ਅਕਾਲ ਉਸਤਤ

(ਅੰਗ: 50)


ਦੀਨਨ ਕੀ ਪ੍ਰਤਿਪਾਲ ਕਰੈ ਨਿਤ ਸੰਤ ਉਬਾਰ ਗਨੀਮਨ ਗਾਰੈ ॥

(ਉਹ ਪ੍ਰਭੂ) ਦੀਨਾਂ-ਦੁਖੀਆਂ ਦੀ ਸਦਾ ਪ੍ਰਤਿਪਾਲਨਾ ਕਰਦਾ ਹੈ, ਸੰਤਾਂ ਨੂੰ ਉਬਾਰਦਾ ਹੈ ਅਤੇ ਅਤਿਆਚਾਰੀਆਂ ਦਾ ਵਿਨਾਸ਼ ਕਰਦਾ ਹੈ।

ਪਛ ਪਸੂ ਨਗ ਨਾਗ ਨਰਾਧਪ ਸਰਬ ਸਮੈ ਸਭ ਕੋ ਪ੍ਰਤਿਪਾਰੈ ॥

ਪੰਛੀਆਂ, ਪਸ਼ੂਆਂ, ਪਹਾੜਾਂ, ਸੱਪਾਂ ਅਤੇ ਰਾਜਿਆਂ ਦੀ ਸਭ ਵੇਲੇ ਪ੍ਰਤਿਪਾਲਨਾ ਕਰਦਾ ਹੈ।

ਪੋਖਤ ਹੈ ਜਲ ਮੈ ਥਲ ਮੈ ਪਲ ਮੈ ਕਲ ਕੇ ਨਹੀਂ ਕਰਮ ਬਿਚਾਰੈ ॥

(ਜੋ) ਜਲ-ਥਲ (ਵਿਚਲੇ ਜੀਵਾਂ) ਦਾ ਪਲ ਵਿਚ ਹੀ ਪਾਲਣ ਪੋਸ਼ਣ ਕਰਦਾ ਹੈ ਅਤੇ ਕਲਿ-ਕਾਲ (ਵਿਚ ਹੋਣ ਵਾਲਿਆਂ ਦਾ) ਕਰਮ ਨਹੀਂ ਵਿਚਾਰਦਾ।

ਦੀਨ ਦਇਆਲ ਦਇਆ ਨਿਧਿ ਦੋਖਨ ਦੇਖਤ ਹੈ ਪਰ ਦੇਤ ਨ ਹਾਰੈ ॥੧॥੨੪੩॥

ਉਹ ਦੀਨ-ਦਿਆਲ, ਦਇਆ ਦਾ ਸਮੁੰਦਰ, ਦੋਖਾਂ ਨੂੰ ਦੇਖ ਕੀ ਵੀ ਦੇਣੋ ਸੰਕੋਚ ਨਹੀਂ ਕਰਦਾ ॥੧॥੨੪੩॥

ਦਾਹਤ ਹੈ ਦੁਖ ਦੋਖਨ ਕੌ ਦਲ ਦੁਜਨ ਕੇ ਪਲ ਮੈ ਦਲ ਡਾਰੈ ॥

ਦੁਖਾਂ ਅਤੇ ਦੋਖਾਂ ਨੂੰ ਸਾੜਦਾ ਹੈ ਅਤੇ ਦੁਰਜਨਾਂ ਦੇ ਦਲਾਂ ਨੂੰ ਪਲ ਭਰ ਵਿਚ ਦਲਮਲ ਦਿੰਦਾ ਹੈ।

ਖੰਡ ਅਖੰਡ ਪ੍ਰਚੰਡ ਪਹਾਰਨ ਪੂਰਨ ਪ੍ਰੇਮ ਕੀ ਪ੍ਰੀਤ ਸਭਾਰੈ ॥

ਜੋ ਨਾ ਖੰਡੇ ਜਾ ਸਕਣ ਵਾਲਿਆਂ ਦਾ ਨਾਸ਼ ਕਰਨ ਵਾਲਾ, ਪ੍ਰਚੰਡ ਤੇਜ ਵਾਲਿਆਂ ਉਤੇ ਪ੍ਰਹਾਰ ਕਰਨ ਵਾਲਾ ਅਤੇ ਨਿਸ਼ਕਾਮ ਪ੍ਰੇਮ ਦੀ ਪ੍ਰੀਤ ਨੂੰ ਪਾਲਣ ਵਾਲਾ ਹੈ।

ਪਾਰ ਨ ਪਾਇ ਸਕੈ ਪਦਮਾਪਤਿ ਬੇਦ ਕਤੇਬ ਅਭੇਦ ਉਚਾਰੈ ॥

(ਜਿਸ ਦਾ) ਪਾਰ ਵਿਸ਼ਣੂ ਨਹੀਂ ਪਾ ਸਕਦਾ ਅਤੇ ਵੇਦ-ਕਤੇਬ (ਉਸ ਨੂੰ) ਅਭੇਦ (ਜਿਸ ਦਾ ਰਹੱਸ ਨਾ ਸਮਝਿਆ ਜਾ ਸਕੇ) ਕਹਿੰਦੇ ਹਨ।

ਰੋਜੀ ਹੀ ਰਾਜ ਬਿਲੋਕਤ ਰਾਜਕ ਰੋਖ ਰੂਹਾਨ ਕੀ ਰੋਜੀ ਨ ਟਾਰੈ ॥੨॥੨੪੪॥

ਹਰ ਰੋਜ਼ ਪਰਮਾਤਮਾ ਸਾਡੇ ਗੁਪਤ ਭੇਦਾਂ ਨੂੰ ਵੇਖਦਾ ਹੈ, ਪਰ ਗੁੱਸੇ ਵਿਚ ਆ ਕੇ ਜੀਵਾਂ ਦੀ ਰੋਜ਼ੀ ਬੰਦ ਨਹੀਂ ਕਰਦਾ ॥੨॥੨੪੪॥

ਕੀਟ ਪਤੰਗ ਕੁਰੰਗ ਭੁਜੰਗਮ ਭੂਤ ਭਵਿਖ ਭਵਾਨ ਬਨਾਏ ॥

(ਜਿਸ ਨੇ) ਕੀੜੇ, ਪਤੰਗੇ, ਹਿਰਨ, ਸੱਪ, ਭੂਤਕਾਲ, ਵਰਤਮਾਨ ਕਾਲ ਅਤੇ ਭਵਿਸ਼ਤ ਕਾਲ ਬਣਾਏ ਹਨ;

ਦੇਵ ਅਦੇਵ ਖਪੇ ਅਹੰਮੇਵ ਨ ਭੇਵ ਲਖਿਓ ਭ੍ਰਮ ਸਿਓ ਭਰਮਾਏ ॥

ਦੇਵਤੇ ਅਤੇ ਦੈਂਤ ਹੰਕਾਰ ਕਾਰਨ ਖੱਪ ਗਏ, (ਕਿਸੇ ਨੇ ਉਸਦਾ) ਭੇਦ ਨਾ ਪਾਇਆ, (ਉਹ) ਭਰਮਾਂ ਵਿਚ ਹੀ ਭਰਮਦੇ ਰਹੇ।

ਬੇਦ ਪੁਰਾਨ ਕਤੇਬ ਕੁਰਾਨ ਹਸੇਬ ਥਕੇ ਕਰ ਹਾਥ ਨ ਆਏ ॥

ਵੇਦ, ਪੁਰਾਣ, ਕਤੇਬ, ਕੁਰਾਨ ਆਦਿ (ਧਰਮ ਪੁਸਤਕਾਂ) ਬਹੁਤ ਗਿਣਤੀ-ਮਿਣਤੀ ਕਰਦੀਆਂ (ਹਿਸਾਬ ਲਗਾਉਂਦੀਆਂ) ਹਾਰ ਗਈਆਂ, ਪਰ (ਉਨ੍ਹਾਂ ਦੇ) ਹੱਥ ਕੁਝ ਨਾ ਆਇਆ।

ਪੂਰਨ ਪ੍ਰੇਮ ਪ੍ਰਭਾਉ ਬਿਨਾ ਪਤਿ ਸਿਉ ਕਿਨ ਸ੍ਰੀ ਪਦਮਾਪਤਿ ਪਾਏ ॥੩॥੨੪੫॥

ਪੂਰਨ ਪ੍ਰੇਮ ਦੇ ਪ੍ਰਭਾਵ ਤੋਂ ਬਿਨਾ (ਦਸੋ) ਕਿਸ ਨੇ ਪਰਮਾਤਮਾ ਨੂੰ ਪ੍ਰਤਿਸ਼ਠਾ ਸਹਿਤ ਪ੍ਰਾਪਤ ਕੀਤਾ ਹੈ ॥੩॥੨੪੫॥

ਆਦਿ ਅਨੰਤ ਅਗਾਧ ਅਦ੍ਵੈਖ ਸੁ ਭੂਤ ਭਵਿਖ ਭਵਾਨ ਅਭੈ ਹੈ ॥

(ਉਹ ਪ੍ਰਭੂ) ਸਭ ਦਾ ਆਦਿ, ਅਨੰਤ, ਅਗਾਧ, ਦ੍ਵੈਸ਼-ਰਹਿਤ ਅਤੇ ਭੂਤ, ਭਵਿਖਤ ਅਤੇ ਵਰਤਮਾਨ ਤਿੰਨਾਂ ਕਾਲਾਂ ਵਿਚ ਭੈ-ਰਹਿਤ ਹੈ।

ਅੰਤਿ ਬਿਹੀਨ ਅਨਾਤਮ ਆਪ ਅਦਾਗ ਅਦੋਖ ਅਛਿਦ੍ਰ ਅਛੈ ਹੈ ॥

(ਉਹ) ਅੰਤ ਤੋਂ ਰਹਿਤ, ਖ਼ੁਦ ਅਨਾਤਮ, ਦਾਗ਼ ਤੋਂ ਬਿਨਾ, ਦੋਖ ਤੋਂ ਰਹਿਤ, ਛਿਦ੍ਰ ਤੋਂ ਬਿਨਾ ਅਤੇ ਨਾਸ਼ ਤੋਂ ਮੁਕਤ ਹੈ।

ਲੋਗਨ ਕੇ ਕਰਤਾ ਹਰਤਾ ਜਲ ਮੈ ਥਲ ਮੈ ਭਰਤਾ ਪ੍ਰਭ ਵੈ ਹੈ ॥

(ਉਹ) ਲੋਕਾਂ ਦਾ ਕਰਤਾ ਵੀ ਹੈ ਅਤੇ ਹਰਤਾ ਵੀ, ਜਲ-ਥਲ ਵਿਚ (ਸਾਰੇ ਜੀਵਾਂ ਦੀ) ਪਾਲਣਾ ਕਰਨ ਵਾਲਾ ਉਹੀ ਪ੍ਰਭੂ ਹੈ।

ਦੀਨ ਦਇਆਲ ਦਇਆ ਕਰ ਸ੍ਰੀ ਪਤਿ ਸੁੰਦਰ ਸ੍ਰੀ ਪਦਮਾਪਤਿ ਏਹੈ ॥੪॥੨੪੬॥

ਦੀਨ-ਦਿਆਲ, ਦਇਆ ਦੀ ਖਾਣ, ਮਾਇਆ ਦਾ ਸੁਆਮੀ ਸੁੰਦਰ ਪ੍ਰਭੂ ਉਹੀ ਹੈ ॥੪॥੨੪੬॥

ਕਾਮ ਨ ਕ੍ਰੋਧ ਨ ਲੋਭ ਨ ਮੋਹ ਨ ਰੋਗ ਨ ਸੋਗ ਨ ਭੋਗ ਨ ਭੈ ਹੈ ॥

(ਜਿਸ ਨੂੰ) ਕਾਮ, ਕ੍ਰੋਧ, ਲੋਭ, ਮੋਹ, ਰੋਗ, ਸੋਗ, ਭੋਗ ਅਤੇ ਭੈ ਨਹੀਂ ਹੈ,

ਦੇਹ ਬਿਹੀਨ ਸਨੇਹ ਸਭੋ ਤਨ ਨੇਹ ਬਿਰਕਤ ਅਗੇਹ ਅਛੈ ਹੈ ॥

(ਜੋ) ਦੇਹਰਹਿਤ, ਸਭ ਨਾਲ ਸਨੇਹ ਕਰਨ ਵਾਲਾ, ਮੋਹ ਤੋਂ ਵਿਰਕਤ, ਘਰ ਤੋਂ ਬਿਨਾ ਅਤੇ ਨਾਸ਼ ਤੋਂ ਰਹਿਤ ਹੈ।

ਜਾਨ ਕੋ ਦੇਤ ਅਜਾਨ ਕੋ ਦੇਤ ਜਮੀਨ ਕੋ ਦੇਤ ਜਮਾਨ ਕੋ ਦੈ ਹੈ ॥

(ਜੋ) ਚੇਤਨ ਜੀਵਾਂ ਨੂੰ ਦਿੰਦਾ ਹੈ, ਜੜ ਵਸਤੂਆਂ ਨੂੰ ਦਿੰਦਾ ਹੈ, ਜ਼ਮੀਨ (ਵਿਚ ਰਹਿਣ ਵਾਲਿਆਂ) ਨੂੰ ਦਿੰਦਾ ਹੈ, ਆਕਾਸ਼ (ਵਿਚ ਵਿਚਰਨ ਵਾਲਿਆਂ ਨੂੰ) ਦਿੰਦਾ ਹੈ।

ਕਾਹੇ ਕੋ ਡੋਲਤ ਹੈ ਤੁਮਰੀ ਸੁਧ ਸੁੰਦਰ ਸ੍ਰੀ ਪਦਮਾਪਤਿ ਲੈਹੈ ॥੫॥੨੪੭॥

(ਹੇ ਪ੍ਰਾਣੀ! ਤੂੰ) ਕਿਉਂ ਡੋਲ ਰਿਹਾ ਹੈ, ਤੇਰੀ ਖ਼ਬਰ ਸੁੰਦਰ ਪਰਮਾਤਮਾ ਲੈ ਰਿਹਾ ਹੈ ॥੫॥੨੪੭॥