ਅਕਾਲ ਉਸਤਤ

(ਅੰਗ: 53)


ਕਰਤ ਹੈਂ ਬਿਚਾਰ ਪੈ ਨ ਪੂਰਨ ਕੋ ਪਾਵੈ ਪਾਰ ਤਾਹੀ ਤੇ ਅਪਾਰ ਨਿਰਾਧਾਰ ਲਹੀਅਤੁ ਹੈਂ ॥੫॥੨੫੭॥

(ਇਹ ਸਭ ਤੇਰਾ) ਵਿਚਾਰ ਕਰਦੇ ਹਨ, ਪਰ ਪੂਰਨ (ਬ੍ਰਹਮ) ਦਾ ਪਾਰ ਨਹੀਂ ਪਾ ਸਕਦੇ, ਇਸੇ ਕਰ ਕੇ (ਤੈਨੂੰ) ਅਪਾਰ ਅਤੇ ਨਿਰਾਧਾਰ ਸਮਝਿਆ ਜਾਂਦਾ ਹੈ ॥੫॥੨੫੭॥

ਪੂਰਨ ਅਵਤਾਰ ਨਿਰਾਧਾਰ ਹੈ ਨ ਪਾਰਾਵਾਰ ਪਾਈਐ ਨ ਪਾਰ ਪੈ ਅਪਾਰ ਕੈ ਬਖਾਨੀਐ ॥

(ਹੇ ਪਰਮਾਤਮਾ! ਤੂੰ) ਪੂਰਨ ਅਵਤਾਰ ਹੋ ਕੇ ਵੀ ਨਿਰਾਧਾਰ ਹੈਂ (ਕਿਉਂਕਿ ਤੇਰਾ) ਆਰ-ਪਾਰ ਨਹੀਂ ਪਾਇਆ ਜਾ ਸਕਦਾ, ਨਾ ਹੀ ਤੇਰਾ ਕੋਈ (ਪਰਲੇ ਪਾਸੇ ਦਾ) ਕੰਢਾ ਹੈ, (ਇਸ ਲਈ ਤੈਨੂੰ) ਅਪਾਰ ਕਿਹਾ ਜਾਂਦਾ ਹੈ।

ਅਦ੍ਵੈ ਅਬਿਨਾਸੀ ਪਰਮ ਪੂਰਨ ਪ੍ਰਕਾਸੀ ਮਹਾ ਰੂਪ ਹੂੰ ਕੇ ਰਾਸੀ ਹੈਂ ਅਨਾਸੀ ਕੈ ਕੈ ਮਾਨੀਐ ॥

(ਤੂੰ) ਅਦ੍ਵੈਤ, ਅਵਿਨਾਸ਼ੀ, ਸ੍ਰੇਸ਼ਠ ਅਤੇ ਪੂਰਨ ਪ੍ਰਕਾਸ਼ ਵਾਲਾ ਹੈਂ, (ਤੂੰ) ਮਹਾਨ ਰੂਪ ਦਾ ਭੰਡਾਰ ਹੈਂ, (ਇਸ ਲਈ ਤੈਨੂੰ) ਨਾਸ-ਰਹਿਤ ਸਮਝਣਾ ਚਾਹੀਦਾ ਹੈ।

ਜੰਤ੍ਰ ਹੂੰ ਨ ਜਾਤ ਜਾ ਕੀ ਬਾਪ ਹੂੰ ਨ ਮਾਇ ਤਾ ਕੀ ਪੂਰਨ ਪ੍ਰਭਾ ਕੀ ਸੁ ਛਟਾ ਕੈ ਅਨੁਮਾਨੀਐ ॥

ਜਿਸ ਦਾ ਕੋਈ ਢਾਂਚਾ (ਯੰਤ੍ਰ) ਨਹੀਂ ਹੈ, ਨਾ ਜਾਤਿ ਹੈ, ਨਾ ਹੀ ਉਸ ਦਾ ਪਿਤਾ ਅਤੇ ਮਾਤਾ ਹੈ। (ਉਸ ਨੂੰ) ਪੂਰਨ ਜੋਤਿ ਹੀ ਝਲਕ ਅਨੁਮਾਨਣਾ ਚਾਹੀਦਾ ਹੈ।

ਤੇਜ ਹੂੰ ਕੋ ਤੰਤ੍ਰ ਹੈਂ ਕਿ ਰਾਜਸੀ ਕੋ ਜੰਤ੍ਰ ਹੈਂ ਕਿ ਮੋਹਨੀ ਕੋ ਮੰਤ੍ਰ ਹੈਂ ਨਿਜੰਤ੍ਰ ਕੈ ਕੈ ਜਾਨੀਐ ॥੬॥੨੫੮॥

(ਉਹ) ਤੇਜ ਦਾ ਤੰਤ੍ਰ ਹੈ, ਰਾਜਨੀਤੀ ਦਾ ਯੰਤ੍ਰ ਹੈ, ਜਾਂ ਮੋਹਿਤ ਕਰਨ ਵਾਲੀ ਸ਼ਕਤੀ ਦਾ ਮੰਤ੍ਰ ਹੈ, ਜਾਂ ਸਭ ਦੇ ਪ੍ਰੇਰਕ ਵਜੋਂ ਸਮਝਿਆ ਜਾਂਦਾ ਹੈ ॥੬॥੨੫੮॥

ਤੇਜ ਹੂੰ ਕੋ ਤਰੁ ਹੈਂ ਕਿ ਰਾਜਸੀ ਕੋ ਸਰੁ ਹੈਂ ਕਿ ਸੁਧਤਾ ਕੋ ਘਰੁ ਹੈਂ ਕਿ ਸਿਧਤਾ ਕੀ ਸਾਰ ਹੈਂ ॥

(ਹੇ ਪ੍ਰਭੂ! ਤੂੰ) ਤੇਜ ਦਾ ਮਹਾਨ ਬ੍ਰਿਛ ਹੈਂ, ਜਾਂ ਰਾਜਨੀਤੀ ਦਾ ਗਤਿਸ਼ੀਲ ਸਰੋਵਰ ਹੈਂ, ਜਾਂ ਸ਼ੁੱਧਤਾ ਦਾ ਘਰ ਹੈਂ ਜਾਂ ਸਿੱਧੀਆਂ ਦਾ ਸਾਰ-ਤੱਤ੍ਵ ਹੈਂ।

ਕਾਮਨਾ ਕੀ ਖਾਨ ਹੈਂ ਕਿ ਸਾਧਨਾ ਕੀ ਸਾਨ ਹੈਂ ਬਿਰਕਤਤਾ ਕੀ ਬਾਨ ਹੈਂ ਕਿ ਬੁਧਿ ਕੋ ਉਦਾਰ ਹੈਂ ॥

(ਤੂੰ) ਕਾਮਨਾ ਦੀ ਖਾਣ ਹੈਂ, ਜਾਂ ਸਾਧਨਾ ਦੀ ਸ਼ੋਭਾ ਹੈਂ, ਜਾਂ ਵੈਰਾਗ ਦਾ ਸੁਭਾ ਹੈਂ, ਜਾਂ ਉਦਾਰ ਬੁੱਧੀ ਵਾਲਾ ਹੈਂ।

ਸੁੰਦਰ ਸਰੂਪ ਹੈਂ ਕਿ ਭੂਪਨ ਕੋ ਭੂਪ ਹੈਂ ਕਿ ਰੂਪ ਹੂੰ ਕੋ ਰੂਪ ਹੈਂ ਕੁਮਤਿ ਕੋ ਪ੍ਰਹਾਰੁ ਹੈਂ ॥

(ਤੂੰ) ਸੁੰਦਰ ਸਰੂਪ ਵਾਲਾ ਹੈਂ, ਜਾਂ ਰਾਜਿਆਂ ਦਾ ਰਾਜਾ ਹੈਂ, ਜਾਂ ਰੂਪ ਦਾ ਵੀ ਰੂਪ ਹੈਂ, ਜਾਂ ਕੁਬੁੱਧੀ ਨੂੰ ਨਸ਼ਟ ਕਰਨ ਵਾਲਾ ਹੈਂ।

ਦੀਨਨ ਕੋ ਦਾਤਾ ਹੈਂ ਗਨੀਮਨ ਕੋ ਗਾਰਕ ਹੈਂ ਸਾਧਨ ਕੋ ਰਛਕ ਹੈਂ ਗੁਨਨ ਕੋ ਪਹਾਰੁ ਹੈਂ ॥੭॥੨੫੯॥

(ਤੂੰ) ਦੀਨਾਂ ਨੂੰ ਦੇਣ ਵਾਲਾ ਹੈਂ, ਜਾਂ ਵੈਰੀਆਂ ਨੂੰ ਨਸ਼ਟ ਕਰਨ ਵਾਲਾ ਹੈਂ ਜਾਂ ਸਾਧੂਆਂ ਦਾ ਰਖਿਅਕ ਹੈਂ, ਜਾਂ ਗੁਣਾਂ ਦਾ ਪਹਾੜ ਹੈਂ ॥੭॥੨੫੯॥

ਸਿਧ ਕੋ ਸਰੂਪ ਹੈਂ ਕਿ ਬੁਧਿ ਕੋ ਬਿਭੂਤਿ ਹੈਂ ਕਿ ਕ੍ਰੁਧ ਕੋ ਅਭੂਤ ਹੈਂ ਕਿ ਅਛੈ ਅਬਿਨਾਸੀ ਹੈਂ ॥

(ਤੂੰ) ਮੁਕਤੀ (ਸਿੱਧੀ) ਦਾ ਸਰੂਪ ਹੈਂ, ਜਾਂ ਬੁੱਧੀ ਦੀ ਸੰਪਦਾ ਹੈਂ, ਜਾਂ ਕ੍ਰੋਧ ਨੂੰ ਖ਼ਤਮ ਕਰਨ ਵਾਲਾ ਹੈਂ, ਜਾਂ ਅਮਰ ਅਤੇ ਅਵਿਨਾਸ਼ੀ ਹੈਂ।

ਕਾਮ ਕੋ ਕੁਨਿੰਦਾ ਹੈਂ ਕਿ ਖੂਬੀ ਕੋ ਦਹਿੰਦਾ ਹੈਂ ਗਨੀਮ ਕੋ ਗਰਿੰਦਾ ਹੈਂ ਕਿ ਤੇਜ ਕੋ ਪ੍ਰਕਾਸੀ ਹੈਂ ॥

(ਤੂੰ) ਕਾਰਜ ਕਰਨ ਵਾਲਾ ਹੈਂ, ਜਾਂ ਵਿਸ਼ਿਸ਼ਟਤਾ ਦੇਣ ਵਾਲਾ ਹੈਂ, ਜਾਂ ਵੈਰੀਆਂ ਨੂੰ ਗ਼ਰਕ ਕਰਨ ਵਾਲਾ ਹੈਂ, ਜਾਂ ਤੇਜ ਨੂੰ ਪ੍ਰਕਾਸ਼ਿਤ ਕਰਨ ਵਾਲਾ ਹੈਂ।

ਕਾਲ ਹੂੰ ਕੋ ਕਾਲ ਹੈਂ ਕਿ ਸਤ੍ਰਨ ਕੋ ਸਾਲ ਹੈਂ ਕਿ ਮਿਤ੍ਰਨ ਕੋ ਪੋਖਤ ਹੈਂ ਕਿ ਬ੍ਰਿਧਤਾ ਕੋ ਬਾਸੀ ਹੈਂ ॥

(ਤੂੰ) ਕਾਲ ਦਾ ਵੀ ਕਾਲ ਹੈਂ, ਜਾਂ ਵੈਰੀਆਂ ਨੂੰ ਦੁਖ ਦੇਣ ਵਾਲਾ ਹੈਂ, ਜਾਂ ਮਿਤਰਾਂ ਨੂੰ ਪੁਸ਼ਟ ਕਰਨ ਵਾਲਾ ਹੈਂ, ਜਾਂ ਵਾਧੇ (ਵਿਕਾਸ) ਦੀ ਖਾਣ ('ਬਾਸੀ') ਹੈਂ।

ਜੋਗ ਹੂੰ ਕੋ ਜੰਤ੍ਰ ਹੈਂ ਕਿ ਤੇਜ ਹੂੰ ਕੋ ਤੰਤ੍ਰ ਹੈਂ ਕਿ ਮੋਹਨੀ ਕੋ ਮੰਤ੍ਰ ਹੈਂ ਕਿ ਪੂਰਨ ਪ੍ਰਕਾਸੀ ਹੈਂ ॥੮॥੨੬੦॥

(ਤੂੰ) ਜੋਗ ਦਾ ਯੰਤ੍ਰ ਹੈਂ, ਜਾਂ ਤੇਜ ਦਾ ਤੰਤ੍ਰ ਹੈਂ, ਜਾਂ ਮੋਹਿਤ ਕਰ ਲੈਣ ਵਾਲਾ ਮੰਤ੍ਰ ਹੈਂ, ਜਾਂ ਪੂਰਨ ਪ੍ਰਕਾਸ਼ ਹੈਂ ॥੮॥੨੬੦॥

ਰੂਪ ਕੋ ਨਿਵਾਸ ਹੈਂ ਕਿ ਬੁਧਿ ਕੋ ਪ੍ਰਕਾਸ ਹੈਂ ਕਿ ਸਿਧਤਾ ਕੋ ਬਾਸ ਹੈਂ ਕਿ ਬੁਧਿ ਹੂੰ ਕੋ ਘਰੁ ਹੈਂ ॥

(ਤੂੰ) ਰੂਪ ਦਾ ਘਰ ਹੈਂ, ਜਾਂ ਬੁੱਧੀ ਦਾ ਪ੍ਰਕਾਸ਼ ਹੈਂ, ਜਾਂ ਮੁਕਤੀ ('ਸਿਧਤਾ') ਦਾ ਨਿਵਾਸ ਹੈਂ, ਜਾਂ ਬੁੱਧੀ ਦਾ ਠਿਕਾਣਾ ਹੈਂ।

ਦੇਵਨ ਕੋ ਦੇਵ ਹੈਂ ਨਿਰੰਜਨ ਅਭੇਵ ਹੈਂ ਅਦੇਵਨ ਕੋ ਦੇਵ ਹੈਂ ਕਿ ਸੁਧਤਾ ਕੋ ਸਰੁ ਹੈਂ ॥

(ਤੂੰ) ਦੇਵਤਿਆਂ ਦਾ ਦੇਵਤਾ ਹੈਂ, ਜਾਂ ਮਾਇਆ-ਰਹਿਤ ਅਤੇ ਭੇਦ-ਰਹਿਤ ਹੈਂ, ਜਾਂ ਦੈਂਤਾਂ (ਅਦੇਵਾਂ) ਦਾ ਵੀ ਦੇਵਤਾ ਹੈਂ, ਜਾਂ ਸ਼ੁੱਧਤਾ ਦਾ ਸਰੋਵਰ ਹੈਂ।

ਜਾਨ ਕੋ ਬਚਯਾ ਹੈਂ ਇਮਾਨ ਕੋ ਦਿਵਯਾ ਹੈਂ ਜਮ ਜਾਲ ਕੋ ਕਟਯਾ ਹੈਂ ਕਿ ਕਾਮਨਾ ਕੋ ਕਰੁ ਹੈਂ ॥

(ਤੂੰ ਭਗਤਾਂ ਦੀ) ਜਾਨ ਨੂੰ ਬਚਾਉਣ ਵਾਲਾ ਹੈਂ, ਜਾਂ ਈਮਾਨ ਨੂੰ ਦੇਣ ਵਾਲਾ ਹੈਂ, ਜਾਂ ਯਮ-ਕਾਲ ਨੂੰ ਕੱਟਣ ਵਾਲਾ ਹੈਂ, ਜਾਂ ਕਾਮਨਾਵਾਂ ਨੂੰ ਪੂਰਾ ਕਰਨ ਵਾਲਾ ਹੈਂ।

ਤੇਜ ਕੋ ਪ੍ਰਚੰਡ ਹੈਂ ਅਖੰਡਣ ਕੋ ਖੰਡ ਹੈਂ ਮਹੀਪਨ ਕੋ ਮੰਡ ਹੈਂ ਕਿ ਇਸਤ੍ਰੀ ਹੈਂ ਨ ਨਰੁ ਹੈਂ ॥੯॥੨੬੧॥

(ਤੂੰ) ਤੇਜ ਨੂੰ ਪ੍ਰਚੰਡ ਕਰਨ ਵਾਲਾ ਹੈਂ, ਜਾਂ ਨਾ ਖੰਡੇ ਜਾ ਸਕਣ ਵਾਲਿਆਂ ਨੂੰ ਖੰਡਿਤ ਕਰਨ ਵਾਲਾ ਹੈਂ, ਜਾਂ ਰਾਜਿਆਂ ਨੂੰ ਸਥਾਪਿਤ ਕਰਨ ਵਾਲਾ ਹੈਂ, ਜਾਂ ਨਾ ਇਸਤਰੀ ਹੈਂ ਨਾ ਪੁਰਸ਼ ॥੯॥੨੬੧॥

ਬਿਸ੍ਵ ਕੋ ਭਰਨ ਹੈਂ ਕਿ ਅਪਦਾ ਕੋ ਹਰਨ ਹੈਂ ਕਿ ਸੁਖ ਕੋ ਕਰਨ ਹੈਂ ਕਿ ਤੇਜ ਕੋ ਪ੍ਰਕਾਸ ਹੈਂ ॥

(ਤੂੰ) ਵਿਸ਼ਵ ਦਾ ਭਰਨ-ਪੋਸ਼ਣ ਕਰਨ ਵਾਲਾ ਹੈਂ, ਜਾਂ ਬਿਪਤਾ ਨੂੰ ਹਰਨ ਵਾਲਾ ਹੈਂ, ਜਾਂ ਸੁਖ ਦਾ ਕਾਰਨ ਰੂਪ ਹੈਂ ਜਾਂ ਤੇਜ ਦਾ ਪ੍ਰਕਾਸ਼ ਹੈਂ।

ਪਾਈਐ ਨ ਪਾਰ ਪਾਰਾਵਾਰ ਹੂੰ ਕੋ ਪਾਰ ਜਾਂ ਕੋ ਕੀਜਤ ਬਿਚਾਰ ਸੁਬਿਚਾਰ ਕੋ ਨਿਵਾਸ ਹੈਂ ॥

ਜਿਸ ਦਾ ਪਾਰ ਉਰਾਰ ਜਾਂ ਪਰਲਾ ਕੰਢਾ ਜਾਣਿਆ ਨਹੀਂ ਜਾ ਸਕਦਾ, ਜੇ ਵਿਚਾਰ ਕਰੀਏ ਤਾਂ (ਤੂੰ) ਵਿਚਾਰਾਂ ਦਾ ਵੀ ਘਰ ਹੈਂ।

ਹਿੰਗੁਲਾ ਹਿਮਾਲੈ ਗਾਵੈ ਹਬਸੀ ਹਲਬੀ ਧਿਆਵੈ ਪੂਰਬੀ ਨ ਪਾਰ ਪਾਵੈ ਆਸਾ ਤੇ ਅਨਾਸ ਹੈਂ ॥

ਹਿੰਗਲਾਜ ਅਤੇ ਹਿਮਾਲੇ (ਦੇ ਨਿਵਾਸੀ ਤੈਨੂੰ) ਗਾਉਂਦੇ ਹਨ, ਹਬਸ਼ੀ ਅਤੇ ਹਲਬੀ (ਹਲਬ-ਈਰਾਨ ਨਗਰ ਦੇ ਵਾਸੀ) ਧਿਆਉਂਦੇ ਹਨ, ਪੂਰਬ ਦੇ ਨਿਵਾਸੀਆਂ ਨੇ ਵੀ (ਤੇਰਾ) ਅੰਤ ਨਹੀਂ ਪਾਇਆ, (ਤੂੰ ਹਰ ਪ੍ਰਕਾਰ ਦੀਆਂ) ਆਸ਼ਾਵਾਂ ਤੋਂ ਰਹਿਤ ਹੈਂ।