ਅਕਾਲ ਉਸਤਤ

(ਅੰਗ: 51)


ਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਬਹੁ ਭਾਂਤਿ ਬਚਾਵੈ ॥

(ਉਹ) ਰੋਗਾਂ ਤੋਂ, ਸੋਗਾਂ ਤੋਂ, ਜਲ ਦੇ ਜੀਵ-ਜੰਤੂਆਂ ਤੋਂ ਅਨੇਕ ਢੰਗਾਂ ਨਾਲ ਬਚਾਉਂਦਾ ਹੈ।

ਸਤ੍ਰ ਅਨੇਕ ਚਲਾਵਤ ਘਾਵ ਤਊ ਤਨ ਏਕ ਨ ਲਾਗਨ ਪਾਵੈ ॥

ਵੈਰੀ ਅਨੇਕ ਵਾਰ (ਹਥਿਆਰ) ਚਲਾਵੇ, (ਪਰ) ਤਾਂ ਵੀ ਉਸ ਦੇ ਸ਼ਰੀਰ ਉਤੇ ਇਕ ਨਹੀਂ ਲਗ ਸਕਦਾ।

ਰਾਖਤ ਹੈ ਅਪਨੋ ਕਰ ਦੈ ਕਰ ਪਾਪ ਸੰਬੂਹ ਨ ਭੇਟਨ ਪਾਵੈ ॥

(ਉਹ ਸਭ ਨੂੰ) ਆਪਣਾ ਹੱਥ ਦੇ ਕੇ ਰਖਦਾ ਹੈ ਅਤੇ ਸਾਰੇ ਪਾਪ ਉਸ ਤਕ ਪਹੁੰਚ ਹੀ ਨਹੀਂ ਸਕਦੇ।

ਔਰ ਕੀ ਬਾਤ ਕਹਾ ਕਹ ਤੋ ਸੌ ਸੁ ਪੇਟ ਹੀ ਕੇ ਪਟ ਬੀਚ ਬਚਾਵੈ ॥੬॥੨੪੮॥

(ਹੇ ਜਿਗਿਆਸੂ!) ਤੈਨੂੰ ਹੋਰਾਂ ਦੀ ਗੱਲ ਕੀ ਕਹਾਂ, ਉਹ (ਮਾਤਾ ਦੇ) ਪੇਟ ਵਿਚ ਗਰਭ ਦੌਰਾਨ ਵੀ ਬਚਾਉਂਦਾ ਹੈ ॥੬॥੨੪੮॥

ਜਛ ਭੁਜੰਗ ਸੁ ਦਾਨਵ ਦੇਵ ਅਭੇਵ ਤੁਮੈ ਸਭ ਹੀ ਕਰ ਧਿਆਵੈ ॥

(ਹੇ ਪ੍ਰਭੂ!) ਯਕਸ਼, ਸੱਪ, ਦੈਂਤ ਅਤੇ ਦੇਵਤੇ ਆਦਿ ਸਾਰੇ ਤੁਹਾਨੂੰ ਅਭੇਦ ਕਰ ਕੇ ਧਿਆਉਂਦੇ ਹਨ।

ਭੂਮਿ ਅਕਾਸ ਪਤਾਲ ਰਸਾਤਲ ਜਛ ਭੁਜੰਗ ਸਭੈ ਸਿਰ ਨਿਆਵੈ ॥

ਭੂਮੀ, ਆਕਾਸ਼, ਪਾਤਾਲ, ਰਸਾਤਲ ਆਦਿ (ਵਿਚ ਵਸਣ ਵਾਲੇ ਸਾਰੇ ਜੀਵ) ਅਤੇ ਯਕਸ਼, ਸੱਪ ਆਦਿ ਸਾਰੇ (ਤੈਨੂੰ) ਸੀਸ ਨਿਵਾਉਂਦੇ ਹਨ।

ਪਾਇ ਸਕੈ ਨਹੀ ਪਾਰ ਪ੍ਰਭਾ ਹੂ ਕੋ ਨੇਤ ਹੀ ਨੇਤਹ ਬੇਦ ਬਤਾਵੈ ॥

ਕੋਈ ਵੀ (ਤੇਰੀ) ਪ੍ਰਭੁਤਾ ਦਾ ਪਾਰ ਨਹੀਂ ਪਾ ਸਕਦਾ ਅਤੇ ਵੇਦ ਵੀ (ਤੈਨੂੰ) ਬੇਅੰਤ ਬੇਅੰਤ ਕਹਿੰਦੇ ਹਨ।

ਖੋਜ ਥਕੇ ਸਭ ਹੀ ਖੁਜੀਆ ਸੁਰ ਹਾਰ ਪਰੇ ਹਰਿ ਹਾਥ ਨ ਆਵੈ ॥੭॥੨੪੯॥

ਸਾਰੇ ਖੋਜੀ ਦੇਵਤੇ ਖੋਜ ਕਰਦੇ ਥਕ ਗਏ, ਹਾਰ ਗਏ, (ਪਰ) ਪ੍ਰਭੂ ਕਿਸੇ ਦੇ ਵੀ (ਹੱਥ) ਨਹੀਂ ਆਇਆ ॥੭॥੨੪੯॥

ਨਾਰਦ ਸੇ ਚਤੁਰਾਨਨ ਸੇ ਰੁਮਨਾ ਰਿਖ ਸੇ ਸਭ ਹੂੰ ਮਿਲਿ ਗਾਇਓ ॥

ਨਾਰਦ ਵਰਗਿਆਂ, ਬ੍ਰਹਮਾ ਜਿਹਿਆਂ, ਰੋਮਹਰਸ਼ਣ ਰਿਸ਼ੀ ਵਰਗਿਆਂ ਸਭਨਾਂ ਨੇ ਮਿਲ ਕੇ ਯਸ਼ ਗਾਇਆ ਹੈ।

ਬੇਦ ਕਤੇਬ ਨ ਭੇਦ ਲਖਿਓ ਸਭ ਹਾਰ ਪਰੇ ਹਰਿ ਹਾਥ ਨ ਆਇਓ ॥

ਵੇਦਾਂ, ਕਤੇਬਾਂ (ਦੇ ਪੜ੍ਹਨ ਵਾਲਿਆਂ ਨੇ) ਉਸ ਨੂੰ ਵੇਖਿਆ ਨਹੀਂ। ਸਭ (ਯਤਨ ਕਰ ਕਰ ਕੇ) ਹਾਰ ਗਏ ਹਨ, ਪਰ ਪਰਮਾਤਮਾ ਕਿਸੇ ਦੇ ਵੀ ਹੱਥ ਨਹੀਂ ਆਇਆ।

ਪਾਇ ਸਕੈ ਨਹੀ ਪਾਰ ਉਮਾਪਤਿ ਸਿਧ ਸਨਾਥ ਸਨੰਤਨ ਧਿਆਇਓ ॥

(ਉਸ ਦਾ) ਅੰਤ ਸ਼ਿਵ ਵੀ ਪ੍ਰਾਪਤ ਨਹੀਂ ਕਰ ਸਕਿਆ, ਸਿੱਧਾਂ, ਨਾਥਾਂ ਸਹਿਤ ਬ੍ਰਹਮਾ-ਪੁੱਤਰਾਂ ਨੇ ਵੀ ਸਿਮਰਨ ਕੀਤਾ ਹੈ।

ਧਿਆਨ ਧਰੋ ਤਿਹ ਕੋ ਮਨ ਮੈਂ ਜਿਹ ਕੋ ਅਮਿਤੋਜਿ ਸਭੈ ਜਗੁ ਛਾਇਓ ॥੮॥੨੫੦॥

(ਹੇ ਪ੍ਰਾਣੀ!) ਉਸ ਦਾ ਮਨ ਵਿਚ ਧਿਆਨ ਧਰੋ ਕਿਉਂਕਿ ਉਸ ਦਾ ਅਮਿਤ ਤੇਜ ਸਾਰੇ ਜਗਤ ਵਿਚ ਪਸਰਿਆ ਹੋਇਆ ਹੈ ॥੮॥੨੫੦॥

ਬੇਦ ਪੁਰਾਨ ਕਤੇਬ ਕੁਰਾਨ ਅਭੇਦ ਨ੍ਰਿਪਾਨ ਸਭੈ ਪਚ ਹਾਰੇ ॥

ਵੇਦ, ਪੁਰਾਣ, ਕਤੇਬ, ਕੁਰਾਨ ਅਤੇ ਰਾਜੇ ਨਾ ਭੇਦੇ ਜਾ ਸਕਣ ਵਾਲੇ ਪਰਮਾਤਮਾ (ਨੂੰ ਪ੍ਰਾਪਤ ਕਰਨ ਦਾ ਯਤਨ ਕਰਦੇ ਰਹੇ ਪਰ) ਥਕ ਗਏ।

ਭੇਦ ਨ ਪਾਇ ਸਕਿਓ ਅਨਭੇਦ ਕੋ ਖੇਦਤ ਹੈ ਅਨਛੇਦ ਪੁਕਾਰੇ ॥

ਉਸ ਅਭੇਦ ਪਰਮਾਤਮਾ ਦੇ ਭੇਦ ਨੂੰ ਪ੍ਰਾਪਤ ਨਾ ਕਰ ਸਕੇ, ਉਹ ਦੁਖੀ ਹੋ ਕੇ (ਉਸ ਪਰਮ ਸੱਤਾ ਨੂੰ) 'ਅਛੇਦ' (ਨਾਂ ਨਾਲ) ਯਾਦ ਕਰਦੇ ਹਨ।

ਰਾਗ ਨ ਰੂਪ ਨ ਰੇਖ ਨ ਰੰਗ ਨ ਸਾਕ ਨ ਸੋਗ ਨ ਸੰਗਿ ਤਿਹਾਰੇ ॥

(ਜਿਸ ਦਾ) ਨਾ ਰਾਗ ਹੈ, ਨਾ ਰੂਪ-ਰੇਖਾ ਹੈ, ਨਾ ਕੋਈ ਰੰਗ ਹੈ, ਨਾ ਸਾਕ ਹੈ, ਨਾ ਸੋਗ ਹੈ, ਉਹ ਪ੍ਰਭੂ ਸਦਾ ਤੇਰੇ ਸੰਗ ਹੈ।

ਆਦਿ ਅਨਾਦਿ ਅਗਾਧ ਅਭੇਖ ਅਦ੍ਵੈਖ ਜਪਿਓ ਤਿਨ ਹੀ ਕੁਲ ਤਾਰੇ ॥੯॥੨੫੧॥

(ਜੋ) ਆਦਿ, ਅਨਾਦਿ, ਅਗਾਧ, ਅਭੇਖ, ਅਦ੍ਵੈਸ਼ (ਪ੍ਰਭੂ) ਨੂੰ ਜਪਦਾ ਹੈ, ਉਹ ਆਪਣੀ ਕੁਲ ਹੀ ਤਾਰ ਲੈਂਦਾ ਹੈ ॥੯॥੨੫੧॥

ਤੀਰਥ ਕੋਟ ਕੀਏ ਇਸਨਾਨ ਦੀਏ ਬਹੁ ਦਾਨ ਮਹਾ ਬ੍ਰਤ ਧਾਰੇ ॥

(ਕੋਈ ਜਿਗਿਆਸੂ ਭਾਵੇਂ) ਕਰੋੜਾਂ ਤੀਰਥਾਂ ਦਾ ਇਸ਼ਨਾਨ ਕਰੇ, ਬਹੁਤ ਦਾਨ ਦੇਵੇ ਅਤੇ ਮਹਾਨ ਬ੍ਰਤ ਧਾਰਨ ਕਰੇ;

ਦੇਸ ਫਿਰਿਓ ਕਰ ਭੇਸ ਤਪੋਧਨ ਕੇਸ ਧਰੇ ਨ ਮਿਲੇ ਹਰਿ ਪਿਆਰੇ ॥

ਤਪਸਵੀਆਂ ਵਾਲਾ ਭੇਖ ਧਾਰ ਕੇ ਦੇਸ-ਦੇਸਾਂਤਰਾਂ ਵਿਚ ਫਿਰਦਾ ਰਹੇ, ਕੇਸ (ਜਟਾਵਾਂ) ਧਾਰਨ ਕਰ ਲਏ, (ਪਰ ਤਾਂ ਵੀ) ਪਿਆਰਾ ਹਰਿ ਨਹੀਂ ਮਿਲਦਾ;

ਆਸਨ ਕੋਟ ਕਰੇ ਅਸਟਾਂਗ ਧਰੇ ਬਹੁ ਨਿਆਸ ਕਰੇ ਮੁਖ ਕਾਰੇ ॥

ਕਰੋੜਾਂ ਆਸਨ ਕਰੇ, ਜੋਗ ਦੇ ਅੱਠ ਅੰਗ ਧਾਰਨ ਕਰੇ, ਬਹੁਤ ਤਿਆਗ ਕਰੇ ਅਤੇ (ਦੀਵਾਨੇ ਸਾਧੂਆਂ ਵਾਂਗ) ਮੂੰਹ ਕਾਲੇ ਕਰੇ;

ਦੀਨ ਦਇਆਲ ਅਕਾਲ ਭਜੇ ਬਿਨੁ ਅੰਤ ਕੋ ਅੰਤ ਕੇ ਧਾਮ ਸਿਧਾਰੇ ॥੧੦॥੨੫੨॥

(ਪਰ) ਦੀਨ-ਦਿਆਲ, ਅਕਾਲ ਸਰੂਪ ਵਾਲੇ ਪਰਮਾਤਮਾ ਨੂੰ ਭਜੇ ਬਿਨਾ (ਉਹ) ਅੰਤ ਨੂੰ ਯਮਰਾਜ ਦੇ ਘਰ ਜਾਂਦੇ ਹਨ ॥੧੦॥੨੫੨॥