ਅਕਾਲ ਉਸਤਤ

(ਅੰਗ: 54)


ਦੇਵਨ ਕੋ ਦੇਵ ਮਹਾਦੇਵ ਹੂੰ ਕੇ ਦੇਵ ਹੈਂ ਨਿਰੰਜਨ ਅਭੇਵ ਨਾਥ ਅਦ੍ਵੈ ਅਬਿਨਾਸ ਹੈਂ ॥੧੦॥੨੬੨॥

(ਤੂੰ) ਦੇਵਤਿਆਂ ਦਾ ਵੀ ਦੇਵਤਾ, ਮਹਾਦੇਵ ਦਾ ਵੀ ਦੇਵ ਹੈਂ, (ਤੂੰ) ਮਾਇਆ-ਰਹਿਤ, ਭੇਦ-ਰਹਿਤ, ਦ੍ਵੈਤ-ਰਹਿਤ, ਵਿਨਾਸ਼-ਰਹਿਤ ਸੁਆਮੀ ਹੈਂ ॥੧੦॥੨੬੨॥

ਅੰਜਨ ਬਿਹੀਨ ਹੈਂ ਨਿਰੰਜਨ ਪ੍ਰਬੀਨ ਹੈਂ ਕਿ ਸੇਵਕ ਅਧੀਨ ਹੈਂ ਕਟਯਾ ਜਮ ਜਾਲ ਕੇ ॥

(ਤੂੰ) ਕਾਲਿਮਾ ਤੋਂ ਰਹਿਤ ਹੈਂ ਅਤੇ ਮਾਇਆ ਤੋਂ ਰਹਿਤ ਨਿਪੁਣ ਹੈਂ, (ਤੂੰ) ਸੇਵਕਾਂ ਦੇ ਅਧੀਨ ਹੈਂ ਅਤੇ (ਉਨ੍ਹਾਂ ਦੇ) ਜਮ-ਜਾਲ ਨੂੰ ਕਟਣ ਵਾਲਾ ਹੈਂ।

ਦੇਵਨ ਕੇ ਦੇਵ ਮਹਾਦੇਵ ਹੂੰ ਕੇ ਦੇਵਨਾਥ ਭੂਮ ਕੇ ਭੁਜਯਾ ਹੈਂ ਮੁਹਯਾ ਮਹਾ ਬਾਲ ਕੇ ॥

(ਤੂੰ) ਦੇਵਤਿਆਂ ਦਾ ਦੇਵਤਾ ਅਤੇ ਮਹਾਦੇਵ ਦਾ ਦੇਵਤਾ ਹੈ, (ਤੂੰ) ਧਰਤੀ ਨੂੰ ਭੋਗਣ ਵਾਲਾ ਅਤੇ ਮਹਾਨ ਬਾਲਿਕਾਵਾਂ ਨੂੰ ਵੀ ਮੋਹ ਲੈਣ ਵਾਲਾ ਹੈਂ।

ਰਾਜਨ ਕੇ ਰਾਜਾ ਮਹਾ ਸਾਜ ਹੂੰ ਕੇ ਸਾਜਾ ਮਹਾ ਜੋਗ ਹੂੰ ਕੋ ਜੋਗ ਹੈਂ ਧਰਯਾ ਦ੍ਰੁਮ ਛਾਲ ਕੇ ॥

(ਤੂੰ) ਰਾਜਿਆਂ ਦਾ ਵੀ ਰਾਜਾ, ਮਹਾਨ ਸਾਜ ਸਜਾਵਟਾਂ ਦਾ ਸਾਜ ਹੈਂ। ਮਹਾਨ ਜੋਗੀਆਂ ਦਾ ਵੀ ਜੋਗੀ ਹੈਂ ਅਤੇ ਬ੍ਰਿਛਾਂ ਦੀ ਛਿਲ (ਦੇ ਬਸਤ੍ਰ) ਧਾਰਨ ਕਰਨ ਵਾਲਾ ਹੈਂ।

ਕਾਮਨਾ ਕੇ ਕਰੁ ਹੈਂ ਕੁਬਿਧਿਤਾ ਕੋ ਹਰੁ ਹੈਂ ਕਿ ਸਿਧਤਾ ਕੇ ਸਾਥੀ ਹੈਂ ਕਿ ਕਾਲ ਹੈਂ ਕੁਚਾਲ ਕੇ ॥੧੧॥੨੬੩॥

(ਤੂੰ) ਕਾਮਨਾਵਾਂ ਪੂਰੀਆਂ ਕਰਨ ਵਾਲਾ ਹੈਂ, ਜਾਂ ਕੁਬੁੱਧਤਾ ਨੂੰ ਹਰਨ ਵਾਲਾ ਹੈਂ, ਜਾਂ ਸਿੱਧੀਆਂ ਦਾ ਸਾਥੀ (ਮਾਲਕ) ਹੈਂ, ਜਾਂ ਸਾਰੀਆਂ ਕੁਚਾਲਾਂ ਨੂੰ ਖ਼ਤਮ ਕਰਨ ਵਾਲਾ ਹੈਂ ॥੧੧॥੨੬੩॥

ਛੀਰ ਕੈਸੀ ਛੀਰਾਵਧ ਛਾਛ ਕੈਸੀ ਛਤ੍ਰਾਨੇਰ ਛਪਾਕਰ ਕੈਸੀ ਛਬਿ ਕਾਲਿੰਦ੍ਰੀ ਕੇ ਕੂਲ ਕੈ ॥

(ਤੇਰੀ ਕੀਰਤੀ) ਛੀਰ-ਸਮੁੰਦਰ ਵਿਚ ਦੁੱਧ ਵਰਗੀ, ਛਤ੍ਰਪੁਰ ਵਿਚ ਲੱਸੀ ਵਰਗੀ, ਜਮਨਾ ਦੇ ਕੰਢੇ ਉਤੇ ਚੰਦ੍ਰਮਾ ਦੀ ਸੁੰਦਰਤਾ ਵਰਗੀ,

ਹੰਸਨੀ ਸੀ ਸੀਹਾ ਰੂਮ ਹੀਰਾ ਸੀ ਹੁਸੈਨਾਬਾਦ ਗੰਗਾ ਕੈਸੀ ਧਾਰ ਚਲੀ ਸਾਤੋ ਸਿੰਧ ਰੂਲ ਕੈ ॥

ਸੀਹਾ-ਰੂਮ (ਨਗਰੀ) ਵਿਚ ਹੰਸਨੀ ਜਿਹੀ, ਹੁਸੈਨਾਬਾਦ ਵਿਚ ਹੀਰੇ ਜਿਹੀ ਅਤੇ ਸੱਤਾਂ ਸਮੁੰਦਰਾਂ ਦੇ ਸਮੁੱਚ ਨੂੰ (ਲਜਾਉਣ ਵਾਲੀ) ਗੰਗਾ ਦੀ ਧਾਰਾ ਜਿਹੀ,

ਪਾਰਾ ਸੀ ਪਲਾਊਗਢ ਰੂਪਾ ਕੈਸੀ ਰਾਮਪੁਰ ਸੋਰਾ ਸੀ ਸੁਰੰਗਾਬਾਦ ਨੀਕੈ ਰਹੀ ਝੂਲ ਕੈ ॥

ਪਲਾਊਗੜ ਵਿਚ ਪਾਰੇ ਵਰਗੀ, ਰਾਮਪੁਰ ਵਿਚ ਚਾਂਦੀ ਜਿਹੀ, ਸਾਰੰਗਪੁਰ ਵਿਚ ਸ਼ੋਰੇ ਜਿਹੀ (ਸਫ਼ੈਦ ਤੇਰੀ ਕੀਰਤੀ) ਚੰਗੀ ਤਰ੍ਹਾਂ ਵਿਆਪਤ ਹੋ ਰਹੀ ਹੈ।

ਚੰਪਾ ਸੀ ਚੰਦੇਰੀ ਕੋਟ ਚਾਂਦਨੀ ਸੀ ਚਾਂਦਾਗੜ੍ਹ ਕੀਰਤਿ ਤਿਹਾਰੀ ਰਹੀ ਮਾਲਤੀ ਸੀ ਫੂਲ ਕੈ ॥੧੨॥੨੬੪॥

ਚੰਦੇਰੀ ਦੇ ਕਿਲੇ ਵਿਚ ਚੰਬੇ ਦੇ ਸਮਾਨ, ਚਾਂਦਾਗੜ੍ਹ ਵਿਚ ਚਾਂਦਨੀ ਵਰਗੀ, ਤੇਰੀ ਕੀਰਤੀ ਮਾਲਤੀ ਦੇ ਫੁਲ ਵਾਂਗ (ਹਰ ਥਾਂ ਪਸਰ ਰਹੀ ਹੈ) ॥੧੨॥੨੬੪॥

ਫਟਕ ਸੀ ਕੈਲਾਸ ਕਮਾਂਊਗੜ੍ਹ ਕਾਂਸੀਪੁਰ ਸੀਸਾ ਸੀ ਸੁਰੰਗਾਬਾਦ ਨੀਕੈ ਸੋਹੀਅਤੁ ਹੈ ॥

ਕੈਲਾਸ਼, ਕਮਾਊਗੜ ਅਤੇ ਕਾਸ਼ੀਪੁਰ ਵਿਚ ਸਫਟਿਕ ਵਾਂਗ, ਸੁਰੰਗਾਬਾਦ ਵਿਚ ਸ਼ੀਸ਼ੇ ਵਾਂਗ (ਤੇਰੀ ਕੀਰਤੀ) ਸ਼ੁਭਾਇਮਾਨ ਹੈ।

ਹਿੰਮਾ ਸੀ ਹਿਮਾਲੈ ਹਰ ਹਾਰ ਸੀ ਹਲਬਾ ਨੇਰ ਹੰਸ ਕੈਸੀ ਹਾਜੀਪੁਰ ਦੇਖੇ ਮੋਹੀਅਤੁ ਹੈ ॥

ਹਿਮਾਲਾ ਪਰਬਤ ਵਿਚ ਬਰਫ਼ ਵਾਂਗ, ਹਲਬ ਨਗਰ ਵਿਚ ਸ਼ਿਵ ਦੇ (ਚਿੱਟੇ ਸੱਪ ਦੇ) ਹਾਰ ਵਾਂਗ, ਹਾਜੀਪੁਰ ਵਿਚ ਹੰਸ ਵਾਂਗ (ਤੇਰੀ ਕੀਰਤੀ ਕੇਵਲ) ਵੇਖਣ ਨਾਲ ਹੀ ਮੋਹਿਤ ਕਰ ਲੈਂਦੀ ਹੈ।

ਚੰਦਨ ਸੀ ਚੰਪਾਵਤੀ ਚੰਦ੍ਰਮਾ ਸੀ ਚੰਦ੍ਰਾਗਿਰ ਚਾਂਦਨੀ ਸੀ ਚਾਂਦਾਗੜ੍ਹ ਜੌਨ ਜੋਹੀਅਤੁ ਹੈ ॥

ਚੰਪਾਵਤੀ ਵਿਚ ਚੰਦਨ ਜਿਹੀ, ਚੰਦ੍ਰਾਗਿਰੀ ਵਿਚ ਚੰਦ੍ਰਮਾ ਜਿਹੀ ਅਤੇ ਚਾਂਦਗੜ੍ਹ ਵਿਚ ਚਾਂਦਨੀ ਵਰਗੀ (ਸਫ਼ੇਦ ਤੇਰੀ) ਸ਼ੋਭਾ ਵੇਖੀ ਜਾਂਦੀ ਹੈ।

ਗੰਗਾ ਸਮ ਗੰਗਧਾਰ ਬਕਾਨ ਸੀ ਬਲਿੰਦਾਵਾਦ ਕੀਰਤਿ ਤਿਹਾਰੀ ਕੀ ਉਜਿਆਰੀ ਸੋਹੀਅਤੁ ਹੈ ॥੧੩॥੨੬੫॥

ਗੰਗਾ ਦੀ ਧਾਰ ਵਿਚ ਗੰਗਾ ਵਾਂਗ (ਸ਼ੁੱਧ) ਬਿਲੰਦਾਬਾਦ ਵਿਚ ਬਗਲਿਆਂ ਵਾਂਗ ਤੇਰੀ ਕੀਰਤੀ ਦੀ ਸੋਭਾ ਸੋਭ ਰਹੀ ਹੈ ॥੧੩॥੨੬੫॥

ਫਰਾ ਸੀ ਫਿਰੰਗੀ ਫਰਾਸੀਸ ਕੇ ਦੁਰੰਗੀ ਮਕਰਾਨ ਕੇ ਮ੍ਰਿਦੰਗੀ ਤੇਰੇ ਗੀਤ ਗਾਈਅਤੁ ਹੈ ॥

ਪਾਰਸੀ, ਫਰੰਗੀ, ਫਰਾਂਸ ਦੇ ਦੋਰੰਗੇ ਲੋਕ, ਮਕਰਾਨ ਦੇਸ਼ ਦੇ ਨਿਵਾਸੀ (ਮ੍ਰਿਦੰਗੀ) ਆਦਿ ਤੇਰੇ ਹੀ ਗੀਤ ਗਾਉਂਦੇ ਹਨ।

ਭਖਰੀ ਕੰਧਾਰੀ ਗੋਰ ਗਖਰੀ ਗਰਦੇਜਾ ਚਾਰੀ ਪਉਨ ਕੇ ਅਹਾਰੀ ਤੇਰੋ ਨਾਮੁ ਧਿਆਈਅਤੁ ਹੈ ॥

ਭਖਰੀ (ਭਖਰ ਦੇ ਨਿਵਾਸੀ) ਕੰਧਾਰੀ, ਗੋਰੀ, ਗਖੜੀ ਅਤੇ 'ਗਰਦੇਜ਼' ਦੇਸ਼ ਵਿਚ ਵਿਚਰਨ ਵਾਲੇ ਅਤੇ ਪੌਣ ਦਾ ਆਹਾਰ ਕਰਨ ਵਾਲੇ ਤੇਰੇ ਨਾਮ ਦੀ ਆਰਾਧਨਾ ਕਰਦੇ ਹਨ।

ਪੂਰਬ ਪਲਾਊਂ ਕਾਮ ਰੂਪ ਔ ਕਮਾਊਂ ਸਰਬ ਠਉਰ ਮੈ ਬਿਰਾਜੈ ਜਹਾਂ ਜਹਾਂ ਜਾਈਅਤੁ ਹੈ ॥

ਪੂਰਬ ਦੇ ਪਲਾਊ, ਕਾਮਰੂਪ ਅਤੇ ਕੁਮਾਊ ਪ੍ਰਦੇਸ਼, ਜਿਥੇ ਜਿਥੇ ਵੀ ਜਾਈਦਾ ਹੈ, ਉਨ੍ਹਾਂ ਸਾਰੀਆਂ ਥਾਂਵਾਂ ਤੇ (ਤੂੰ ਹੀ) ਬਿਰਾਜ ਰਿਹਾ ਹੈਂ।

ਪੂਰਨ ਪ੍ਰਤਾਪੀ ਜੰਤ੍ਰ ਮੰਤ੍ਰ ਤੇ ਅਤਾਪੀ ਨਾਥ ਕੀਰਤਿ ਤਿਹਾਰੀ ਕੋ ਨ ਪਾਰ ਪਾਈਅਤੁ ਹੈ ॥੧੪॥੨੬੬॥

(ਹੇ) ਪੂਰਨ ਪ੍ਰਤਾਪ ਵਾਲੇ ਅਤੇ ਯੰਤ੍ਰਾਂ-ਮੰਤ੍ਰਾਂ ਦੇ ਪ੍ਰਭਾਵ ਤੋਂ ਰਹਿਤ ਸੁਆਮੀ! ਤੇਰੀ ਕੀਰਤੀ ਦਾ ਕੋਈ ਪਾਰ ਨਹੀਂ ਪਾ ਸਕਦਾ ॥੧੪॥੨੬੬॥

ਤ੍ਵ ਪ੍ਰਸਾਦਿ ॥ ਪਾਧੜੀ ਛੰਦ ॥

ਤੇਰੀ ਕ੍ਰਿਪਾ ਨਾਲ: ਪਾਧੜੀ ਛੰਦ:

ਅਦ੍ਵੈ ਅਨਾਸ ਆਸਨ ਅਡੋਲ ॥

(ਤੂੰ) ਦ੍ਵੈਤ-ਰਹਿਤ, ਨਾਸ਼-ਰਹਿਤ, ਅਡੋਲ ਆਸਨ ਵਾਲਾ ਹੈਂ;

ਅਦ੍ਵੈ ਅਨੰਤ ਉਪਮਾ ਅਤੋਲ ॥

ਦ੍ਵੈਤ ਤੋਂ ਮੁਕਤ, ਅੰਤ ਤੋਂ ਬਿਨਾ ਅਤੇ ਅਤੁਲ ਉਪਮਾ ਵਾਲਾ ਹੈਂ।