(ਜਦ ਤਾਈਂ ਜੀਵ) 'ਹਉ' ਵਿਚ (ਹੈ, ਭਾਵ, ਰੱਬ ਨਾਲੋਂ ਤੇ ਰੱਬ ਦੀ ਕੁਦਰਤ ਨਾਲੋਂ ਆਪਣੀ ਅੱਡਰੀ ਹਸਤੀ ਬਣਾਈ ਬੈਠਾ ਹੈ, ਤਦ ਤਾਈਂ ਕਦੇ) ਜਗਤ ਵਿਚ ਆਉਂਦਾ ਹੈ (ਕਦੇ) ਜਗਤ ਤੋਂ ਚਲਾ ਜਾਂਦਾ ਹੈ,
ਕਦੇ ਜੰਮਦਾ ਹੈ, ਕਦੇ ਮਰਦਾ ਹੈ।
ਜੀਵ ਇਸ ਅੱਡਰੀ ਹੋਂਦ ਦੀ ਹੱਦਬੰਦੀ ਵਿਚ ਹੀ ਰਹਿ ਕੇ ਕਦੇ (ਕਿਸੇ ਲੋੜਵੰਦੇ ਨੂੰ) ਦੇਂਦਾ ਹੈ, ਕਦੇ (ਆਪਣੀ ਲੋੜ ਨੂੰ ਪੂਰੀ ਕਰਨ ਲਈ ਕਿਸੇ ਪਾਸੋਂ) ਲੈਂਦਾ ਹੈ।
ਇਸੇ 'ਮੈਂ, ਮੈਂ' ਦੇ ਖ਼ਿਆਲ ਵਿਚ (ਕਿ ਇਹ ਕੰਮ 'ਮੈਂ' ਕਰਦਾ ਹਾਂ, 'ਮੈਂ' ਕਰਦਾ ਹਾਂ) ਕਦੇ ਖੱਟਦਾ ਕਦੇ ਗਵਾਉਂਦਾ ਹੈ।
ਜਿਤਨਾ ਚਿਰ ਜੀਵ ਮੇਰ-ਤੇਰ ਵਾਲੀ ਹੱਦਬੰਦੀ ਵਿਚ ਹੈ, (ਲੋਕਾਂ ਦੀਆਂ ਨਜ਼ਰਾਂ ਵਿਚ) ਕਦੇ ਸੱਚਾ ਹੈ, ਕਦੇ ਝੂਠਾ ਹੈ।
ਜਦ ਤਾਈਂ ਆਪਣੇ ਕਾਦਰ ਨਾਲੋਂ ਵੱਖਰੀ ਹੋਂਦ ਦੇ ਭਰਮ ਵਿਚ ਹੈ, ਤਦ ਤਾਈਂ ਆਪਣੇ ਕੀਤੇ ਪਾਪਾਂ ਤੇ ਪੁੰਨਾਂ ਦੀ ਗਿਣਤੀ ਗਿਣਦਾ ਰਹਿੰਦਾ ਹੈ (ਭਾਵ, ਇਹ ਸੋਚਦਾ ਹੈ ਕਿ 'ਮੈ' ਇਹ ਭਲੇ ਕੰਮ ਕੀਤੇ ਹਨ, 'ਮੈ' ਇਹ ਮਾੜੇ ਕੰਮ ਕੀਤੇ ਹਨ),
ਤੇ ਇਸੇ ਵਖੇਵੇਂ ਵਿਚ ਰਹਿਣ ਕਰਕੇ (ਭਾਵ, ਰੱਬ ਵਿਚ ਆਪਣਾ ਆਪ ਇਕ-ਰੂਪ ਨਾ ਕਰਨ ਕਰਕੇ) ਕਦੇ ਨਰਕ ਵਿਚ ਪੈਂਦਾ ਹੈ ਕਦੇ ਸੁਰਗ ਵਿਚ।
ਜਦ ਤਾਈਂ ਆਪਣੇ ਕਰਤਾਰ ਨਾਲੋਂ ਵੱਖਰੀ ਹੋਂਦ ਵਿਚ ਜੀਵ ਬੱਝਾ ਪਿਆ ਹੈ, ਤਦ ਤਕ ਕਦੇ ਹੱਸਦਾ ਹੈ ਕਦੇ ਰੋਂਦਾ ਹੈ (ਭਾਵ, ਆਪਣੇ ਆਪ ਨੂੰ ਕਦੇ ਸੁਖੀ ਸਮਝਦਾ ਹੈ ਕਦੇ ਦੁੱਖੀ।)
ਰੱਬ ਨਾਲੋਂ ਆਪਣੀ ਹਸਤੀ ਵੱਖਰੀ ਰੱਖਣ ਕਰ ਕੇ ਕਦੇ ਉਸ ਦਾ ਮਨ ਪਾਪਾਂ ਦੀ ਮੈਲ ਵਿਚ ਲਿਬੜ ਜਾਂਦਾ ਹੈ, ਕਦੇ ਉਹ (ਆਪਣੇ ਹੀ ਉੱਦਮ ਦੇ ਆਸਰੇ) ਉਸ ਮੈਲ ਨੂੰ ਧੋਂਦਾ ਹੈ।
ਇਸ ਵਖਰੀ ਹੋਂਦ ਵਿਚ ਗ੍ਰਸਿਆ ਹੋਇਆ ਜੀਵ ਕਦੇ ਜ਼ਾਤਪਾਤ ਦੇ ਖ਼ਿਆਲ ਵਿਚ ਪੈ ਕੇ (ਭਾਵ ਇਹ ਖ਼ਿਆਲ ਕਰ ਕੇ ਕਿ ਮੈਂ ਉੱਚੀ ਜਾਤੀ ਦਾ ਹਾਂ ਆਪਣਾ ਆਪ) ਗਵਾ ਲੈਂਦਾ ਹੈ।
ਜਿਤਨਾ ਚਿਰ ਜੀਵ ਆਪਣੀ ਵੱਖਰੀ ਹੋਂਦ ਦੀ ਚਾਰ-ਦੀਵਾਰੀ ਦੇ ਅੰਦਰ ਹੈ, ਇਹ (ਲੋਕਾਂ ਦੀ ਨਜ਼ਰ ਵਿਚ) ਕਦੇ ਮੂਰਖ (ਗਿਣਿਆ ਜਾਂਦਾ) ਹੈ ਕਦੇ ਸਿਆਣਾ।
(ਪਰ ਭਾਵੇਂ ਇਹ ਮੂਰਖ ਸਮਝਿਆ ਜਾਏ ਤੇ ਭਾਵੇਂ ਸਿਆਣਾ, ਜਦ ਤਕ ਇਸ ਹੱਦ-ਬੰਦੀ ਦੇ ਵਿਚ ਬੱਝਾ ਹੋਇਆ ਹੈ, ਇਸ ਹੱਦਬੰਦੀ ਤੋਂ ਬਾਹਰ ਹੋਣ ਦੀ, ਭਾਵ) ਮੋਖ ਮੁਕਤੀ ਦੀ ਸਮਝ ਇਸ ਨੂੰ ਨਹੀਂ ਆ ਸਕਦੀ।
ਜਦ ਤਾਈਂ ਰੱਬ ਤੋਂ ਵਿਛੋੜੇ ਦੀ ਹਾਲਤ ਵਿਚ ਹੈ, ਤਦ ਤਾਈਂ ਜੀਵ 'ਮਾਇਆ ਮਾਇਆ' (ਕੂਕਦਾ ਫਿਰਦਾ ਹੈ), ਤਦ ਤਾਈਂ ਇਸ ਉਤੇ ਮਾਇਆ ਦਾ ਪਰਭਾਵ ਪਿਆ ਹੋਇਆ ਹੈ;
ਰੱਬ ਤੋਂ ਵਿਛੜਿਆ ਰਹਿ ਕੇ ਜੀਵ ਮੁੜ ਮੁੜ ਪੈਦਾ ਹੁੰਦਾ ਹੈ।
ਜਦੋਂ ਰੱਬ ਤੋਂ ਵਿਛੋੜੇ ਵਾਲੀ ਹਾਲਤ ਨੂੰ ਸਮਝ ਲੈਂਦਾ ਹੈ, ਭਾਵ, ਜਦੋਂ ਇਸ ਨੂੰ ਸੂਝ ਪੈਂਦੀ ਹੈ ਕਿ ਮੈਂ ਆਪਣੀ ਵਖੇਵੇਂ ਵਾਲੀ ਹੱਦਬੰਦੀ ਵਿਚ ਕੈਦ ਹਾਂ, (ਰੱਬ ਨਾਲੋਂ ਟੁਟਿਆ ਪਿਆ ਹਾਂ) ਤਦੋਂ ਇਸ ਨੂੰ ਰੱਬ ਦਾ ਦਰਵਾਜ਼ਾ ਲੱਭ ਪੈਂਦਾ ਹੈ,
(ਨਹੀਂ ਤਾਂ) ਜਦ ਤਕ ਇਸ ਗਿਆਨ ਤੋਂ ਸੱਖਣਾ ਹੈ, ਤਦ ਤਾਈਂ (ਜ਼ਬਾਨੀ) ਗਿਆਨ ਦੀਆਂ ਗੱਲਾਂ ਆਖ ਆਖ ਕੇ (ਆਪਣੇ ਆਪ ਨੂੰ ਗਿਆਨਵਾਨ ਜਾਣ ਕੇ ਸਗੋਂ ਆਪਣਾ ਅੰਦਰ) ਲੂੰਹਦਾ ਹੈ।
ਹੇ ਨਾਨਕ! ਇਹ ਲੇਖ (ਭੀ) ਰੱਬ ਦੇ ਹੁਕਮ ਵਿਚ ਹੀ ਲਿਖਿਆ ਜਾਂਦਾ ਹੈ।
ਜੀਵ ਜਿਵੇਂ ਜਿਵੇਂ ਵੇਖਦੇ ਹਨ, ਤਿਹੋ ਜਿਹਾ ਉਹਨਾਂ ਦਾ ਸਰੂਪ ਬਣ ਜਾਂਦਾ ਹੈ (ਭਾਵ, ਜਿਸ ਜਿਸ ਨੀਯਤ ਨਾਲ ਦੂਜੇ ਮਨੁੱਖਾਂ ਨਾਲ ਵਰਤਦੇ ਹਨ, ਉਸੇ ਤਰ੍ਹਾਂ ਦੇ ਅੰਦਰ ਸੰਸਕਾਰ ਇਕੱਠੇ ਹੋ ਕੇ ਉਹੋ ਜਿਹਾ ਉਨ੍ਹਾਂ ਦਾ ਆਪਣਾ ਵੱਖਰਾ ਮਾਨਸਕ-ਸਰੂਪ ਬਣ ਜਾਂਦਾ ਹੈ, ਉਹੋ ਜਿਹੀ ਉਹਨਾਂ ਦੀ ਵਖਰੀ ਹਸਤੀ ਬਣ ਜਾਂਦੀ ਹੈ; ਉਹੋ ਜਿਹੀ ਉਹਨਾਂ ਦੀ 'ਹਉ' ਬਣ ਜਾਂਦੀ ਹੈ। ਹਰੇਕ ਜੀਵ ਦੀ ਇਹ ਵਖੋ ਵਖਰੀ ਹਸਤੀ, ਵਖੋ ਵਖਰੀ 'ਹਉ' ਰੱਬ ਦੇ ਹੁਕਮ ਦੇ ਅਨੁਸਾਰ ਹੀ ਬਣਦੀ ਹੈ, ਰੱਬ ਦਾ ਇਕ ਅਜਿਹਾ ਨਿਯਮ ਬੱਝਾ ਹੋਇਆ ਹੈ ਕਿ ਹਰੇਕ ਮਨੁੱਖ ਦੇ ਆਪਣੇ ਕੀਤੇ ਕਰਮਾਂ ਦੇ ਸੰਸਕਾਰ ਅਨੁਸਾਰ, ਉਸ ਦੇ ਆਲੇ ਦੁਆਲੇ ਆਪਣੇ ਹੀ ਇਹਨਾਂ ਸੰਸਕਾਰਾਂ ਦਾ ਜਾਲ ਤਣਿਆ ਜਾ ਕੇ, ਉਸ ਰੱਬੀ ਨਿਯਮ ਅਨੁਸਾਰ ਮਨੁੱਖ ਦੀ ਆਪਣੀ ਇਕ ਵਖਰੀ ਸੁਆਰਥੀ ਹਸਤੀ ਬਣ ਜਾਂਦੀ ਹੈ) ॥੧॥
ਰਾਗ ਆਸਾ ਸੰਪੂਰਨ ਸੁਰਾਂ ਵਾਲਾ ਪੰਜਾਬ ਦਾ ਪ੍ਰਸਿੱਧ ਲੋਕ ਰਾਗ ਹੈ। ਇਹ ਬਿਲਾਵਲ ਥਾਟ ਦਾ ਰਾਗ ਹੈ ਜਿਸ ਵਿੱਚ ਮੱਧਮ (ਮਾ) ਵਾਦੀ ਅਤੇ ਸ਼ੜਜ (ਸਾ) ਸੰਵਾਦੀ ਹੈ। ਆਰੋਹੀ ਵਿੱਚ ਗੰਧਾਰ ਅਤੇ ਨਿਸ਼ਾਧ ਸਵਰ ਵਰਜਿਤ ਹਨ। ਇਸ ਕਰਕੇ ਇਸ ਦੀ ਜਾਤੀ ਔੜਵ-ਸੰਪੂਰਨ ਹੀ ਮੰਨੀ ਜਾਂਦੀ ਹੈ ਭਾਵ ਆਰੋਹੀ ਕ੍ਰਮ ਵਿਚ ਸਪਤਕ ਦੇ ਪੰਜ ਸਵਰ ਤੇ ਅਵਰੋਹੀ ਕ੍ਰਮ ਵਿਚ ਸੱਤ ਸਵਰ ਪ੍ਰਯੋਗ ਕੀਤੇ ਜਾਂਦੇ ਹਨ। ਇਸ ਰਾਗ ਦੇ ਗਾਇਨ ਦਾ ਸਮਾਂ ਸਵੇਰ ਅਤੇ ਸ਼ਾਮ ਦਾ ਸੰਧੀ ਪ੍ਰਕਾਸ਼ ਦਾ ਸਮਾਂ ਹੈ।