ਨਾਨਕ ਆਖਦਾ ਹੈ ਕਿ ਹੇ ਸਦਾ-ਥਿਰ ਰਹਿਣ ਵਾਲੇ ਮਾਲਕ! ਜਿਵੇਂ ਤੈਨੂੰ ਚੰਗਾ ਲੱਗਦਾ ਹੈ, ਉਸੇ ਤਰ੍ਹਾਂ ਤੂੰ (ਸਾਨੂੰ ਜੀਵਾਂ ਨੂੰ) ਜੀਵਨ-ਰਾਹ ਉਤੇ ਤੋਰਦਾ ਹੈਂ ॥੧੫॥
(ਸਤਿਗੁਰੂ ਦਾ) ਇਹ ਸੋਹਣਾ ਸ਼ਬਦ (ਆਤਮਕ) ਆਨੰਦ ਦੇਣ ਵਾਲਾ ਗੀਤ ਹੈ,
(ਯਕੀਨ ਜਾਣੋ ਕਿ) ਸਤਿਗੁਰੂ ਨੇ ਜੇਹੜਾ ਸੋਹਣਾ ਸ਼ਬਦ ਸੁਣਾਇਆ ਹੈ ਉਹ ਸਦਾ ਆਤਮਕ ਆਨੰਦ ਦੇਣ ਵਾਲਾ ਹੈ।
ਪਰ ਇਹ ਗੁਰ-ਸ਼ਬਦ ਉਹਨਾਂ ਦੇ ਮਨ ਵਿਚ ਵੱਸਦਾ ਹੈ ਜਿਨ੍ਹਾਂ ਦੇ ਮੱਥੇ ਤੇ ਧੁਰੋਂ ਲਿਖਿਆ ਲੇਖ ਉੱਘੜਦਾ ਹੈ।
ਬਥੇਰੇ ਅਨੇਕਾਂ ਐਸੇ ਬੰਦੇ ਫਿਰਦੇ ਹਨ (ਜਿਨ੍ਹਾਂ ਦੇ ਮਨ ਵਿਚ ਗੁਰ-ਸ਼ਬਦ ਤਾਂ ਨਹੀਂ ਵੱਸਿਆ, ਪਰ ਗਿਆਨ ਦੀਆਂ) ਗੱਲਾਂ ਕਰਦੇ ਹਨ। ਨਿਰੀਆਂ ਗੱਲਾਂ ਨਾਲ ਆਤਮਕ ਆਨੰਦ ਕਿਸੇ ਨੂੰ ਨਹੀਂ ਮਿਲਿਆ।
ਨਾਨਕ ਆਖਦਾ ਹੈ ਕਿ ਸਤਿਗੁਰੂ ਦਾ ਸੁਣਾਇਆ ਹੋਇਆ ਸ਼ਬਦ ਹੀ ਆਤਮਕ ਆਨੰਦ-ਦਾਤਾ ਹੈ ॥੧੬॥
(ਗੁਰ ਸ਼ਬਦ ਦਾ ਸਦਕਾ) ਜਿਨ੍ਹਾਂ ਬੰਦਿਆਂ ਨੇ ਪਰਮਾਤਮਾ ਦਾ ਨਾਮ ਸਿਮਰਿਆ (ਉਹਨਾਂ ਦੇ ਅੰਦਰ ਐਸਾ ਆਨੰਦ ਪੈਦਾ ਹੋਇਆ ਕਿ ਮਾਇਆ ਵਾਲੇ ਰਸਾਂ ਦੀ ਉਹਨਾਂ ਨੂੰ ਖਿੱਚ ਹੀ ਨਾਹ ਰਹੀ, ਤੇ) ਉਹ ਬੰਦੇ ਪਵਿਤ੍ਰ ਜੀਵਨ ਵਾਲੇ ਬਣ ਗਏ।
ਗੁਰੂ ਦੀ ਸਰਨ ਪੈ ਕੇ ਜਿਨ੍ਹਾਂ ਜਿਨ੍ਹਾਂ ਨੇ ਹਰੀ ਦਾ ਨਾਮ ਸਿਮਰਿਆ ਉਹ ਸੁੱਧ ਆਚਰਨ ਵਾਲੇ ਹੋ ਗਏ।
(ਉਹਨਾਂ ਦੀ ਲਾਗ ਨਾਲ) ਉਹਨਾਂ ਦੇ ਮਾਤਾ ਪਿਤਾ ਪਰਵਾਰ ਦੇ ਜੀਵ ਪਵਿਤ੍ਰ ਜੀਵਨ ਵਾਲੇ ਬਣੇ, ਜਿਨ੍ਹਾਂ ਜਿਨ੍ਹਾਂ ਨੇ ਉਹਨਾਂ ਦੀ ਸੰਗਤ ਕੀਤੀ ਉਹ ਸਾਰੇ ਪਵਿਤ੍ਰ ਹੋ ਗਏ।
ਹਰੀ-ਨਾਮ (ਇਕ ਐਸਾ ਆਨੰਦ ਦਾ ਸੋਮਾ ਹੈ ਕਿ ਇਸ ਨੂੰ) ਜਪਣ ਵਾਲੇ ਭੀ ਪਵਿਤ੍ਰ ਤੇ ਸੁਣਨ ਵਾਲੇ ਭੀ ਪਵਿਤ੍ਰ ਹੋ ਜਾਂਦੇ ਹਨ, ਜੇਹੜੇ ਇਸ ਨੂੰ ਮਨ ਵਿਚ ਵਸਾਂਦੇ ਹਨ ਉਹ ਭੀ ਪਵਿਤ੍ਰ ਹੋ ਜਾਂਦੇ ਹਨ।
ਨਾਨਕ ਆਖਦਾ ਹੈ ਕਿ ਜਿਨ੍ਹਾਂ ਬੰਦਿਆਂ ਨੇ ਗੁਰੂ ਦੀ ਸਰਨ ਪੈ ਕੇ ਹਰੀ-ਨਾਮ ਸਿਮਰਿਆ ਹੈ ਉਹ ਸੁੱਧ ਆਚਰਨ ਵਾਲੇ ਹੋ ਗਏ ਹਨ ॥੧੭॥
ਮਾਇਆ ਦੇ ਮੋਹ ਵਿਚ ਫਸੇ ਰਿਹਾਂ ਮਨ ਵਿਚ ਸਦਾ ਤੌਖ਼ਲਾ-ਸਹਿਮ ਬਣਿਆ ਰਹਿੰਦਾ ਹੈ, (ਇਹ) ਤੌਖ਼ਲਾ-ਸਹਿਮ ਆਤਮਕ ਆਨੰਦ ਤੋਂ ਬਿਨਾ ਦੂਰ ਨਹੀਂ ਹੁੰਦਾ, (ਤੇ,) ਆਤਮਕ ਆਨੰਦ ਬਾਹਰੋਂ ਧਾਰਮਿਕ ਜਾਪਦੇ ਕਰਮ ਕੀਤਿਆਂ ਪੈਦਾ ਨਹੀਂ ਹੋ ਸਕਦਾ।
ਅਨੇਕਾਂ ਬੰਦੇ (ਅਜੇਹੇ) ਕਰਮ ਕਰ ਕਰ ਕੇ ਹਾਰ ਗਏ ਹਨ, ਪਰ ਮਨ ਦਾ ਤੌਖ਼ਲਾ-ਸਹਿਮ ਅਜੇਹੇ ਕਿਸੇ ਤਰੀਕੇ ਨਾਲ ਨਹੀਂ ਜਾਂਦਾ।
(ਜਿਤਨਾ ਚਿਰ) ਮਨ ਸਹਿਮ ਵਿਚ (ਹੈ ਉਤਨਾ ਚਿਰ) ਮੈਲਾ ਰਹਿੰਦਾ ਹੈ, ਮਨ ਦੀ ਇਹ ਮੈਲ ਕਿਸੇ (ਬਾਹਰਲੀ) ਜੁਗਤੀ ਨਾਲ ਨਹੀਂ ਧੁਪਦੀ।
ਗੁਰੂ ਦੇ ਸ਼ਬਦ ਵਿਚ ਜੁੜੋ, ਪਰਮਾਤਮਾ ਦੇ ਚਰਨਾਂ ਵਿਚ ਸਦਾ ਚਿੱਤ ਜੋੜੀ ਰੱਖੋ, (ਜੇ) ਮਨ (ਧੋਣਾ ਹੈ ਤਾਂ ਇਸ ਤਰ੍ਹਾਂ) ਧੋਵੋ।
ਨਾਨਕ ਆਖਦਾ ਹੈ ਕਿ ਗੁਰੂ ਦੀ ਕਿਰਪਾ ਨਾਲ ਹੀ (ਮਨੁੱਖ ਦੇ ਅੰਦਰ) ਆਤਮਕ ਆਨੰਦ ਪੈਦਾ ਹੁੰਦਾ ਹੈ, ਤੇ ਇਸ ਤਰ੍ਹਾਂ ਮਨ ਦਾ ਤੌਖ਼ਲਾ-ਸਹਿਮ ਦੂਰ ਹੋ ਜਾਂਦਾ ਹੈ ॥੧੮॥
(ਨਿਰੇ ਬਾਹਰੋਂ ਧਾਰਮਿਕ ਦਿੱਸਦੇ ਕਰਮ ਕਰਨ ਵਾਲੇ ਬੰਦੇ) ਮਨ ਵਿਚ (ਵਿਕਾਰਾਂ ਨਾਲ) ਮੈਲੇ ਰਹਿੰਦੇ ਹਨ ਤੇ ਸਿਰਫ਼ ਵੇਖਣ ਨੂੰ ਹੀ ਪਵਿਤ੍ਰ ਜਾਪਦੇ ਹਨ।
ਤੇ, ਜੇਹੜੇ ਬੰਦੇ ਬਾਹਰੋਂ ਪਵਿਤ੍ਰ ਦਿੱਸਣ, ਉਂਞ ਮਨੋਂ ਵਿਕਾਰੀ ਹੋਣ, ਉਹਨਾਂ ਨੇ ਆਪਣਾ ਜੀਵਨ ਇਉਂ ਵਿਅਰਥ ਗਵਾ ਲਿਆ ਸਮਝੋ ਜਿਵੇਂ ਕੋਈ ਜੁਆਰੀਆ ਜੂਏ ਵਿਚ ਧਨ ਹਾਰ ਆਉਂਦਾ ਹੈ।
(ਉਹਨਾਂ ਨੂੰ ਅੰਦਰੋ-ਅੰਦਰ) ਮਾਇਆ ਦੀ ਤ੍ਰਿਸ਼ਨਾ ਦਾ ਭਾਰਾ ਰੋਗ ਖਾਈ ਜਾਂਦਾ ਹੈ, (ਮਾਇਆ ਦੇ ਲਾਲਚ ਵਿਚ) ਮੌਤ ਨੂੰ ਉਹਨਾਂ ਭੁਲਾਇਆ ਹੁੰਦਾ ਹੈ।
(ਲੋਕਾਂ ਦੀਆਂ ਨਜ਼ਰਾਂ ਵਿਚ ਧਾਰਮਿਕ ਦਿੱਸਣ ਵਾਸਤੇ ਉਹ ਆਪਣੇ ਬਾਹਰੋਂ ਧਾਰਮਿਕ ਦਿੱਸਦੇ ਕਰਮਾਂ ਦੀ ਵਡਿਆਈ ਦੱਸਣ ਲਈ ਵੇਦ ਆਦਿਕ ਧਰਮ-ਪੁਸਤਕਾਂ ਵਿਚੋਂ ਹਵਾਲੇ ਦੇਂਦੇ ਹਨ, ਪਰ) ਵੇਦ ਆਦਿਕ ਧਰਮ-ਪੁਸਤਕਾਂ ਵਿਚ ਜੋ ਪ੍ਰਭੂ ਦਾ ਨਾਮ ਜਪਣ ਦਾ ਉੱਤਮ ਉਪਦੇਸ਼ ਹੈ ਉਸ ਵਲ ਉਹ ਧਿਆਨ ਨਹੀਂ ਕਰਦੇ, ਤੇ ਭੂਤਾਂ ਵਾਂਗ ਹੀ ਜਗਤ ਵਿਚ ਵਿਚਰਦੇ ਹਨ (ਜੀਵਨ-ਤਾਲ ਤੋਂ ਖੁੰਝੇ ਰਹਿੰਦੇ ਹਨ)।