ਹੇ ਭਾਈ! ਜਿਸ ਮਨੁੱਖ ਉਤੇ ਪਰਮਾਤਮਾ ਚੰਗੀ ਤਰ੍ਹਾਂ ਖ਼ੁਸ਼ ਹੁੰਦਾ ਹੈ, ਉਹ ਮਨੁੱਖ ਪਰਮਾਤਮਾ ਦੇ ਗੁਣ ਗਾਂਦਾ ਹੈ ਉਹ ਮਨੁੱਖ (ਉਸ ਦੀਆਂ ਨਜ਼ਰਾਂ ਵਿਚ) ਭਗਤ ਹੈ (ਉਸ ਦੇ ਦਰ ਤੇ) ਕਬੂਲ ਹੈ।
ਹੇ ਭਾਈ! ਜਿਸ ਮਨੁੱਖ ਦੇ ਹਿਰਦੇ ਵਿਚ ਭਗਵਾਨ ਪੁਰਖ ਆ ਵੱਸਦਾ ਹੈ, ਉਸ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ ॥੧॥
ਹੇ ਭਾਈ! ਆਓ, ਚਿੱਤ ਜੋੜ ਕੇ, ਗੁਰੂ (ਦੀ ਬਾਣੀ) ਨਾਲ ਸੁਰਤ ਜੋੜ ਕੇ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਇਆ ਕਰੀਏ ॥੧॥ ਰਹਾਉ ॥
ਹੇ ਭਾਈ! ਉਹ ਗੁਰੂ (ਐਸਾ ਸਮਰਥ ਹੈ) ਕਿ ਉਸ ਪਾਸੋਂ ਸਭ ਤੋਂ ਉੱਚਾ ਖ਼ਜ਼ਾਨਾ ਮਿਲ ਜਾਂਦਾ ਹੈ, ਉਸ ਗੁਰੂ ਦੀ ਦੱਸੀ ਹੋਈ ਉਹ ਸੇਵਾ ਭੀ ਫਲ ਲਿਆਉਂਦੀ ਹੈ।
ਜੇਹੜੇ ਮਾਇਆ-ਵੇੜ੍ਹੇ ਮਨੁੱਖ ਮਾਇਆ ਦੇ ਪਿਆਰ ਵਿਚ (ਫਸ ਕੇ) ਮਨ ਦੀਆਂ ਵਾਸਨਾਂ (ਪੂਰੀਆਂ ਕਰਨ) ਦੀ ਖ਼ਾਤਰ ਵਿਸ਼ੇ ਵਿਕਾਰਾਂ ਵਿਚ ਲੱਗੇ ਰਹਿੰਦੇ ਹਨ, ਉਹ ਜੀਵਨ ਵਿਅਰਥ ਗਵਾ ਲੈਂਦੇ ਹਨ, ਉਹਨਾਂ ਦਾ ਸਾਰਾ ਜੀਵਨ ਹੀ ਆਤਮਕ ਜੀਵਨ ਵਲੋਂ ਬੇ-ਸਮਝੀ ਹੈ ॥੨॥
ਹੇ ਭਾਈ! ਜਿਸ ਮਨੁੱਖ ਨੂੰ (ਗੁਰੂ ਉੱਤੇ) ਸਰਧਾ ਹੁੰਦੀ ਹੈ, ਉਸ ਦਾ ਹਰਿ-ਜਸ ਗਾਣਾ (ਹਰੀ ਦੀ ਹਜ਼ੂਰੀ ਵਿਚ) ਕਬੂਲ ਪੈਂਦਾ ਹੈ; ਉਹ ਮਨੁੱਖ ਪਰਮਾਤਮਾ ਦੀ ਦਰਗਾਹ ਵਿਚ ਆਦਰ ਪਾਂਦਾ ਹੈ।
ਪਰ ਜੇਹੜੇ ਫ਼ਰੇਬੀ ਮਨੁੱਖ (ਗੁਰੂ ਉਤੇ) ਨਿਸਚਾ ਰੱਖਣ ਤੋਂ ਬਿਨਾ ਝੂਠ-ਮੂਠ ਹੀ ਅੱਖਾਂ ਮੀਟਦੇ ਹਨ (ਮਾਨੋ, ਸਮਾਧੀ ਲਾਈ ਬੈਠੇ ਹਨ) ਉਹਨਾਂ ਦਾ (ਆਪਣੀ ਉੱਚਤਾ ਬਾਰੇ) ਝੂਠਾ ਅਹੰਕਾਰ (ਆਖ਼ਰ) ਲਹਿ ਜਾਇਗਾ ॥੩॥
ਹੇ ਪ੍ਰਭੂ! ਜਿਤਨਾ ਭੀ (ਜੀਵਾਂ ਦਾ) ਜਿੰਦ-ਸਰੀਰ ਹੈ, ਇਹ ਸਭ ਤੇਰਾ ਦਿੱਤਾ ਹੋਇਆ ਹੈ, ਤੂੰ ਸਭ ਦੇ ਦਿਲ ਦੀ ਜਾਣਨ ਵਾਲਾ ਸਰਬ-ਵਿਆਪਕ ਪ੍ਰਭੂ ਹੈਂ।
ਹੇ ਪ੍ਰਭੂ! ਤੇਰੇ ਦਾਸਾਂ ਦਾ ਦਾਸ ਨਾਨਕ ਆਖਦਾ ਹੈ-(ਹੇ ਪ੍ਰਭੂ!) ਤੂੰ ਜੋ ਕੁਝ ਮੈਥੋਂ ਅਖਵਾਂਦਾ ਹੈਂ, ਮੈਂ ਉਹੀ ਕੁਝ ਆਖਦਾ ਹਾਂ ॥੪॥੪॥੧੧॥
ਰਾਗੁ ਸੂਹੀ ਅਜਿਹੀ ਸ਼ਰਧਾ ਦਾ ਪ੍ਰਗਟਾਵਾ ਹੈ ਕਿ ਸੁਣਨ ਵਾਲਾ ਅਤਿ ਨੇੜਤਾ ਅਤੇ ਅਨਾਦਿ ਪਿਆਰ ਦੀਆਂ ਭਾਵਨਾਵਾਂ ਦਾ ਅਨੁਭਵ ਕਰਦਾ ਹੈ।ਸੁਣਨ ਵਾਲੇ ਨੂੰ ਉਸ ਪਿਆਰ ਨਾਲ ਨਹਾਇਆ ਜਾਂਦਾ ਹੈ ਅਤੇ ਸੱਚਮੁੱਚ ਪਤਾ ਲੱਗ ਜਾਂਦਾ ਹੈ ਕਿ ਇਸ ਦਾ ਪਿਆਰ ਕਰਨ ਦਾ ਕੀ ਅਰਥ ਹੈ।