ਕਈ ਬੰਦੇ (ਮਾਇਆ ਦੀ) ਭਟਕਣਾ ਵਿਚ (ਅਸਲ ਰਸਤੇ ਤੋਂ) ਭੁੱਲੇ ਹੋਏ ਦਸੀਂ ਪਾਸੀਂ ਦੌੜਦੇ ਫਿਰਦੇ ਹਨ, ਕਈ (ਭਾਗਾਂ ਵਾਲਿਆਂ ਨੂੰ) ਤੂੰ ਆਪਣੇ ਨਾਮ ਵਿਚ ਜੋੜ ਕੇ (ਉਹਨਾਂ ਦਾ ਜਨਮ) ਸਵਾਰ ਦੇਂਦਾ ਹੈਂ।
(ਇਸ ਤਰ੍ਹਾਂ ਤੇਰੀ ਮੇਹਰ ਨਾਲ) ਜਿਨ੍ਹਾਂ ਨੂੰ ਤੇਰੀ ਰਜ਼ਾ ਪਿਆਰੀ ਲੱਗਣ ਲੱਗ ਪੈਂਦੀ ਹੈ, ਗੁਰੂ ਦੀ ਕਿਰਪਾ ਨਾਲ ਉਹਨਾਂ ਦਾ ਮਨ ਪਵਿਤ੍ਰ ਹੋ ਜਾਂਦਾ ਹੈ (ਤੇ ਉਹ ਆਤਮਕ ਆਨੰਦ ਮਾਣਦੇ ਹਨ,
(ਪਰ) ਨਾਨਕ ਆਖਦਾ ਹੈ ਕਿ (ਹੇ ਪ੍ਰਭੂ!) ਜਿਸ ਨੂੰ ਤੂੰ (ਆਤਮਕ ਆਨੰਦ ਦੀ ਦਾਤਿ) ਬਖ਼ਸ਼ਦਾ ਹੈਂ ਉਹੀ ਇਸ ਨੂੰ ਮਾਣ ਸਕਦਾ ਹੈ ॥੮॥
ਹੇ ਪਿਆਰੇ ਸੰਤ ਜਨੋ! ਆਓ, ਅਸੀਂ (ਰਲ ਕੇ) ਬੇਅੰਤ ਗੁਣਾਂ ਵਾਲੇ ਪਰਮਾਤਮਾ ਦੀਆਂ ਸਿਫ਼ਤ-ਸਾਲਾਹ ਦੀਆਂ ਗੱਲਾਂ ਕਰੀਏ,
ਉਸ ਪ੍ਰਭੂ ਦੀਆਂ ਕਹਾਣੀਆਂ ਸੁਣੀਏ ਸੁਣਾਈਏ ਜਿਸ ਦੇ ਗੁਣ ਬਿਆਨ ਤੋਂ ਪਰੇ ਹਨ। (ਪਰ ਜੇ ਤੁਸੀ ਪੁੱਛੋ ਕਿ) ਉਹ ਪ੍ਰਭੂ ਕਿਸ ਤਰੀਕੇ ਨਾਲ ਮਿਲਦਾ ਹੈ?
(ਤਾਂ ਉੱਤਰ ਇਹ ਹੈ ਕਿ ਆਪਣਾ ਆਪ ਮਾਇਆ ਦੇ ਹਵਾਲੇ ਕਰਨ ਦੇ ਥਾਂ) ਆਪਣਾ ਤਨ ਮਨ ਧਨ ਸਭ ਕੁਝ ਗੁਰੂ ਦੇ ਹਵਾਲੇ ਕਰੋ (ਇਸ ਤਰ੍ਹਾਂ) ਜੇ ਗੁਰੂ ਦਾ ਹੁਕਮ ਮਿੱਠਾ ਲੱਗਣ ਲੱਗ ਪਏ ਤਾਂ ਪਰਮਾਤਮਾ ਮਿਲ ਪੈਂਦਾ ਹੈ।
(ਸੋ, ਸੰਤ ਜਨੋ!) ਗੁਰੂ ਦੇ ਹੁਕਮ ਉੱਤੇ ਤੁਰੋ ਤੇ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਗਾਇਆ ਕਰੋ।
ਨਾਨਕ ਆਖਦਾ ਹੈ ਕਿ ਹੇ ਸੰਤ ਜਨੋ ਸੁਣੋ, (ਉਸ ਨੂੰ ਮਿਲਣ ਦਾ ਅਤੇ ਆਤਮਕ ਆਨੰਦ ਮਾਣਨ ਦਾ ਸਹੀ ਰਸਤਾ ਇਹੀ ਹੈ ਕਿ) ਉਸ ਅਕੱਥ ਪ੍ਰਭੂ ਦੀਆਂ ਕਹਾਣੀਆਂ ਕਰਿਆ ਕਰੋ ॥੯॥
ਹੇ ਚੰਚਲ ਮਨ! ਚਲਾਕੀਆਂ ਨਾਲ ਕਿਸੇ ਨੇ ਭੀ (ਆਤਮਕ ਆਨੰਦ) ਹਾਸਲ ਨਹੀਂ ਕੀਤਾ।
ਹੇ ਮੇਰੇ ਮਨ! ਤੂੰ (ਧਿਆਨ ਨਾਲ) ਸੁਣ ਲੈ ਕਿ ਕਿਸੇ ਜੀਵ ਨੇ ਭੀ ਚਤੁਰਾਈ ਨਾਲ (ਪਰਮਾਤਮਾ ਦੇ ਮਿਲਾਪ ਦਾ ਆਨੰਦ) ਪ੍ਰਾਪਤ ਨਹੀਂ ਕੀਤਾ।
(ਅੰਦਰੋਂ ਮੋਹਣੀ ਮਾਇਆ ਵਿਚ ਭੀ ਫਸਿਆ ਰਹੇ, ਤੇ, ਬਾਹਰੋਂ ਨਿਰੀਆਂ ਗੱਲਾਂ ਨਾਲ ਆਤਮਕ ਆਨੰਦ ਚਾਹੇ, ਇਹ ਨਹੀਂ ਹੋ ਸਕਦਾ)। ਇਹ ਮਾਇਆ ਜੀਵਾਂ ਨੂੰ ਆਪਣੇ ਮੋਹ ਵਿਚ ਫਸਾਣ ਲਈ ਬੜੀ ਡਾਢੀ ਹੈ, ਇਸ ਨੇ ਇਸ ਭੁਲੇਖੇ ਵਿਚ ਪਾਇਆ ਹੋਇਆ ਹੈ ਕਿ ਮੋਹ ਮਿੱਠੀ ਚੀਜ਼ ਹੈ, ਇਸ ਤਰ੍ਹਾਂ ਕੁਰਾਹੇ ਪਾਈ ਰੱਖਦੀ ਹੈ।
(ਪਰ ਜੀਵ ਦੇ ਭੀ ਕੀਹ ਵੱਸ?) ਜਿਸ ਪ੍ਰਭੂ ਨੇ ਮਾਇਆ ਦੇ ਮੋਹ ਦੀ ਠਗਬੂਟੀ (ਜੀਵਾਂ ਨੂੰ) ਚੰਬੋੜੀ ਹੈ ਉਸੇ ਨੇ ਇਹ ਮੋਹਣੀ ਮਾਇਆ ਪੈਦਾ ਕੀਤੀ ਹੈ।
(ਸੋ, ਹੇ ਮੇਰੇ ਮਨ! ਆਪਣੇ ਆਪ ਨੂੰ ਮਾਇਆ ਤੋਂ ਸਦਕੇ ਕਰਨ ਦੇ ਥਾਂ) ਉਸ ਪ੍ਰਭੂ ਤੋਂ ਹੀ ਸਦਕੇ ਕਰੋ ਜਿਸ ਨੇ ਮਿੱਠਾ ਮੋਹ ਲਾਇਆ ਹੈ (ਤਦੋਂ ਹੀ ਇਹ ਮਿੱਠਾ ਮੋਹ ਮੁੱਕਦਾ ਹੈ)।
ਨਾਨਕ ਆਖਦਾ ਹੈ ਕਿ ਹੇ (ਮੇਰੇ) ਚੰਚਲ ਮਨ! ਚਤੁਰਾਈਆਂ ਨਾਲ ਕਿਸੇ ਨੇ (ਪਰਮਾਤਮਾ ਦੇ ਮਿਲਾਪ ਦਾ ਆਤਮਕ ਆਨੰਦ) ਨਹੀਂ ਲੱਭਾ ॥੧੦॥
ਹੇ ਪਿਆਰੇ ਮਨ! (ਜੇ ਤੂੰ ਸਦਾ ਦਾ ਆਤਮਕ ਆਨੰਦ ਲੋੜਦਾ ਹੈਂ ਤਾਂ) ਸਦਾ ਸੱਚੇ ਪ੍ਰਭੂ ਨੂੰ (ਆਪਣੇ ਅੰਦਰ) ਸੰਭਾਲ ਰੱਖ!
ਇਹ ਜੇਹੜਾ ਪਰਵਾਰ ਤੂੰ ਵੇਖਦਾ ਹੈਂ, ਇਸ ਨੇ ਤੇਰੇ ਨਾਲ ਨਹੀਂ ਨਿਭਣਾ।
ਇਸ ਪਰਵਾਰ ਦੇ ਮੋਹ ਵਿਚ ਕਿਉਂ ਫਸਦਾ ਹੈਂ? ਇਸ ਨੇ ਤੇਰੇ ਨਾਲ ਤੋੜ ਸਦਾ ਦਾ ਸਾਥ ਨਹੀਂ ਨਿਬਾਹ ਸਕਣਾ।
ਜਿਸ ਕੰਮ ਦੇ ਕੀਤਿਆਂ ਆਖ਼ਰ ਹੱਥ ਮਲਣੇ ਪੈਣ, ਉਹ ਕੰਮ ਕਦੇ ਭੀ ਕਰਨਾ ਨਹੀਂ ਚਾਹੀਦਾ।
ਸਤਿਗੁਰੂ ਦੀ ਸਿੱਖਿਆ (ਗਹੁ ਨਾਲ) ਸੁਣ, ਇਹ ਗੁਰ-ਉਪਦੇਸ਼ ਸਦਾ ਚੇਤੇ ਰੱਖਣਾ ਚਾਹੀਦਾ ਹੈ।
ਨਾਨਕ ਆਖਦਾ ਹੈ ਕਿ ਹੇ ਪਿਆਰੇ ਮਨ! (ਜੇ ਤੂੰ ਆਨੰਦ ਲੋੜਦਾ ਹੈਂ ਤਾਂ) ਸਦਾ-ਥਿਰ ਪਰਮਾਤਮਾ ਨੂੰ ਹਰ ਵੇਲੇ (ਆਪਣੇ ਅੰਦਰ) ਸਾਂਭ ਕੇ ਰੱਖ ॥੧੧॥