ਮੈਂ (ਆਪਣੇ ਆਪ ਨੂੰ) ਆਪਣੇ ਗੁਰੂ ਤੋਂ ਸਦਕੇ ਕਰਦਾ ਹਾਂ, ਕਿਉਂਕਿ ਇਹ ਸਾਰੀਆਂ ਬਰਕਤਾਂ ਗੁਰੂ ਦੀਆਂ ਹੀ ਹਨ।
ਨਾਨਕ ਆਖਦਾ ਹੈ ਕਿ ਹੇ ਸੰਤ ਜਨੋ! (ਗੁਰੂ ਦਾ ਸ਼ਬਦ) ਸੁਣੋ, ਗੁਰੂ ਦੇ ਸ਼ਬਦ ਵਿਚ ਪਿਆਰ ਬਣਾਓ।
(ਸਤਿਗੁਰੂ ਦੀ ਮੇਹਰ ਨਾਲ ਹੀ ਪ੍ਰਭੂ ਦਾ) ਸਦਾ ਕਾਇਮ ਰਹਿਣ ਵਾਲਾ ਨਾਮ ਮੇਰੀ ਜ਼ਿੰਦਗੀ ਦਾ ਆਸਰਾ (ਬਣ ਗਿਆ) ਹੈ ॥੪॥
ਉਸ ਭਾਗਾਂ ਵਾਲੇ (ਹਿਰਦੇ-) ਘਰ ਵਿਚ (ਮਾਨੋ) ਪੰਜ ਕਿਸਮਾਂ ਦੇ ਸਾਜ਼ਾਂ ਦੀਆਂ ਮਿਲਵੀਆਂ ਸੁਰਾਂ ਵੱਜ ਪੈਂਦੀਆਂ ਹਨ,
ਜਿਸ (ਹਿਰਦੇ-) ਘਰ ਵਿਚ (ਹੇ ਪ੍ਰਭੂ! ਤੂੰ) ਸੱਤਿਆ ਪਾਈ ਹੈ, ਉਸ ਭਾਗਾਂ ਵਾਲੇ (ਹਿਰਦੇ-) ਘਰ ਵਿਚ (ਮਾਨੋ) ਪੰਜ ਕਿਸਮਾਂ ਦੇ ਸਾਜ਼ਾਂ ਦੀਆਂ ਮਿਲਵੀਆਂ ਸੁਰਾਂ ਵੱਜ ਪੈਂਦੀਆਂ ਹਨ (ਭਾਵ, ਉਸ ਹਿਰਦੇ ਵਿਚ ਪੂਰਨ ਆਨੰਦ ਬਣ ਜਾਂਦਾ ਹੈ),
(ਹੇ ਪ੍ਰਭੂ!) ਉਸ ਦੇ ਪੰਜੇ ਕਾਮਾਦਿਕ ਵੈਰੀ ਤੂੰ ਕਾਬੂ ਵਿਚ ਕਰ ਦੇਂਦਾ ਹੈਂ, ਤੇ ਡਰਾਣ ਵਾਲਾ ਕਾਲ (ਭਾਵ, ਮੌਤ ਦਾ ਡਰ) ਦੂਰ ਕਰ ਦੇਂਦਾ ਹੈਂ।
ਪਰ ਸਿਰਫ਼ ਉਹੀ ਮਨੁੱਖ ਹਰਿ-ਨਾਮ ਵਿਚ ਜੁੜਦੇ ਹਨ ਜਿਨ੍ਹਾਂ ਦੇ ਭਾਗਾਂ ਵਿਚ ਤੂੰ ਧੁਰ ਤੋਂ ਹੀ ਆਪਣੀ ਮੇਹਰ ਨਾਲ (ਸਿਮਰਨ ਦਾ ਲੇਖ ਲਿਖ ਕੇ) ਰੱਖ ਦਿੱਤਾ ਹੈ।
ਨਾਨਕ ਆਖਦਾ ਹੈ ਕਿ ਉਸ ਹਿਰਦੇ-ਘਰ ਵਿਚ ਸੁਖ ਪੈਦਾ ਹੁੰਦਾ ਹੈ, ਉਸ ਹਿਰਦੇ ਵਿਚ (ਮਾਨੋ) ਇਕ-ਰਸ (ਵਾਜੇ) ਵੱਜਦੇ ਹਨ ॥੫॥
ਸਦਾ-ਥਿਰ ਪ੍ਰਭੂ ਦੇ ਚਰਨਾਂ ਦੀ ਲਗਨ (ਦੇ ਆਨੰਦ) ਤੋਂ ਬਿਨਾ ਇਹ (ਮਨੁੱਖਾ) ਸਰੀਰ ਨਿਆਸਰਾ ਜੇਹਾ ਹੀ ਰਹਿੰਦਾ ਹੈ।
ਪ੍ਰਭੂ-ਚਰਨਾਂ ਦੀ ਪ੍ਰੀਤ ਤੋਂ ਬਿਨਾ ਨਿਆਸਰਾ ਹੋਇਆ ਹੋਇਆ ਇਹ ਸਰੀਰ ਜੋ ਕੁਝ ਭੀ ਕਰਦਾ ਹੈ ਨਕਾਰੇ ਕੰਮ ਹੀ ਕਰਦਾ ਹੈ।
ਹੇ ਜਗਤ ਦੇ ਮਾਲਕ! ਤੂੰ ਹੀ ਕਿਰਪਾ ਕਰ! (ਤਾ ਕਿ ਇਹ ਗੁਰੂ ਦੇ ਸ਼ਬਦ ਵਿਚ ਲੱਗ ਕੇ ਸੁਧਰ ਜਾਏ) ਕੋਈ ਹੋਰ ਇਸ ਨੂੰ ਸੁਚੱਜੇ ਪਾਸੇ ਲਾਣ ਜੋਗਾ ਹੀ ਨਹੀਂ।
ਤੈਥੋਂ ਬਿਨਾ ਕੋਈ ਹੋਰ ਥਾਂ ਨਹੀਂ ਜਿਥੇ ਇਹ ਸਰੀਰ ਸੁਚੱਜੇ ਪਾਸੇ ਲੱਗ ਸਕੇ। (ਤੇਰੀ ਕ੍ਰਿਪਾ ਨਾਲ ਹੀ) ਇਹ ਗੁਰੂ ਦੇ ਸ਼ਬਦ ਵਿਚ ਲੱਗ ਕੇ ਸੁਧਰ ਸਕਦਾ ਹੈ।
ਨਾਨਕ ਆਖਦਾ ਹੈ ਕਿ ਪ੍ਰਭੂ-ਚਰਨਾਂ ਦੀ ਪ੍ਰੀਤ ਤੋਂ ਬਿਨਾ ਇਹ ਸਰੀਰ ਪਰ-ਅਧੀਨ (ਭਾਵ, ਮਾਇਆ ਦੇ ਪ੍ਰਭਾਵ ਹੇਠ) ਹੈ ਤੇ ਜੋ ਕੁਝ ਕਰਦਾ ਹੈ ਨਿਕੰਮਾ ਕੰਮ ਹੀ ਕਰਦਾ ਹੈ ॥੬॥
ਆਖਣ ਨੂੰ ਤਾਂ ਹਰ ਕੋਈ ਆਖ ਦੇਂਦਾ ਹੈ ਕਿ ਮੈਨੂੰ ਆਨੰਦ ਪ੍ਰਾਪਤ ਹੋ ਗਿਆ ਹੈ, ਪਰ (ਅਸਲ) ਆਨੰਦ ਦੀ ਸੂਝ ਗੁਰੂ ਤੋਂ ਹੀ ਮਿਲਦੀ ਹੈ।
ਹੇ ਪਿਆਰੇ ਭਾਈ! (ਅਸਲ) ਆਨੰਦ ਦੀ ਸੂਝ ਸਦਾ ਗੁਰੂ ਤੋਂ ਹੀ ਮਿਲਦੀ ਹੈ। (ਉਹ ਮਨੁੱਖ ਅਸਲ ਆਨੰਦ ਨਾਲ ਸਾਂਝ ਪਾਂਦਾ ਹੈ, ਜਿਸ ਉਤੇ ਗੁਰੂ) ਕਿਰਪਾ ਕਰਦਾ ਹੈ।
ਗੁਰੂ ਮੇਹਰ ਕਰ ਕੇ (ਉਸ ਦੇ) (ਅੰਦਰੋਂ) ਪਾਪ ਕੱਟ ਦੇਂਦਾ ਹੈ, ਤੇ (ਉਸ ਦੀਆਂ ਵਿਚਾਰ-ਅੱਖਾਂ ਵਿਚ) ਆਤਮਕ ਜੀਵਨ ਦੀ ਸੂਝ ਦਾ ਸੁਰਮਾ ਪਾਂਦਾ ਹੈ।
ਜਿਨ੍ਹਾਂ ਮਨੁੱਖਾਂ ਦੇ ਮਨ ਵਿਚੋਂ ਮਾਇਆ ਦਾ ਮੋਹ ਮੁੱਕ ਜਾਂਦਾ ਹੈ, ਅਕਾਲ ਪੁਰਖ ਉਹਨਾਂ ਦਾ ਬੋਲ ਹੀ ਸੁਚੱਜਾ ਮਿੱਠਾ ਕਰ ਦੇਂਦਾ ਹੈ।
ਨਾਨਕ ਆਖਦਾ ਹੈ ਕਿ ਅਸਲ ਆਨੰਦ ਇਹੀ ਹੈ, ਤੇ ਇਹ ਆਨੰਦ ਗੁਰੂ ਤੋਂ ਹੀ ਸਮਝਿਆ ਜਾ ਸਕਦਾ ਹੈ ॥੭॥
ਹੇ ਪ੍ਰਭੂ! ਜਿਸ ਮਨੁੱਖ ਨੂੰ ਤੂੰ (ਆਤਮਕ ਆਨੰਦ ਦੀ ਦਾਤਿ) ਦੇਂਦਾ ਹੈਂ ਉਹ ਪ੍ਰਾਪਤ ਕਰਦਾ ਹੈ।
ਉਹੀ ਮਨੁੱਖ (ਇਸ ਦਾਤ ਨੂੰ) ਮਾਣਦਾ ਹੈ ਜਿਸ ਨੂੰ ਤੂੰ ਦਿੰਦਾ ਹੈਂ, ਹੋਰਨਾਂ ਵਿਚਾਰਿਆਂ ਦੀ (ਮਾਇਆ ਦੇ ਹੜ੍ਹ ਅੱਗੇ) ਕੋਈ ਪੇਸ਼ ਨਹੀਂ ਜਾਂਦੀ।