ਅਕਾਲ ਉਸਤਤ

(ਅੰਗ: 49)


ਕਹਿ ਬਾਸ ਤਾਸ ਕਹਿ ਕਉਨ ਭੇਖ ॥

ਉਸ ਦਾ ਵਾਸ ਕਿਥੇ ਹੈ, ਉਸ ਦਾ ਭੇਸ ਕਿਹੜਾ ਹੈ,

ਕਹਿ ਨਾਮ ਤਾਸ ਹੈ ਕਵਨ ਜਾਤ ॥

ਉਸ ਦਾ ਨਾਮ ਕੀ ਹੈ ਅਤੇ ਉਸ ਦੀ ਜਾਤਿ ਕੀ ਹੈ? (ਉਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ)

ਜਿਹ ਸਤ੍ਰ ਮਿਤ੍ਰ ਨਹੀ ਪੁਤ੍ਰ ਭ੍ਰਾਤ ॥੮॥੨੩੮॥

ਜਿਸ ਦਾ ਨਾ ਕੋਈ ਵੈਰੀ ਹੈ, ਨਾ ਮਿਤਰ ਹੈ, ਨਾ ਪੁੱਤਰ ਅਤੇ ਭਰਾ ਹੈ ॥੮॥੨੩੮॥

ਕਰੁਣਾ ਨਿਧਾਨ ਕਾਰਣ ਸਰੂਪ ॥

(ਉਹ) ਕ੍ਰਿਪਾ ਦਾ ਖ਼ਜ਼ਾਨਾ ਹੈ (ਅਤੇ ਸਾਰੀ ਸ੍ਰਿਸ਼ਟੀ ਦਾ) ਕਾਰਨ ਸਰੂਪ ਹੈ;

ਜਿਹ ਚਕ੍ਰ ਚਿਹਨ ਨਹੀ ਰੰਗ ਰੂਪ ॥

ਜਿਸ ਦਾ ਕੋਈ ਚਿੰਨ੍ਹ-ਚੱਕਰ ਅਤੇ ਰੂਪ-ਰੰਗ ਨਹੀਂ ਹੈ;

ਜਿਹ ਖੇਦ ਭੇਦ ਨਹੀ ਕਰਮ ਕਾਲ ॥

ਜੋ ਖੇਦ, ਭੇਦ, ਕਾਲ ਅਤੇ ਕਰਮ ਤੋਂ ਪਰੇ ਹੈ;

ਸਭ ਜੀਵ ਜੰਤ ਕੀ ਕਰਤ ਪਾਲ ॥੯॥੨੩੯॥

ਜੋ ਸਭ ਜੀਵ-ਜੰਤੂਆਂ ਦੀ ਪਾਲਨਾ ਕਰਦਾ ਹੈ ॥੯॥੨੩੯॥

ਉਰਧੰ ਬਿਰਹਤ ਸੁਧੰ ਸਰੂਪ ॥

ਜੋ ਉਚਾਣ-ਨੀਵਾਣ (ਵਾਧ-ਘਾਟ) ਤੋਂ ਬਿਨਾ ਅਤੇ ਸਿੱਧ (ਕਾਮਲ) ਸਰੂਪ ਵਾਲਾ ਹੈ;

ਬੁਧੰ ਅਪਾਲ ਜੁਧੰ ਅਨੂਪ ॥

(ਉਹ) ਅਪਾਰ ਬੁੱਧੀ ਵਾਲਾ ਅਤੇ ਅਨੂਪ ਯੁੱਧ ਕਰਨ ਵਾਲਾ ਹੈ;

ਜਿਹ ਰੂਪ ਰੇਖ ਨਹੀ ਰੰਗ ਰਾਗ ॥

ਜਿਸ ਦਾ ਕੋਈ ਰੂਪ, ਰੇਖਾ ਅਤੇ ਰਾਗ-ਰੰਗ ਨਹੀਂ ਹੈ;

ਅਨਛਿਜ ਤੇਜ ਅਨਭਿਜ ਅਦਾਗ ॥੧੦॥੨੪੦॥

(ਜਿਸ ਦਾ) ਤੇਜ ਨਾ ਛਿੱਜਣ ਵਾਲਾ ਅਤੇ ਜੋ ਨਾ ਪ੍ਰਭਾਵਿਤ ਹੋਣ ਵਾਲਾ ਹੈ ਅਤੇ ਨਾ ਹੀ ਕਲੰਕਿਤ ਹੋਣ ਵਾਲਾ ਹੈ ॥੧੦॥੨੪੦॥

ਜਲ ਥਲ ਮਹੀਪ ਬਨ ਤਨ ਦੁਰੰਤ ॥

(ਉਹ) ਜਲ-ਥਲ ਦਾ ਰਾਜਾ ਅਤੇ ਬਨਾਂ ਤੇ ਸ਼ਰੀਰਾਂ ਵਿਚ ਬੇਅੰਤ (ਰੂਪ ਵਿਚ ਪਸਰਿਆ ਹੋਇਆ ਹੈ);

ਜਿਹ ਨੇਤਿ ਨੇਤਿ ਨਿਸ ਦਿਨ ਉਚਰੰਤ ॥

ਜਿਸ ਨੂੰ ਰਾਤ-ਦਿਨ ਬੇਅੰਤ ਬੇਅੰਤ ਕਹੀਦਾ ਹੈ।

ਪਾਇਓ ਨ ਜਾਇ ਜਿਹ ਪੈਰ ਪਾਰ ॥

ਜਿਸ ਦਾ ਦੂਜਾ ਕੰਢਾ ('ਪਾਰ') ਨਹੀਂ ਪਾਇਆ ਜਾ ਸਕਦਾ।

ਦੀਨਾਨ ਦੋਖ ਦਹਿਤਾ ਉਦਾਰ ॥੧੧॥੨੪੧॥

ਉਹ ਉਦਾਰ ਸਰੂਪ ਵਾਲਾ ਦੀਨਾਂ-ਦੁਖੀਆਂ ਦਾ ਦੋਖ ਹਰਨ ਵਾਲਾ ਹੈ ॥੧੧॥੨੪੧॥

ਕਈ ਕੋਟ ਇੰਦ੍ਰ ਜਿਹ ਪਾਨਿਹਾਰ ॥

ਜਿਸ ਦੇ ਕਈ ਕਰੋੜਾਂ ਇੰਦਰ ਪਾਣੀ ਭਰਦੇ ਹਨ (ਸੇਵਾ ਕਰਦੇ ਹਨ);

ਕਈ ਕੋਟ ਰੁਦ੍ਰ ਜੁਗੀਆ ਦੁਆਰ ॥

ਕਈ ਕਰੋੜ ਰੁਦਰ ਉਸ ਦੇ ਦੁਆਰ ਨਾਲ ਜੁੜੇ ਹੋਏ ਹਨ;

ਕਈ ਬੇਦ ਬਿਆਸ ਬ੍ਰਹਮਾ ਅਨੰਤ ॥

ਕਈ ਵੇਦਵਿਆਸ ਅਤੇ ਬੇਸ਼ੁਮਾਰ ਬ੍ਰਹਮਾ

ਜਿਹ ਨੇਤ ਨੇਤ ਨਿਸ ਦਿਨ ਉਚਰੰਤ ॥੧੨॥੨੪੨॥

ਜਿਸ ਨੂੰ ਰਾਤ ਦਿਨ ਬੇਅੰਤ ਬੇਅੰਤ (ਕਹਿ ਕੇ) ਉਚਾਰਦੇ ਹਨ ॥੧੨॥੨੪੨॥

ਤ੍ਵ ਪ੍ਰਸਾਦਿ ॥ ਸ੍ਵਯੇ ॥

ਤੇਰੀ ਕ੍ਰਿਪਾ ਨਾਲ: ਸ੍ਵੈਯੇ: