ਅਨੰਦੁ ਸਾਹਿਬ

(ਅੰਗ: 4)


ਅਗਮ ਅਗੋਚਰਾ ਤੇਰਾ ਅੰਤੁ ਨ ਪਾਇਆ ॥

(ਹੇ ਪਿਆਰੇ ਮਨ! ਸਦਾ ਪ੍ਰਭੂ ਨੂੰ ਆਪਣੇ ਅੰਦਰ ਸੰਭਾਲ ਰੱਖ, ਤੇ ਉਸ ਦੇ ਅੱਗੇ ਇਉਂ ਅਰਜ਼ੋਈ ਕਰ-) ਹੇ ਅਪਹੁੰਚ ਹਰੀ! ਹੇ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਰਹਿਣ ਵਾਲੇ ਪ੍ਰਭੂ! (ਤੇਰੇ ਗੁਣਾਂ ਦਾ) ਕਿਸੇ ਨੇ ਅੰਤ ਨਹੀਂ ਲੱਭਾ।

ਅੰਤੋ ਨ ਪਾਇਆ ਕਿਨੈ ਤੇਰਾ ਆਪਣਾ ਆਪੁ ਤੂ ਜਾਣਹੇ ॥

ਆਪਣੇ (ਅਸਲ) ਸਰੂਪ ਨੂੰ ਤੂੰ ਆਪ ਹੀ ਜਾਣਦਾ ਹੈਂ, ਹੋਰ ਕੋਈ ਜੀਵ ਤੇਰੇ ਗੁਣਾਂ ਦਾ ਅਖ਼ੀਰ ਨਹੀਂ ਲੱਭ ਸਕਦਾ।

ਜੀਅ ਜੰਤ ਸਭਿ ਖੇਲੁ ਤੇਰਾ ਕਿਆ ਕੋ ਆਖਿ ਵਖਾਣਏ ॥

ਕੋਈ ਹੋਰ ਜੀਵ (ਤੇਰੇ ਗੁਣਾਂ ਨੂੰ) ਆਖ ਕੇ ਬਿਆਨ ਕਰੇ ਭੀ ਕਿਸ ਤਰ੍ਹਾਂ? ਇਹ ਸਾਰੇ ਜੀਵ (ਤਾਂ) ਤੇਰਾ ਹੀ ਰਚਿਆ ਹੋਇਆ ਇਕ ਖੇਲ ਹੈ।

ਆਖਹਿ ਤ ਵੇਖਹਿ ਸਭੁ ਤੂਹੈ ਜਿਨਿ ਜਗਤੁ ਉਪਾਇਆ ॥

ਹਰੇਕ ਜੀਵ ਵਿਚ ਤੂੰ ਆਪ ਹੀ ਬੋਲਦਾ ਹੈਂ, ਹਰੇਕ ਜੀਵ ਦੀ ਤੂੰ ਆਪ ਹੀ ਸੰਭਾਲ ਕਰਦਾ ਹੈਂ (ਤੂੰ ਹੀ ਕਰਦਾ ਹੈਂ) ਜਿਸ ਨੇ ਇਹ ਸੰਸਾਰ ਪੈਦਾ ਕੀਤਾ ਹੈ।

ਕਹੈ ਨਾਨਕੁ ਤੂ ਸਦਾ ਅਗੰਮੁ ਹੈ ਤੇਰਾ ਅੰਤੁ ਨ ਪਾਇਆ ॥੧੨॥

ਨਾਨਕ ਆਖਦਾ ਹੈ ਕਿ (ਹੇ ਮੇਰੇ ਪਿਆਰੇ ਮਨ! ਪ੍ਰਭੂ ਅੱਗੇ ਇਉਂ ਅਰਜ਼ੋਈ ਕਰ-) ਤੂੰ ਸਦਾ ਅਪਹੁੰਚ ਹੈਂ, (ਕਿਸੇ ਜੀਵ ਨੇ ਤੇਰੇ ਗੁਣਾਂ ਦਾ ਕਦੇ) ਅੰਤ ਨਹੀਂ ਲੱਭਾ ॥੧੨॥

ਸੁਰਿ ਨਰ ਮੁਨਿ ਜਨ ਅੰਮ੍ਰਿਤੁ ਖੋਜਦੇ ਸੁ ਅੰਮ੍ਰਿਤੁ ਗੁਰ ਤੇ ਪਾਇਆ ॥

(ਆਤਮਕ ਆਨੰਦ ਇਕ ਐਸਾ) ਅੰਮ੍ਰਿਤ (ਹੈ ਜਿਸ) ਨੂੰ ਦੇਵਤੇ ਮਨੁੱਖ ਮੁਨੀ ਲੋਕ ਲੱਭਦੇ ਫਿਰਦੇ ਹਨ, (ਪਰ) ਇਹ ਅੰਮ੍ਰਿਤ ਗੁਰੂ ਤੋਂ ਹੀ ਮਿਲਦਾ ਹੈ।

ਪਾਇਆ ਅੰਮ੍ਰਿਤੁ ਗੁਰਿ ਕ੍ਰਿਪਾ ਕੀਨੀ ਸਚਾ ਮਨਿ ਵਸਾਇਆ ॥

ਜਿਸ ਮਨੁੱਖ ਉੱਤੇ ਗੁਰੂ ਨੇ ਮੇਹਰ ਕੀਤੀ ਉਸ ਨੇ (ਇਹ) ਅੰਮ੍ਰਿਤ ਪ੍ਰਾਪਤ ਕਰ ਲਿਆ (ਕਿਉਂਕਿ) ਉਸ ਨੇ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਆਪਣੇ ਮਨ ਵਿਚ ਟਿਕਾ ਲਿਆ।

ਜੀਅ ਜੰਤ ਸਭਿ ਤੁਧੁ ਉਪਾਏ ਇਕਿ ਵੇਖਿ ਪਰਸਣਿ ਆਇਆ ॥

ਹੇ ਪ੍ਰਭੂ! ਸਾਰੇ ਜੀਅ ਜੰਤ ਤੂੰ ਹੀ ਪੈਦਾ ਕੀਤੇ ਹਨ (ਤੂੰ ਹੀ ਇਹਨਾਂ ਨੂੰ ਪ੍ਰੇਰਦਾ ਹੈਂ, ਤੇਰੀ ਪ੍ਰੇਰਨਾ ਨਾਲ ਹੀ) ਕਈ ਜੀਵ (ਗੁਰੂ ਦਾ) ਦੀਦਾਰ ਕਰ ਕੇ (ਉਸ ਦੇ) ਚਰਨ ਛੁਹਣ ਆਉਂਦੇ ਹਨ,

ਲਬੁ ਲੋਭੁ ਅਹੰਕਾਰੁ ਚੂਕਾ ਸਤਿਗੁਰੂ ਭਲਾ ਭਾਇਆ ॥

ਸਤਿਗੁਰੂ ਉਹਨਾਂ ਨੂੰ ਪਿਆਰਾ ਲੱਗਦਾ ਹੈ (ਸਤਿਗੁਰੂ ਦੀ ਕਿਰਪਾ ਨਾਲ ਉਹਨਾਂ ਦਾ) ਲੱਬ ਲੋਭ ਤੇ ਅਹੰਕਾਰ ਦੂਰ ਹੋ ਜਾਂਦਾ ਹੈ।

ਕਹੈ ਨਾਨਕੁ ਜਿਸ ਨੋ ਆਪਿ ਤੁਠਾ ਤਿਨਿ ਅੰਮ੍ਰਿਤੁ ਗੁਰ ਤੇ ਪਾਇਆ ॥੧੩॥

ਨਾਨਕ ਆਖਦਾ ਹੈ ਕਿ ਪ੍ਰਭੂ ਜਿਸ ਮਨੁੱਖ ਉਤੇ ਪ੍ਰਸੰਨ ਹੁੰਦਾ ਹੈ, ਉਸ ਮਨੁੱਖ ਨੇ (ਆਤਮਕ ਆਨੰਦ-ਰੂਪ) ਅੰਮ੍ਰਿਤ ਗੁਰੂ ਤੋਂ ਪ੍ਰਾਪਤ ਕਰ ਲਿਆ ਹੈ ॥੧੩॥

ਭਗਤਾ ਕੀ ਚਾਲ ਨਿਰਾਲੀ ॥

(ਜੇਹੜੇ ਸੁਭਾਗ ਬੰਦੇ ਆਤਮਕ ਆਨੰਦ ਮਾਣਦੇ ਹਨ ਉਹੀ ਭਗਤ ਹਨ ਤੇ ਉਹਨਾਂ) ਭਗਤਾਂ ਦੀ ਜੀਵਨ-ਜੁਗਤੀ (ਦੁਨੀਆ ਦੇ ਲੋਕਾਂ ਨਾਲੋਂ ਸਦਾ) ਵੱਖਰੀ ਹੁੰਦੀ ਹੈ,

ਚਾਲਾ ਨਿਰਾਲੀ ਭਗਤਾਹ ਕੇਰੀ ਬਿਖਮ ਮਾਰਗਿ ਚਲਣਾ ॥

(ਇਹ ਪੱਕੀ ਗੱਲ ਹੈ ਕਿ ਉਹਨਾਂ) ਭਗਤਾਂ ਦੀ ਜੀਵਨ-ਜੁਗਤੀ (ਹੋਰਨਾਂ ਨਾਲੋਂ) ਵੱਖਰੀ ਹੁੰਦੀ ਹੈ। ਉਹ (ਬੜੇ) ਔਖੇ ਰਸਤੇ ਉਤੇ ਤੁਰਦੇ ਹਨ।

ਲਬੁ ਲੋਭੁ ਅਹੰਕਾਰੁ ਤਜਿ ਤ੍ਰਿਸਨਾ ਬਹੁਤੁ ਨਾਹੀ ਬੋਲਣਾ ॥

ਉਹ ਲੱਬ ਲੋਭ ਅਹੰਕਾਰ ਤੇ ਮਾਇਆ ਦੀ ਤ੍ਰਿਸ਼ਨਾ ਤਿਆਗਦੇ ਹਨ ਤੇ ਬਹੁਤਾ ਨਹੀਂ ਬੋਲਦੇ (ਭਾਵ, ਆਪਣੀ ਸੋਭਾ ਨਹੀਂ ਕਰਦੇ ਫਿਰਦੇ)।

ਖੰਨਿਅਹੁ ਤਿਖੀ ਵਾਲਹੁ ਨਿਕੀ ਏਤੁ ਮਾਰਗਿ ਜਾਣਾ ॥

ਇਸ ਰਸਤੇ ਉਤੇ ਤੁਰਨਾ (ਬੜੀ ਔਖੀ ਖੇਡ ਹੈ ਕਿਉਂਕਿ ਇਹ ਰਸਤਾ) ਖੰਡੇ ਦੀ ਧਾਰ ਨਾਲੋਂ ਤ੍ਰਿੱਖਾ ਹੈ ਤੇ ਵਾਲ ਨਾਲੋਂ ਪਤਲਾ ਹੈ (ਇਸ ਉਤੋਂ ਡਿੱਗਣ ਦੀ ਭੀ ਸੰਭਾਵਨਾ ਹਰ ਵੇਲੇ ਬਣੀ ਰਹਿੰਦੀ ਹੈ ਕਿਉਂਕਿ ਦੁਨੀਆ ਵਾਲੀ ਵਾਸਨਾ ਮਨ ਦੀ ਅਡੋਲਤਾ ਨੂੰ ਧੱਕਾ ਦੇ ਦੇਂਦੀ ਹੈ)।

ਗੁਰਪਰਸਾਦੀ ਜਿਨੀ ਆਪੁ ਤਜਿਆ ਹਰਿ ਵਾਸਨਾ ਸਮਾਣੀ ॥

ਪਰ ਜਿਨ੍ਹਾਂ ਨੇ ਗੁਰੂ ਦੀ ਕਿਰਪਾ ਨਾਲ ਆਪਾ-ਭਾਵ ਛੱਡ ਦਿੱਤਾ ਹੈ, ਉਹਨਾਂ ਦੀ (ਮਾਇਕ) ਵਾਸਨਾ ਹਰੀ-ਪ੍ਰਭੂ ਦੀ ਯਾਦ ਵਿਚ ਮੁੱਕ ਜਾਂਦੀ ਹੈ।

ਕਹੈ ਨਾਨਕੁ ਚਾਲ ਭਗਤਾ ਜੁਗਹੁ ਜੁਗੁ ਨਿਰਾਲੀ ॥੧੪॥

ਨਾਨਕ ਆਖਦਾ ਹੈ ਕਿ (ਆਤਮਕ ਆਨੰਦ ਮਾਣਨ ਵਾਲੇ) ਭਗਤ ਜਨਾਂ ਦੀ ਜੀਵਨ-ਜੁਗਤੀ ਸਦਾ ਤੋਂ ਹੀ (ਦੁਨੀਆ ਨਾਲੋਂ) ਵੱਖਰੀ ਚਲੀ ਆ ਰਹੀ ਹੈ ॥੧੪॥

ਜਿਉ ਤੂ ਚਲਾਇਹਿ ਤਿਵ ਚਲਹ ਸੁਆਮੀ ਹੋਰੁ ਕਿਆ ਜਾਣਾ ਗੁਣ ਤੇਰੇ ॥

ਹੇ ਮਾਲਕ-ਪ੍ਰਭੂ! ਜਿਵੇਂ ਤੂੰ (ਸਾਨੂੰ ਜੀਵਾਂ ਨੂੰ ਜੀਵਨ-ਸੜਕ ਉਤੇ) ਤੋਰਦਾ ਹੈਂ, ਤਿਵੇਂ ਅਸੀਂ ਤੁਰਦੇ ਹਾਂ (ਬੱਸ! ਮੈਨੂੰ ਇਤਨੀ ਹੀ ਸੂਝ ਪਈ ਹੈ), ਤੇਰੇ ਗੁਣਾਂ ਦਾ ਹੋਰ ਭੇਤ ਮੈਂ ਨਹੀਂ ਜਾਣਦਾ।

ਜਿਵ ਤੂ ਚਲਾਇਹਿ ਤਿਵੈ ਚਲਹ ਜਿਨਾ ਮਾਰਗਿ ਪਾਵਹੇ ॥

(ਮੈਂ ਇਹੀ ਸਮਝਿਆ ਹਾਂ ਕਿ) ਜਿਸ ਰਾਹੇ ਤੂੰ ਸਾਨੂੰ ਤੋਰਦਾ ਹੈਂ, ਉਸੇ ਰਾਹੇ ਅਸੀਂ ਤੁਰਦੇ ਹਾਂ। ਜਿਨ੍ਹਾਂ ਬੰਦਿਆਂ ਨੂੰ (ਆਤਮਕ ਆਨੰਦ ਮਾਣਨ ਦੇ) ਰਸਤੇ ਉਤੇ ਤੋਰਦਾ ਹੈਂ,

ਕਰਿ ਕਿਰਪਾ ਜਿਨ ਨਾਮਿ ਲਾਇਹਿ ਸਿ ਹਰਿ ਹਰਿ ਸਦਾ ਧਿਆਵਹੇ ॥

ਜਿਨ੍ਹਾਂ ਨੂੰ ਮੇਹਰ ਕਰ ਕੇ ਆਪਣੇ ਨਾਮ ਵਿਚ ਜੋੜਦਾ ਹੈਂ, ਉਹ ਬੰਦੇ ਸਦਾ ਹਰੀ-ਨਾਮ ਸਿਮਰਦੇ ਹਨ।

ਜਿਸ ਨੋ ਕਥਾ ਸੁਣਾਇਹਿ ਆਪਣੀ ਸਿ ਗੁਰਦੁਆਰੈ ਸੁਖੁ ਪਾਵਹੇ ॥

ਜਿਸ ਜਿਸ ਮਨੁੱਖ ਨੂੰ ਤੂੰ ਆਪਣੀ ਸਿਫ਼ਤ-ਸਾਲਾਹ ਦੀ ਬਾਣੀ ਸੁਣਾਉਂਦਾ ਹੈਂ (ਸੁਣਨ ਵਲ ਪ੍ਰੇਰਦਾ ਹੈਂ), ਉਹ ਬੰਦੇ ਗੁਰੂ ਦੇ ਦਰ ਤੇ (ਪਹੁੰਚ ਕੇ) ਆਤਮਕ ਆਨੰਦ ਮਾਣਦੇ ਹਨ।