(ਇਸ ਆਤਮਕ ਭੋਜਨ ਨੂੰ) ਜੇ ਕੋਈ ਮਨੁੱਖ ਸਦਾ ਖਾਂਦਾ ਰਹਿੰਦਾ ਹੈ, ਤਾਂ ਉਸ ਮਨੁੱਖ ਦਾ ਵਿਕਾਰਾਂ ਤੋਂ ਬਚਾਉ ਹੋ ਜਾਂਦਾ ਹੈ।
(ਜੇ ਆਤਮਕ 'ਉਧਾਰ' ਦੀ ਲੋੜ ਹੈ ਤਾਂ) ਆਤਮਕ ਪ੍ਰਸੰਨਤਾ ਦੇਣ ਵਾਲੀ ਇਹ ਨਾਮ-ਵਸਤੂ ਤਿਆਗੀ ਨਹੀਂ ਜਾ ਸਕਦੀ, ਇਸ ਨੂੰ ਸਦਾ ਹੀ ਆਪਣੇ ਹਿਰਦੇ ਵਿਚ ਸਾਂਭ ਰੱਖ।
ਹੇ ਨਾਨਕ! (ਇਸ ਨਾਮ ਵਸਤੂ ਦੀ ਬਰਕਤਿ ਨਾਲ) ਪ੍ਰਭੂ ਦੀ ਚਰਨੀਂ ਲੱਗ ਕੇ ਘੁੱਪ ਹਨੇਰਾ ਸੰਸਾਰ-ਸਮੁੰਦਰ ਤਰਿਆ ਜਾ ਸਕਦਾ ਹੈ ਅਤੇ ਹਰ ਥਾਂ ਪਰਮਾਤਮਾ ਦੇ ਆਪੇ ਦਾ ਪਰਕਾਸ਼ ਹੀ (ਦਿੱਸਣ ਲੱਗ ਪੈਂਦਾ ਹੈ) ॥੧॥
(ਹੇ ਪ੍ਰਭੂ!) ਮੈਂ ਤੇਰੇ ਕੀਤੇ ਉਪਕਾਰ ਦੀ ਕਦਰ ਨਹੀਂ ਸਮਝ ਸਕਦਾ, (ਉਪਕਾਰ ਦੀ ਦਾਤ ਸਾਂਭਣ ਲਈ) ਤੂੰ (ਆਪ ਹੀ) ਮੈਨੂੰ ਫਬਵਾਂ ਭਾਂਡਾ ਬਣਾਇਆ ਹੈ।
ਮੈਂ ਗੁਣ-ਹੀਨ ਵਿਚ ਕੋਈ ਗੁਣ ਨਹੀਂ ਹੈ। ਤੈਨੂੰ ਆਪ ਨੂੰ ਹੀ ਮੇਰੇ ਉਤੇ ਤਰਸ ਆ ਗਿਆ।
ਹੇ ਪ੍ਰਭੂ! ਤੇਰੇ ਮਨ ਵਿਚ ਮੇਰੇ ਵਾਸਤੇ ਤਰਸ ਪੈਦਾ ਹੋਇਆ, ਮੇਰੇ ਉੱਤੇ ਤੇਰੀ ਮਿਹਰ ਹੋਈ, ਤਾਂ ਮੈਨੂੰ ਮਿੱਤਰ ਗੁਰੂ ਮਿਲ ਪਿਆ (ਤੇਰਾ ਇਹ ਉਪਕਾਰ ਭੁਲਾਇਆ ਨਹੀਂ ਜਾ ਸਕਦਾ)।
ਨਾਨਕ ਆਖਦਾ ਹੈ- (ਹੁਣ ਪਿਆਰੇ ਗੁਰੂ ਪਾਸੋਂ) ਜਦੋਂ ਮੈਨੂੰ (ਤੇਰਾ) ਨਾਮ ਮਿਲਦਾ ਹੈ, ਤਾਂ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੋ ਜਾਂਦਾ ਹੈ, ਮੇਰਾ ਤਨ ਮੇਰਾ ਮਨ (ਉਸ ਆਤਮਕ ਜੀਵਨ ਦੀ ਬਰਕਤਿ ਨਾਲ) ਖਿੜ ਆਉਂਦਾ ਹੈ ॥੧॥
ਰਾਗ ਰਾਮਕਲੀ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ 'ਅਨੰਦ'।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਭਾਈ ਮਾਂ! (ਮੇਰੇ ਅੰਦਰ) ਪੂਰਨ ਖਿੜਾਉ ਪੈਦਾ ਹੋ ਗਿਆ ਹੈ (ਕਿਉਂਕਿ) ਮੈਨੂੰ ਗੁਰੂ ਮਿਲ ਪਿਆ ਹੈ।
ਮੈਨੂੰ ਗੁਰੂ ਮਿਲਿਆ ਹੈ, ਤੇ ਨਾਲ ਹੀ ਅਡੋਲ ਅਵਸਥਾ ਭੀ ਪ੍ਰਾਪਤ ਹੋ ਗਈ ਹੈ (ਭਾਵ, ਗੁਰੂ ਦੇ ਮਿਲਣ ਨਾਲ ਮੇਰਾ ਮਨ ਡੋਲਣੋਂ ਹਟ ਗਿਆ ਹੈ); ਮੇਰੇ ਮਨ ਵਿਚ (ਮਾਨੋ) ਖ਼ੁਸ਼ੀ ਦੇ ਵਾਜੇ ਵੱਜ ਪਏ ਹਨ,
ਸੋਹਣੇ ਰਾਗ ਆਪਣੇ ਪਰਵਾਰ ਤੇ ਰਾਣੀਆਂ ਸਮੇਤ (ਮੇਰੇ ਮਨ ਵਿਚ, ਮਾਨੋ,) ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਗੀਤ ਗਾਵਣ ਆ ਗਏ ਹਨ।
(ਤੁਸੀ ਭੀ) ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਗੀਤ ਗਾਵੋ। ਜਿਨ੍ਹਾਂ ਜਿਨ੍ਹਾਂ ਨੇ ਸਿਫ਼ਤ-ਸਾਲਾਹ ਦਾ ਸ਼ਬਦ ਮਨ ਵਿਚ ਵਸਾਇਆ ਹੈ (ਉਹਨਾਂ ਦੇ ਅੰਦਰ ਪੂਰਨ ਖਿੜਾਉ ਪੈਦਾ ਹੋ ਜਾਂਦਾ ਹੈ)।
ਨਾਨਕ ਆਖਦਾ ਹੈ (ਮੇਰੇ ਅੰਦਰ ਭੀ) ਆਨੰਦ ਬਣ ਗਿਆ ਹੈ (ਕਿਉਂਕਿ) ਮੈਨੂੰ ਸਤਿਗੁਰੂ ਮਿਲ ਪਿਆ ਹੈ ॥੧॥
ਹੇ ਮੇਰੇ ਮਨ! ਤੂੰ ਸਦਾ ਪ੍ਰਭੂ ਦੇ ਨਾਲ (ਜੁੜਿਆ) ਰਹੁ।
ਹੇ ਮੇਰੇ ਮਨ! ਤੂੰ ਸਦਾ ਪ੍ਰਭੂ ਨੂੰ ਯਾਦ ਰੱਖ।
ਉਹ ਪ੍ਰਭੂ ਸਾਰੇ ਦੁੱਖ ਦੂਰ ਕਰਨ ਵਾਲਾ ਹੈ।
ਉਹ ਸਦਾ ਤੇਰੀ ਸਹਾਇਤਾ ਕਰਨ ਵਾਲਾ ਹੈ ਤੇਰੇ ਸਾਰੇ ਕੰਮ ਸਿਰੇ ਚਾੜ੍ਹਨ ਦੇ ਸਮਰੱਥ ਹੈ।
ਉਸ ਮਾਲਕ ਨੂੰ ਕਿਉਂ (ਆਪਣੇ) ਮਨ ਤੋਂ ਭੁਲਾਂਦਾ ਹੈਂ ਜੋ ਸਾਰੇ ਕੰਮ ਕਰਨ-ਜੋਗਾ ਹੈ? ਨਾਨਕ ਆਖਦਾ ਹੈ ਕਿ ਹੇ ਮੇਰੇ ਮਨ! ਤੂੰ ਸਦਾ ਪ੍ਰਭੂ ਦੇ ਚਰਨਾਂ ਵਿਚ ਜੁੜਿਆ ਰਹੁ ॥੨॥