ਮਃ ੩ ॥

ਜਿਨੑੀ ਸਤਿਗੁਰੁ ਸੇਵਿਆ ਤਾਣੁ ਨਿਤਾਣੇ ਤਿਸੁ ॥

ਹੇ ਭਾਈ! ਜਿਹੜਾ ਜਿਹੜਾ ਨਿਤਾਣਾ ਮਨੁੱਖ (ਭੀ) ਗੁਰੂ ਦੀ ਦੱਸੀ (ਸਿਮਰਨ ਦੀ) ਕਾਰ ਕਰਦਾ ਹੈ, ਉਸ ਨੂੰ (ਆਤਮਕ) ਬਲ ਮਿਲ ਜਾਂਦਾ ਹੈ।

ਸਾਸਿ ਗਿਰਾਸਿ ਸਦਾ ਮਨਿ ਵਸੈ ਜਮੁ ਜੋਹਿ ਨ ਸਕੈ ਤਿਸੁ ॥

ਹਰੇਕ ਸਾਹ ਦੇ ਨਾਲ ਹਰੇਕ ਗਿਰਾਹੀ ਦੇ ਨਾਲ ਹਰ ਵੇਲੇ (ਪਰਮਾਤਮਾ ਉਸ ਦੇ) ਮਨ ਵਿਚ ਆ ਵੱਸਦਾ ਹੈ, ਆਤਮਕ ਮੌਤ ਉਸ ਦੇ ਨੇੜੇ ਨਹੀਂ ਢੁਕਦੀ।

ਹਿਰਦੈ ਹਰਿ ਹਰਿ ਨਾਮ ਰਸੁ ਕਵਲਾ ਸੇਵਕਿ ਤਿਸੁ ॥

ਉਸ ਨੂੰ ਆਪਣੇ ਹਿਰਦੇ ਵਿਚ ਪਰਮਾਤਮਾ ਦੇ ਨਾਮ ਦਾ ਸੁਆਦ ਆਉਂਦਾ ਰਹਿੰਦਾ ਹੈ, ਮਾਇਆ ਉਸ ਦੀ ਦਾਸੀ ਬਣ ਜਾਂਦੀ ਹੈ (ਉਸ ਉਤੇ ਜ਼ੋਰ ਨਹੀਂ ਪਾ ਸਕਦੀ)।

ਹਰਿ ਦਾਸਾ ਕਾ ਦਾਸੁ ਹੋਇ ਪਰਮ ਪਦਾਰਥੁ ਤਿਸੁ ॥

ਉਹ ਮਨੁੱਖ ਪ੍ਰਭੂ ਦੇ ਸੇਵਕਾਂ ਦਾ ਸੇਵਕ ਬਣਿਆ ਰਹਿੰਦਾ ਹੈ, ਉਸ ਨੂੰ ਸਭ ਤੋਂ ਸ੍ਰੇਸ਼ਟ ਪਦਾਰਥ (ਹਰਿ-ਨਾਮ) ਪ੍ਰਾਪਤ ਹੋ ਜਾਂਦਾ ਹੈ।

ਨਾਨਕ ਮਨਿ ਤਨਿ ਜਿਸੁ ਪ੍ਰਭੁ ਵਸੈ ਹਉ ਸਦ ਕੁਰਬਾਣੈ ਤਿਸੁ ॥

ਹੇ ਨਾਨਕ! (ਆਖ-) ਮੈਂ ਉਸ ਮਨੁੱਖ ਤੋਂ ਸਦਕੇ ਜਾਂਦਾ ਹਾਂ ਜਿਸ ਦੇ ਮਨ ਵਿਚ ਜਿਸ ਦੇ ਹਿਰਦੇ ਵਿਚ ਪਰਮਾਤਮਾ (ਦਾ ਨਾਮ) ਟਿਕਿਆ ਰਹਿੰਦਾ ਹੈ।

ਜਿਨੑ ਕਉ ਪੂਰਬਿ ਲਿਖਿਆ ਰਸੁ ਸੰਤ ਜਨਾ ਸਿਉ ਤਿਸੁ ॥੨॥

ਪਰ, ਹੇ ਭਾਈ! ਉਸ ਉਸ ਮਨੁੱਖ ਦਾ ਹੀ ਪਿਆਰ ਸੰਤ ਜਨਾਂ ਨਾਲ ਬਣਦਾ ਹੈ ਜਿਸ ਜਿਸ ਦੇ ਭਾਗਾਂ ਵਿਚ ਪਿਛਲੇ ਕੀਤੇ ਕਰਮਾਂ ਅਨੁਸਾਰ (ਸਿਮਰਨ ਦਾ) ਲੇਖ ਲਿਖਿਆ ਹੁੰਦਾ ਹੈ ॥੨॥

Sri Guru Granth Sahib
ਸ਼ਬਦ ਬਾਰੇ

ਸਿਰਲੇਖ: ਰਾਗੁ ਬਿਲਾਵਲੁ
ਲਿਖਾਰੀ: ਗੁਰੂ ਅਮਰਦਾਸ ਜੀ
ਅੰਗ: 854
ਲੜੀ ਸੰਃ: 10 - 12

ਰਾਗੁ ਬਿਲਾਵਲੁ

ਬਿਲਾਵਲ ਬਹੁਤ ਖੁਸ਼ੀ ਦੀਆਂ ਭਾਵਨਾਵਾਂ ਦੱਸਦਾ ਹੈ ਜੋ ਇੱਕ ਟੀਚਾ ਪ੍ਰਾਪਤ ਕਰਨ ਜਾਂ ਇੱਕ ਉਦੇਸ਼ ਪ੍ਰਾਪਤ ਕਰਨ ਤੋਂ ਪ੍ਰਾਪਤ ਹੁੰਦੇ ਹਨ।