ਅਕਾਲ ਉਸਤਤ

(ਅੰਗ: 52)


ਤ੍ਵ ਪ੍ਰਸਾਦਿ ॥ ਕਬਿਤ ॥

ਤੇਰੀ ਕ੍ਰਿਪਾ ਨਾਲ: ਕਬਿੱਤ:

ਅਤ੍ਰ ਕੇ ਚਲਯਾ ਛਿਤ੍ਰ ਛਤ੍ਰ ਕੇ ਧਰਯਾ ਛਤ੍ਰ ਧਾਰੀਓ ਕੇ ਛਲਯਾ ਮਹਾ ਸਤ੍ਰਨ ਕੇ ਸਾਲ ਹੈਂ ॥

ਹੇ ਪ੍ਰਭੂ! (ਤੂੰ) ਅਸਤ੍ਰਾਂ ਨੂੰ ਚਲਾਉਣ ਵਾਲਾ, ਧਰਤੀ ਦੇ ਛਤ੍ਰ ਨੂੰ ਧਾਰਨ ਕਰਨ ਵਾਲਾ, ਛਤ੍ਰ-ਧਾਰੀਆਂ (ਰਾਜਿਆਂ) ਨੂੰ ਛੱਲਣ ਵਾਲਾ ਅਤੇ ਪ੍ਰਬਲ ਵੈਰੀਆਂ ਨੂੰ ਸਲ੍ਹਣ ਵਾਲਾ ਹੈਂ।

ਦਾਨ ਕੇ ਦਿਵਯਾ ਮਹਾ ਮਾਨ ਕੇ ਬਢਯਾ ਅਵਸਾਨ ਕੇ ਦਿਵਯਾ ਹੈਂ ਕਟਯਾ ਜਮ ਜਾਲ ਹੈਂ ॥

(ਤੂੰ) ਦਾਨ ਦੇਣ ਵਾਲਾ, ਬਹੁਤ ਮਾਣ ਵਧਾਉਣ ਵਾਲਾ, ਹੋਸ਼-ਹਵਾਸ ਦੇਣ ਵਾਲਾ ਅਤੇ ਜਮਾਂ ਦਾ ਜਾਲ ਕੱਟਣ ਵਾਲਾ ਹੈਂ।

ਜੁਧ ਕੇ ਜਿਤਯਾ ਔ ਬਿਰੁਧ ਕੇ ਮਿਟਯਾ ਮਹਾਂ ਬੁਧਿ ਕੇ ਦਿਵਯਾ ਮਹਾਂ ਮਾਨ ਹੂੰ ਕੇ ਮਾਨ ਹੈਂ ॥

(ਤੂੰ) ਯੁੱਧ ਨੂੰ ਜਿਤਣ ਵਾਲਾ, ਵਿਰੋਧ ਨੂੰ ਮਿਟਾਉਣ ਵਾਲਾ, ਸ੍ਰੇਸ਼ਠ ਬੁੱਧੀ ਦੇਣ ਵਾਲਾ, ਮਹਾਨ ਮਾਨਾਂ ਦਾ ਵੀ ਮਾਨ ਹੈਂ।

ਗਿਆਨ ਹੂੰ ਕੇ ਗਿਆਤਾ ਮਹਾਂ ਬੁਧਿਤਾ ਕੇ ਦਾਤਾ ਦੇਵ ਕਾਲ ਹੂੰ ਕੇ ਕਾਲ ਮਹਾ ਕਾਲ ਹੂੰ ਕੇ ਕਾਲ ਹੈਂ ॥੧॥੨੫੩॥

(ਤੂੰ) ਗਿਆਨ ਨੂੰ ਜਾਣਨ ਵਾਲਾ, ਮਹਾਨ ਬੁੱਧੀ ਦੇਣ ਵਾਲਾ, ਕਾਲਾਂ ਦਾ ਕਾਲ ਅਤੇ ਮਹਾਕਾਲ ਦਾ ਵੀ ਕਾਲ ਹੈਂ ॥੧॥੨੫੩॥

ਪੂਰਬੀ ਨ ਪਾਰ ਪਾਵੈਂ ਹਿੰਗੁਲਾ ਹਿਮਾਲੈ ਧਿਆਵੈਂ ਗੋਰ ਗਰਦੇਜੀ ਗੁਨ ਗਾਵੈਂ ਤੇਰੇ ਨਾਮ ਹੈਂ ॥

ਪੂਰਵ ਦੇਸਾਂ ਦੇ ਨਿਵਾਸੀ (ਤੇਰਾ) ਅੰਤ ਨਹੀਂ ਪਾ ਸਕੇ, ਹਿੰਗਲਾਜ (ਮਕਰਾਨ ਇਲਾਕੇ ਦੇ ਨਿਵਾਸੀ) ਅਤੇ ਹਿਮਾਲੇ (ਦੇ ਨਿਵਾਸੀ) ਤੈਨੂੰ ਸਿਮਰਦੇ ਹਨ। ਗੋਰ ਅਤੇ ਗੁਰਦੇਜ਼ੀ (ਇਨ੍ਹਾਂ ਇਲਾਕਿਆਂ ਦੇ ਵਾਸੀ) ਤੇਰੇ ਨਾਮ ਦੇ ਗੁਣ ਗਾਉਂਦੇ ਹਨ;

ਜੋਗੀ ਜੋਗ ਸਾਧੈ ਪਉਨ ਸਾਧਨਾ ਕਿਤੇਕ ਬਾਧੈ ਆਰਬ ਕੇ ਆਰਬੀ ਅਰਾਧੈਂ ਤੇਰੇ ਨਾਮ ਹੈਂ ॥

ਜੋਗੀ (ਤੈਨੂੰ ਖੁਸ਼ ਕਰਨ ਲਈ) ਜੋਗ-ਸਾਧਨਾ ਕਰਦੇ ਹਨ, ਪ੍ਰਾਣਾਯਾਮ (ਪੌਣ ਦੀ ਸਾਧਨਾ) ਵਿਚ ਕਿਤਨੇ ਕੁ ਲਗੇ ਹੋਏ ਹਨ ਅਤੇ ਅਰਬ ਦੇਸ਼ ਦੇ ਅਰਬੀ ਲੋਕ ਤੇਰੇ ਨਾਮ ਦੀ ਆਰਾਧਨਾ ਕਰਦੇ ਹਨ।

ਫਰਾ ਕੇ ਫਿਰੰਗੀ ਮਾਨੈਂ ਕੰਧਾਰੀ ਕੁਰੇਸੀ ਜਾਨੈਂ ਪਛਮ ਕੇ ਪਛਮੀ ਪਛਾਨੈਂ ਨਿਜ ਕਾਮ ਹੈਂ ॥

ਫਰਾਂਸ ਦੇਸ਼ ਦੇ ਫਰਾਂਸੀਸੀ (ਤੈਨੂੰ) ਮੰਨਦੇ ਹਨ, ਕੰਧਾਰੀ ਅਤੇ ਕੁਰੇਸ਼ੀ ਵੀ (ਤੈਨੂੰ) ਜਾਣਦੇ ਹਨ ਅਤੇ ਪੱਛਮ ਦਿਸ਼ਾ ਦੇ ਪੱਛਮੀ (ਲੋਕ ਵੀ ਤੇਰੇ ਨਾਮ ਦੀ ਆਰਾਧਨਾ ਨੂੰ ਹੀ) ਆਪਣਾ ਕਰਤੱਵ ਸਮਝਦੇ ਹਨ।

ਮਰਹਟਾ ਮਘੇਲੇ ਤੇਰੀ ਮਨ ਸੋਂ ਤਪਸਿਆ ਕਰੈ ਦ੍ਰਿੜਵੈ ਤਿਲੰਗੀ ਪਹਚਾਨੈ ਧਰਮ ਧਾਮ ਹੈਂ ॥੨॥੨੫੪॥

ਮਹਾਰਾਸ਼ਟਰ ਦੇ ਨਿਵਾਸੀ, ਮਗਧ ਦੇਸ਼ ਦੇ ਵਾਸੀ ਮਨ ਤੋਂ ਤੇਰੀ ਤਪਸਿਆ ਕਰਦੇ ਹਨ; ਦ੍ਰਾਵਿੜ ਅਤੇ ਤਿਲੰਗ ਦੇਸ਼ ਦੇ ਵਾਸੀ (ਵੀ ਤੈਨੂੰ) ਧਰਮ ਧਾਮ ਵਜੋਂ ਪਛਾਣਦੇ ਹਨ ॥੨॥੨੫੪॥

ਬੰਗ ਕੇ ਬੰਗਾਲੀ ਫਿਰਹੰਗ ਕੇ ਫਿਰੰਗਾ ਵਾਲੀ ਦਿਲੀ ਕੇ ਦਿਲਵਾਲੀ ਤੇਰੀ ਆਗਿਆ ਮੈ ਚਲਤ ਹੈਂ ॥

ਬੰਗਾਲ ਪ੍ਰਦੇਸ਼ ਦੇ ਬੰਗਾਲੀ, ਫਿਰੰਗ ਦੇਸ਼ ਦੇ ਫਰੰਗੀ ਅਤੇ ਦਿੱਲੀ ਦੇ ਦਿਲਵਾਲੀ (ਆਦਿ ਸਾਰੇ) ਤੇਰੀ ਆਗਿਆ ਵਿਚ ਚਲਦੇ ਹਨ।

ਰੋਹ ਕੇ ਰੁਹੇਲੇ ਮਾਘ ਦੇਸ ਕੇ ਮਘੇਲੇ ਬੀਰ ਬੰਗ ਸੀ ਬੁੰਦੇਲੇ ਪਾਪ ਪੁੰਜ ਕੋ ਮਲਤ ਹੈਂ ॥

ਰੁਹੇਲ ਖੰਡ ਦੇ ਰੁਹੇਲੇ, ਮਗਧ ਪ੍ਰਦੇਸ਼ ਦੇ ਮਘੇਲੇ, ਬੰਗਾਲੀ ਤੇ ਬੁੰਦੇਲ ਖੰਡ ਦੇ ਯੁੱਧ ਵੀਰ (ਤੇਰਾ ਨਾਮ ਜਪਦੇ ਹੋਏ) ਪਾਪਾਂ ਦੇ ਸਮੁੱਚ ਨੂੰ ਨਸ਼ਟ ਕਰ ਦਿੰਦੇ ਹਨ।

ਗੋਖਾ ਗੁਨ ਗਾਵੈ ਚੀਨ ਮਚੀਨ ਕੇ ਸੀਸ ਨ੍ਯਾਵੈ ਤਿਬਤੀ ਧਿਆਇ ਦੋਖ ਦੇਹ ਕੇ ਦਲਤ ਹੈਂ ॥

ਗੋਰਖੇ (ਤੇਰਾ) ਗੁਣ ਗਾਉਂਦੇ ਹਨ; ਚੀਨ ਅਤੇ ਮਚੀਨ ਦੇ ਨਿਵਾਸੀ (ਤੈਨੂੰ) ਸਿਰ ਝੁਕਾਉਂਦੇ ਹਨ ਅਤੇ ਤਿਬਤੀ ਲੋਕ ਵੀ (ਤੇਰੀ) ਆਰਾਧਨਾ ਕਰ ਕੇ ਆਪਣੇ ਸ਼ਰੀਰ ਦੇ ਦੋਖਾਂ ਨੂੰ ਨਸ਼ਟ ਕਰਦੇ ਹਨ।

ਜਿਨੈ ਤੋਹਿ ਧਿਆਇਓ ਤਿਨੈ ਪੂਰਨ ਪ੍ਰਤਾਪ ਪਾਇਓ ਸਰਬ ਧਨ ਧਾਮ ਫਲ ਫੂਲ ਸੋਂ ਫਲਤ ਹੈਂ ॥੩॥੨੫੫॥

ਜਿਨ੍ਹਾਂ ਨੇ (ਹੇ ਪ੍ਰਭੂ!) ਤੈਨੂੰ ਜਪਿਆ ਹੈ, ਉਨ੍ਹਾਂ ਨੇ (ਤੇਰਾ) ਪੂਰਾ ਪ੍ਰਤਾਪ ਪਾ ਲਿਆ ਹੈ ਅਤੇ ਉਨ੍ਹਾਂ ਦਾ ਘਰ ਬਾਹਰ ਫੁਲਾਂ ਫਲਾਂ ਅਤੇ ਧਨ ਨਾਲ ਭਰਪੂਰ ਹੋ ਗਿਆ ਹੈ ॥੩॥੨੫੫॥

ਦੇਵ ਦੇਵਤਾਨ ਕੌ ਸੁਰੇਸ ਦਾਨਵਾਨ ਕੌ ਮਹੇਸ ਗੰਗ ਧਾਨ ਕੌ ਅਭੇਸ ਕਹੀਅਤੁ ਹੈਂ ॥

(ਤੂੰ) ਦੇਵਿਤਿਆਂ (ਨੂੰ ਸਿਖਿਆ ਦੇਣ ਲਈ) ਬ੍ਰਹਸਪਤੀ, ਦੈਂਤਾਂ (ਨੂੰ ਮਾਰਨ ਲਈ) ਇੰਦਰ, ਗੰਗਾ ਨੂੰ ਧਾਰਨ ਕਰਨ ਲਈ ਸ਼ਿਵ ਬਣ ਜਾਂਦਾ ਹੈਂ, (ਤੈਨੂੰ) ਉਂਜ ਭੇਸ-ਰਹਿਤ ਹੀ ਕਿਹਾ ਜਾਂਦਾ ਹੈ।

ਰੰਗ ਮੈਂ ਰੰਗੀਨ ਰਾਗ ਰੂਪ ਮੈਂ ਪ੍ਰਬੀਨ ਔਰ ਕਾਹੂ ਪੈ ਨ ਦੀਨ ਸਾਧ ਅਧੀਨ ਕਹੀਅਤੁ ਹੈਂ ॥

(ਤੂੰ) ਰੰਗ ਵਿਚ ਰੰਗਤ ਹੈਂ, ਰਾਗ ਰੂਪ ਵਿਚ ਬਹੁਤ ਪ੍ਰਬੀਨ ਹੈਂ ਅਤੇ ਕਿਸੇ ਦੇ ਅਧੀਨ ਨਹੀਂ ਹੈਂ, ਪਰ ਸੰਤਾਂ ਦੇ ਵਸ ਵਿਚ ਦਸਿਆ ਜਾਂਦਾ ਹੈ।

ਪਾਈਐ ਨ ਪਾਰ ਤੇਜ ਪੁੰਜ ਮੈਂ ਅਪਾਰ ਸਰਬ ਬਿਦਿਆ ਕੇ ਉਦਾਰ ਹੈਂ ਅਪਾਰ ਕਹੀਅਤੁ ਹੈਂ ॥

(ਤੇਰਾ) ਪਾਰ ਨਹੀਂ ਪਾਇਆ ਜਾ ਸਕਦਾ, (ਤੂੰ) ਅਪਾਰ ਤੇਜ ਦਾ ਸਮੁੱਚ ਹੈਂ, ਸਾਰੀ ਵਿਦਿਆ ਦਾ ਉਦਾਰ (ਸੁਆਮੀ) ਹੈਂ, ਅਤੇ (ਤੈਨੂੰ) ਅਪਾਰ ਕਿਹਾ ਜਾਂਦਾ ਹੈ।

ਹਾਥੀ ਕੀ ਪੁਕਾਰ ਪਲ ਪਾਛੈ ਪਹੁਚਤ ਤਾਹਿ ਚੀਟੀ ਕੀ ਚਿੰਘਾਰ ਪਹਿਲੇ ਹੀ ਸੁਨੀਅਤੁ ਹੈਂ ॥੪॥੨੫੬॥

(ਤੇਰੇ ਕੋਲ) ਹਾਥੀ ਦੀ ਚਿੰਘਾੜ ਪਲ ਭਰ ਬਾਦ ਪਹੁੰਚਦੀ ਹੈ, ਪਰ ਕੀੜੀ ਦੀ ਪੁਕਾਰ ਪਹਿਲਾਂ ਸੁਣੀ ਜਾਂਦੀ ਹੈ ॥੪॥੨੫੬॥

ਕੇਤੇ ਇੰਦ੍ਰ ਦੁਆਰ ਕੇਤੇ ਬ੍ਰਹਮਾ ਮੁਖ ਚਾਰ ਕੇਤੇ ਕ੍ਰਿਸਨਾ ਅਵਤਾਰ ਕੇਤੇ ਰਾਮ ਕਹੀਅਤੁ ਹੈਂ ॥

(ਤੇਰੇ) ਦੁਆਰ ਉਤੇ ਕਿਤਨੇ ਇੰਦਰ, ਕਿਤਨੇ ਹੀ ਚਾਰ ਮੁਖਾਂ ਵਾਲੇ ਬ੍ਰਹਮੇ, ਕਿਤਨੇ ਹੀ ਕ੍ਰਿਸ਼ਨ ਅਵਤਾਰ ਅਤੇ ਕਿਤਨੇ ਹੀ ਰਾਮ ਅਵਤਾਰ (ਖੜੋਤੇ) ਦਸੇ ਜਾਂਦੇ ਹਨ।

ਕੇਤੇ ਸਸਿ ਰਾਸੀ ਕੇਤੇ ਸੂਰਜ ਪ੍ਰਕਾਸੀ ਕੇਤੇ ਮੁੰਡੀਆ ਉਦਾਸੀ ਜੋਗ ਦੁਆਰ ਦਹੀਅਤੁ ਹੈਂ ॥

ਕਿਤਨੇ ਹੀ ਚੰਦ੍ਰਮੇ (ਅਤੇ ਉਨ੍ਹਾਂ ਦੀਆਂ) ਰਾਸ਼ੀਆਂ, ਕਿਤਨੇ ਹੀ ਪ੍ਰਕਾਸ਼ ਕਰਨ ਵਾਲੇ ਸੂਰਜ, ਕਿਤਨੇ ਹੀ ਉਦਾਸੀ, ਸੰਨਿਆਸੀ, ਜੋਗੀ (ਤੇਰੇ) ਦੁਆਰ (ਉਤੇ ਬੈਠੇ) ਧੂਣੀ ਬਾਲ ਰਹੇ ਹਨ।

ਕੇਤੇ ਮਹਾਦੀਨ ਕੇਤੇ ਬਿਆਸ ਸੇ ਪ੍ਰਬੀਨ ਕੇਤੇ ਕੁਮੇਰ ਕੁਲੀਨ ਕੇਤੇ ਜਛ ਕਹੀਅਤੁ ਹੈਂ ॥

ਕਿਤਨੇ ਹੀ ਮੁਹੰਮਦ (ਮਹਾਦੀਨ) ਹਨ, ਕਿਤਨੇ ਹੀ ਵਿਆਸ ਵਰਗੇ ਨਿਪੁਣ ਹਨ, ਕਿਤਨੇ ਹੀ ਕੁਬੇਰੇ, ਕਿਤਨੇ ਹੀ ਕੁਲੀਨ ਅਤੇ ਕਿਤਨੇ ਹੀ ਯਕਸ਼ ਅਖਵਾਉਂਦੇ ਹਨ।