ਹੇ ਭਾਈ! ਜਦੋਂ ਕੋਈ ਮਨੁੱਖ ਆਪਣਾ ਸਰੀਰ ਆਪਣਾ ਮਨ ਆਪਣਾ ਧਨ ਸੰਤ ਜਨਾਂ ਦੇ ਹਵਾਲੇ ਕਰ ਦੇਂਦਾ ਹੈ (ਭਾਵ, ਹਰੇਕ ਕਿਸਮ ਦੀ ਅਪਣੱਤ ਮਿਟਾ ਦੇਂਦਾ ਹੈ),
ਤੇ ਸੰਤਾਂ ਦੀ ਕਿਰਪਾ ਨਾਲ ਪਰਮਾਤਮਾ ਦਾ ਨਾਮ ਸਿਮਰਨ ਕਰਨ ਲੱਗ ਪੈਂਦਾ ਹੈ, ਤਦੋਂ ਉਸ ਨੂੰ ਸਾਰੇ (ਆਤਮਕ) ਸੁਖ ਮਿਲ ਜਾਂਦੇ ਹਨ ॥੧॥
ਹੇ ਭਾਈ! ਸੰਤ ਜਨਾਂ ਤੋਂ ਬਿਨਾ ਪਰਮਾਤਮਾ ਦੇ ਨਾਮ ਦੀ ਦਾਤਿ ਦੇਣ ਵਾਲਾ ਹੋਰ ਕੋਈ ਨਹੀਂ ਹੈ।
ਜੇਹੜਾ ਜੇਹੜਾ ਮਨੁੱਖ ਗੁਰੂ ਦੀ (ਸੰਤ ਜਨਾਂ ਦੀ) ਸਰਨ ਪੈਂਦਾ ਹੈ, ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਜੋਗਾ ਹੋ ਜਾਂਦਾ ਹੈ ਰਹਾਉ॥
ਹੇ ਭਾਈ! ਪਰਮਾਤਮਾ ਦੇ ਸੇਵਕ ਦੀ (ਦੱਸੀ) ਸੇਵਾ ਕੀਤਿਆਂ ਕ੍ਰੋੜਾਂ ਪਾਪ ਮਿਟ ਜਾਂਦੇ ਹਨ, ਅਤੇ ਪ੍ਰੇਮ ਨਾਲ ਪਰਮਾਤਮਾ ਦੀ ਸਿਫ਼ਤ-ਸਾਲਾਹ ਕੀਤੀ ਜਾ ਸਕਦੀ ਹੈ।
ਇਸ ਲੋਕ ਵਿਚ ਆਤਮਕ ਅਨੰਦ ਮਿਲਿਆ ਰਹਿੰਦਾ ਹੈ, ਪਰਲੋਕ ਵਿਚ ਸੁਰਖ਼-ਰੂ ਹੋਵੀਦਾ ਹੈ। ਪਰ, ਹੇ ਭਾਈ! ਪ੍ਰਭੂ ਦੇ ਸੇਵਕ ਦੀ ਸੰਗਤਿ ਵੱਡੇ ਭਾਗਾਂ ਨਾਲ ਮਿਲਦੀ ਹੈ ॥੨॥
ਹੇ ਭਾਈ! (ਮੇਰੀ) ਇੱਕ ਜੀਭ ਹੈ (ਸੰਤ ਜਨ) ਅਨੇਕਾਂ ਗੁਣਾਂ ਨਾਲ ਭਰਪੂਰ ਹੁੰਦੇ ਹਨ, ਸੰਤ ਜਨਾਂ ਦੀ ਵਡਿਆਈ ਕਿਤਨੀ ਕੁ ਦੱਸੀ ਜਾਵੇ?
ਸੰਤਾਂ ਦੀ ਸਰਨ ਪਿਆਂ ਹੀ ਉਹ ਪਰਮਾਤਮਾ ਮਿਲ ਸਕਦਾ ਹੈ ਜੋ ਕਦੇ ਨਾਸ ਹੋਣ ਵਾਲਾ ਨਹੀਂ, ਜੋ ਅਪਹੁੰਚ ਹੈ, ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ ॥੩॥
ਹੇ ਨਾਨਕ! (ਅਰਦਾਸ ਕਰ ਤੇ ਆਖ-) ਮੈਂ ਗੁਣ-ਹੀਨ ਹਾਂ, ਨੀਚ ਹਾਂ, ਨਿਆਸਰਾ ਹਾਂ, ਵਿਕਾਰੀ ਹਾਂ, ਮੈਂ ਸੰਤਾਂ ਦਾ ਪੱਲਾ ਫੜਿਆ ਹੈ।
(ਹੇ ਸੰਤ ਜਨੋ!) ਗ੍ਰਿਹਸਤ ਦੇ ਮੋਹ ਦੇ ਅੰਨ੍ਹੇ ਖੂਹ ਵਿਚ ਡੁੱਬ ਰਹੇ ਦਾ ਸਾਥ ਤੋੜ ਤਕ ਨਿਬਾਹੋ ॥੪॥੭॥
ਰਾਗ ਸੋਰਠਿ ਪੁਰਾਣਾ ਅਤੇ ਭਗਤੀ ਸ਼ਬਦ ਜਾਂ ਭਜਨ ਗਾਉਣ ਲਈ ਵਰਤਿਆ ਜਾਂਦਾ ਹੈ। ਇਸ ਨੂੰ ਨਾਮ ਸਿਮਰਨ ਲਈ ਉੱਤਮ ਮੰਨਿਆ ਜਾਂਦਾ ਹੈ।