰੇ ਦਾ ਨਾਂ ਵੀ) ਮਾਧਵ ਹੈ, (ਜੇ ਉਸ ਦਾ ਨਾਂ ਕਨ੍ਹੱਯਾ ਹੈ ਤਾਂ ਲੰਮੀਆਂ ਟੰਗਾਂ ਵਾਲੀ) ਮਕੜੀ ਦਾ ਨਾਂ ਵੀ ਕਨ੍ਹੱਯਾ ਹੈ ਅਤੇ (ਜੇ ਉਸ ਦਾ ਨਾਂ ਕੰਸ-ਬਧਕ ਹੈ ਤਾਂ) ਕੰਸ ਨੂੰ ਮਾਰਨ ਵਾਲਾ ਜਮਦੂਤ ਵੀ ਕੰਸ-ਬਧਕ ਹੈ;

ਮੂੜ੍ਹ ਰੂੜ੍ਹ ਪੀਟਤ ਨ ਗੂੜ੍ਹਤਾ ਕੋ ਭੇਦ ਪਾਵੈ ਪੂਜਤ ਨ ਤਾਹਿ ਜਾ ਕੇ ਰਾਖੇ ਰਹੀਅਤੁ ਹੈਂ ॥੪॥੭੪॥

ਅਗਿਆਨੀ ਲੋਕ ਕੇਵਲ ਪਰੰਪਰਾ (ਲਕੀਰ ਦੀ ਫਕੀਰੀ) ਨੂੰ ਪਾਲਦੇ ਹਨ, (ਪਰ) ਬ੍ਰਹਮਗਿਆਨ ਦੇ ਰਹੱਸ ਨੂੰ ਸਮਝਦੇ ਨਹੀਂ ਅਤੇ ਉਸ ਨੂੰ ਪੂਜਦੇ ਨਹੀਂ ਜਿਸ ਦੇ ਰਖਿਆਂ (ਸੰਸਾਰ ਵਿਚ) ਰਹੀਦਾ ਹੈ ॥੪॥੭੪॥

ਬਿਸ੍ਵਪਾਲ ਜਗਤ ਕਾਲ ਦੀਨ ਦਿਆਲ ਬੈਰੀ ਸਾਲ ਸਦਾ ਪ੍ਰਤਪਾਲ ਜਮ ਜਾਲ ਤੇ ਰਹਤ ਹੈਂ ॥

(ਜੋ ਪਰਮਾਤਮਾ) ਵਿਸ਼ਵ ਦਾ ਪਾਲਕ ਅਤੇ ਜਗਤ ਦਾ ਕਾਲ-ਸਰੂਪ ਹੈ, ਦੀਨਾਂ ਉਤੇ ਦਿਆਲੂ ਅਤੇ ਵੈਰੀਆਂ ਲਈ ਦੁਖਦਾਇਕ ਹੈ, (ਹਰ ਇਕ ਦੀ) ਸਦਾ ਪਾਲਨਾ ਕਰਦਾ ਹੈ ਅਤੇ ਜਮ ਦੇ ਜਾਲ ਦੇ ਪ੍ਰਭਾਵ ਤੋਂ ਮੁਕਤ ਹੈ।

ਜੋਗੀ ਜਟਾਧਾਰੀ ਸਤੀ ਸਾਚੇ ਬਡੇ ਬ੍ਰਹਮਚਾਰੀ ਧਿਆਨ ਕਾਜ ਭੂਖ ਪਿਆਸ ਦੇਹ ਪੈ ਸਹਤ ਹੈਂ ॥

(ਕਈ) ਜਟਾਧਾਰੀ ਜੋਗੀ, ਸੱਚੇ ਸਤੀ ਅਤੇ ਵੱਡੇ ਬ੍ਰਹਮਚਾਰੀ (ਉਸ ਪ੍ਰਭੂ ਦੇ) ਧਿਆਨ ਲਈ ਭੁਖ ਅਤੇ ਪਿਆਸ ਨੂੰ ਆਪਣੇ ਸ਼ਰੀਰ ਉਤੇ ਸਹਿਨ ਕਰਦੇ ਹਨ।

ਨਿਉਲੀ ਕਰਮ ਜਲ ਹੋਮ ਪਾਵਕ ਪਵਨ ਹੋਮ ਅਧੋ ਮੁਖ ਏਕ ਪਾਇ ਠਾਢੇ ਨ ਬਹਤ ਹੈਂ ॥

(ਉਸ ਦੇ ਗਿਆਨ ਦੀ ਪ੍ਰਾਪਤੀ ਲਈ ਕਈ) ਨੌਲਿ ਕਰਮ, (ਕਰਦੇ ਹਨ ਅਤੇ ਕਈ) ਜਲ, ਅਗਨੀ ਅਤੇ ਪੌਣ ਨਾਲ ਸੰਬੰਧਿਤ ਹੋਮ (ਕਰਦੇ ਹਨ ਅਤੇ ਕਈ) ਮੂਧੇ ਮੂੰਹ ਲਟਕ ਕੇ (ਅਤੇ ਕਈ) ਇਕ ਪੈਰ ਤੇ ਖੜੇ ਹੋ ਕੇ (ਸਮੇਂ ਨੂੰ) ਗੁਜ਼ਾਰਦੇ ਹਨ।

ਮਾਨਵ ਫਨਿੰਦ ਦੇਵ ਦਾਨਵ ਨ ਪਾਵੈ ਭੇਦ ਬੇਦ ਔ ਕਤੇਬ ਨੇਤ ਨੇਤ ਕੈ ਕਹਤ ਹੈਂ ॥੫॥੭੫॥

(ਉਸ ਦਾ) ਭੇਦ ਮਨੁੱਖ, ਸ਼ੇਸ਼ਨਾਗ, ਦੇਵਤੇ ਅਤੇ ਦੈਂਤ ਨਹੀਂ ਪਾ ਸਕਦੇ ਅਤੇ ਵੇਦ ਤੇ ਕਤੇਬ ਵੀ ਬੇਅੰਤ ਬੇਅੰਤ ਕਹਿੰਦੇ ਹਨ ॥੫॥੭੫॥

ਨਾਚਤ ਫਿਰਤ ਮੋਰ ਬਾਦਰ ਕਰਤ ਘੋਰ ਦਾਮਨੀ ਅਨੇਕ ਭਾਉ ਕਰਿਓ ਈ ਕਰਤ ਹੈ ॥

(ਜੇ ਪਰਮਾਤਮਾ ਨ੍ਰਿਤ-ਭਗਤੀ ਕਰਨ ਨਾਲ ਮਿਲਦਾ ਹੋਵੇ ਤਾਂ) ਮੋਰ ਨਚਦਾ ਰਹਿੰਦਾ ਹੈ; (ਜੇ ਪਰਮਾਤਮਾ ਨਰਸਿੰਘੇ ਵਜਾਉਣ ਨਾਲ ਮਿਲਦਾ ਹੋਵੇ ਤਾਂ) ਬਦਲ ਗਜਦੇ ਰਹਿੰਦੇ ਹਨ; (ਅਤੇ ਜੇ ਪਰਮਾਤਮਾ ਰਾਸ-ਲੀਲਾ ਨਾਲ ਮਿਲਦਾ ਹੋਵੇ ਤਾਂ) ਬਿਜਲੀ ਅਨੇਕ ਹਾਵ-ਭਾਵ ਕਰਦੀ ਹੀ ਰਹਿੰਦੀ ਹੈ।

ਚੰਦ੍ਰਮਾ ਤੇ ਸੀਤਲ ਨ ਸੂਰਜ ਤੇ ਤਪਤ ਤੇਜ ਇੰਦ੍ਰ ਸੋ ਨ ਰਾਜਾ ਭਵ ਭੂਮ ਕੋ ਭਰਤ ਹੈ ॥

(ਜੇ ਪਰਮਾਤਮਾ ਸ਼ਾਂਤੀ ਧਾਰਿਆਂ ਮਿਲਦਾ ਹੋਵੇ ਤਾਂ) ਚੰਦ੍ਰਮਾ ਤੋਂ ਕੋਈ ਠੰਡਾ ਨਹੀਂ ਹੈ, (ਜੇ ਉਹ ਗਰਮੀ ਸਹਾਰਿਆ ਮਿਲਦਾ ਹੋਵੇ ਤਾਂ) ਸੂਰਜ ਵਰਗੇ ਤਪਦੇ ਤੇਜ ਵਾਲਾ ਕੋਈ ਨਹੀਂ ਹੈ (ਅਤੇ ਜੇ ਲੋਕਾਂ ਨੂੰ ਮਾਲ-ਧਨ ਨਾਲ ਭਰਨ ਨਾਲ ਕਿਸੇ ਰਾਜੇ ਨੂੰ ਪਰਮਾਤਮਾ ਮਿਲਦਾ ਹੋਵੇ ਤਾਂ) ਇੰਦਰ ਵਰਗਾ ਜਗਤ ਅਤੇ ਧਰਤੀ ਨੂੰ ਭਰਨ ਵਾਲਾ ਕੋ

ਸਿਵ ਸੇ ਤਪਸੀ ਆਦਿ ਬ੍ਰਹਮਾ ਸੇ ਨ ਬੇਦਚਾਰੀ ਸਨਤ ਕੁਮਾਰ ਸੀ ਤਪਸਿਆ ਨ ਅਨਤ ਹੈ ॥

(ਜੇ ਤਪ ਕੀਤਿਆਂ ਮਿਲਦਾ ਹੋਵੇ ਤਾਂ) ਸ਼ਿਵ ਵਰਗਾ (ਕੋਈ) ਤਪਸੀ ਨਹੀਂ (ਤੇ ਜੇ ਵੇਦ ਪੜ੍ਹਿਆਂ ਮਿਲਦਾ ਹੋਵੇ ਤਾਂ) ਬ੍ਰਹਮਾ ਵਰਗਾ ਵੇਦਵਿਚਾਰੀ ਕੋਈ ਨਹੀਂ ਹੈ ਅਤੇ (ਜੇ ਤਪਸਿਆ ਕੀਤਿਆਂ ਮਿਲਦਾ ਹੋਵੇ ਤਾਂ) ਸਨਤ ਕੁਮਾਰ ਵਰਗੀ ਤਪਸਿਆ ਕਿਸੇ ਹੋਰ ਨੇ ਨਹੀਂ ਕਰਨੀ।

ਗਿਆਨ ਕੇ ਬਿਹੀਨ ਕਾਲ ਫਾਸ ਕੇ ਅਧੀਨ ਸਦਾ ਜੁਗਨ ਕੀ ਚਉਕਰੀ ਫਿਰਾਏ ਈ ਫਿਰਤ ਹੈ ॥੬॥੭੬॥

ਗਿਆਨ ਤੋਂ ਵਾਂਝੇ ਲੋਕ, ਕਾਲ ਦੇ ਫੰਧੇ ਵਿਚ ਫਸੇ ਲੋਕ ਸਦਾ ਯੁਗਾਂ ਦੀ ਚੌਕੜੀ ਦੇ ਫਿਰਾਏ ਫਿਰਦੇ ਰਹਿੰਦੇ ਹਨ (ਅਰਥਾਤ ਆਵਾਗਵਣ ਵਿਚ ਉਲਝੇ ਰਹਿੰਦੇ ਹਨ) ॥੬॥੭੬॥

ਏਕ ਸਿਵ ਭਏ ਏਕ ਗਏ ਏਕ ਫੇਰ ਭਏ ਰਾਮਚੰਦ੍ਰ ਕ੍ਰਿਸਨ ਕੇ ਅਵਤਾਰ ਭੀ ਅਨੇਕ ਹੈਂ ॥

ਇਕ ਸ਼ਿਵ ਹੋਏ ਉਹ ਵੀ ਗਏ, ਇਕ ਫਿਰ ਹੋਏ (ਉਹ ਵੀ ਚਲੇ ਗਏ) ਰਾਮ ਚੰਦਰ, ਕ੍ਰਿਸ਼ਣ ਵਰਗੇ ਅਵਤਾਰ ਵੀ ਅਨੇਕਾਂ ਹੋਏ।

ਬ੍ਰਹਮਾ ਅਰੁ ਬਿਸਨ ਕੇਤੇ ਬੇਦ ਔ ਪੁਰਾਨ ਕੇਤੇ ਸਿੰਮ੍ਰਿਤਿ ਸਮੂਹਨ ਕੈ ਹੁਇ ਹੁਇ ਬਿਤਏ ਹੈਂ ॥

ਕਿਤਨੇ ਹੀ ਬ੍ਰਹਮਾ ਅਤੇ ਵਿਸ਼ਣੂ (ਹੋਏ) ਕਿਤਨੇ ਹੀ ਵੇਦ ਅਤੇ ਪੁਰਾਨ (ਹੋਏ) ਅਤੇ ਸਮ੍ਰਿਤੀਆਂ ਦੇ ਸਮੂਹ ਹੋ ਹੋ ਕੇ ਬੀਤ ਗਏ ਹਨ।