ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਭੋਗ (ਮੁੰਦਾਵਣੀ)

(ਅੰਗ: 1)


ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਸਲੋਕ ਮਹਲਾ ੯ ॥

ਗੁਰੂ ਤੇਗਬਹਾਦਰ ਜੀ ਦੇ ਸਲੋਕ।

ਗੁਨ ਗੋਬਿੰਦ ਗਾਇਓ ਨਹੀ ਜਨਮੁ ਅਕਾਰਥ ਕੀਨੁ ॥

ਜੇ ਤੂੰ ਪਰਮਾਤਮਾ ਦੇ ਗੁਣ ਕਦੇ ਨਹੀਂ ਗਾਏ, ਤਾਂ ਤੂੰ ਆਪਣਾ ਮਨੁੱਖਾ ਜਨਮ ਨਿਕੰਮਾ ਕਰ ਲਿਆ।

ਕਹੁ ਨਾਨਕ ਹਰਿ ਭਜੁ ਮਨਾ ਜਿਹ ਬਿਧਿ ਜਲ ਕਉ ਮੀਨੁ ॥੧॥

ਨਾਨਕ ਆਖਦਾ ਹੈ- ਹੇ ਮਨ! ਪਰਮਾਤਮਾ ਦਾ ਭਜਨ ਕਰਿਆ ਕਰ (ਤੇ, ਉਸ ਨੂੰ ਇਉਂ ਜ਼ਿੰਦਗੀ ਦਾ ਆਸਰਾ ਬਣਾ) ਜਿਵੇਂ ਪਾਣੀ ਨੂੰ ਮੱਛੀ (ਆਪਣੀ ਜਿੰਦ ਦਾ ਆਸਰਾ ਬਣਾਈ ਰੱਖਦੀ ਹੈ) ॥੧॥

ਬਿਖਿਅਨ ਸਿਉ ਕਾਹੇ ਰਚਿਓ ਨਿਮਖ ਨ ਹੋਹਿ ਉਦਾਸੁ ॥

ਤੂੰ ਵਿਸ਼ਿਆਂ ਨਾਲ ਕਿਉਂ (ਇਤਨਾ) ਮਸਤ ਰਹਿੰਦਾ ਹੈਂ? ਤੂੰ ਅੱਖ ਝਮਕਣ ਜਿਤਨੇ ਸਮੇ ਲਈ ਭੀ ਵਿਸ਼ਿਆਂ ਤੋਂ ਚਿੱਤ ਨਹੀਂ ਹਟਾਂਦਾ।

ਕਹੁ ਨਾਨਕ ਭਜੁ ਹਰਿ ਮਨਾ ਪਰੈ ਨ ਜਮ ਕੀ ਫਾਸ ॥੨॥

ਨਾਨਕ ਆਖਦਾ ਹੈ- ਹੇ ਮਨ! ਪਰਮਾਤਮਾ ਦਾ ਭਜਨ ਕਰਿਆ ਕਰ। (ਭਜਨ ਦੀ ਬਰਕਤਿ ਨਾਲ) ਜਮਾਂ ਦੀ ਫਾਹੀ (ਗਲ ਵਿਚ) ਨਹੀਂ ਪੈਂਦੀ ॥੨॥

ਤਰਨਾਪੋ ਇਉ ਹੀ ਗਇਓ ਲੀਓ ਜਰਾ ਤਨੁ ਜੀਤਿ ॥

(ਤੇਰੀ) ਜੁਆਨੀ ਬੇ-ਪਰਵਾਹੀ ਵਿਚ ਹੀ ਲੰਘ ਗਈ, (ਹੁਣ) ਬੁਢੇਪੇ ਨੇ ਤੇਰੇ ਸਰੀਰ ਨੂੰ ਜਿੱਤ ਲਿਆ ਹੈ।

ਕਹੁ ਨਾਨਕ ਭਜੁ ਹਰਿ ਮਨਾ ਅਉਧ ਜਾਤੁ ਹੈ ਬੀਤਿ ॥੩॥

ਨਾਨਕ ਆਖਦਾ ਹੈ- ਹੇ ਮਨ! ਪਰਮਾਤਮਾ ਦਾ ਭਜਨ ਕਰਿਆ ਕਰ। ਉਮਰ ਲੰਘਦੀ ਜਾ ਰਹੀ ਹੈ ॥੩॥

ਬਿਰਧਿ ਭਇਓ ਸੂਝੈ ਨਹੀ ਕਾਲੁ ਪਹੂਚਿਓ ਆਨਿ ॥

(ਵੇਖ, ਤੂੰ ਹੁਣ) ਬੁੱਢਾ ਹੋ ਗਿਆ ਹੈਂ (ਪਰ ਤੈਨੂੰ ਅਜੇ ਭੀ ਇਹ) ਸਮਝ ਨਹੀਂ ਆ ਰਹੀ ਕਿ ਮੌਤ (ਸਿਰ ਤੇ) ਆ ਪਹੁੰਚੀ ਹੈ।

ਕਹੁ ਨਾਨਕ ਨਰ ਬਾਵਰੇ ਕਿਉ ਨ ਭਜੈ ਭਗਵਾਨੁ ॥੪॥

ਨਾਨਕ ਆਖਦਾ ਹੈ- ਹੇ ਝੱਲੇ ਮਨੁੱਖ! ਤੂੰ ਕਿਉਂ ਪਰਮਾਤਮਾ ਦਾ ਭਜਨ ਨਹੀਂ ਕਰਦਾ? ॥੪॥

ਧਨੁ ਦਾਰਾ ਸੰਪਤਿ ਸਗਲ ਜਿਨਿ ਅਪੁਨੀ ਕਰਿ ਮਾਨਿ ॥

(ਹੇ ਭਾਈ!) ਧਨ, ਇਸਤ੍ਰੀ, ਸਾਰੀ ਜਾਇਦਾਦ-(ਇਸ ਨੂੰ) ਆਪਣੀ ਕਰ ਕੇ ਨਾਹ ਮੰਨ।

ਇਨ ਮੈ ਕਛੁ ਸੰਗੀ ਨਹੀ ਨਾਨਕ ਸਾਚੀ ਜਾਨਿ ॥੫॥

ਹੇ ਨਾਨਕ! ਇਹ ਗੱਲ ਸੱਚੀ ਸਮਝ ਕਿ ਇਹਨਾਂ ਸਾਰਿਆਂ ਵਿਚੋਂ ਕੋਈ ਇੱਕ ਭੀ ਤੇਰਾ ਸਾਥੀ ਨਹੀਂ ਬਣ ਸਕਦਾ ॥੫॥

ਪਤਿਤ ਉਧਾਰਨ ਭੈ ਹਰਨ ਹਰਿ ਅਨਾਥ ਕੇ ਨਾਥ ॥

ਪ੍ਰਭੂ ਜੀ ਵਿਕਾਰੀਆਂ ਨੂੰ ਵਿਕਾਰਾਂ ਤੋਂ ਬਚਾਣ ਵਾਲੇ ਹਨ, ਸਾਰੇ ਡਰ ਦੂਰ ਕਰਨ ਵਾਲੇ ਹਨ, ਅਤੇ ਨਿਖਸਮਿਆਂ ਦੇ ਖਸਮ ਹਨ।

ਕਹੁ ਨਾਨਕ ਤਿਹ ਜਾਨੀਐ ਸਦਾ ਬਸਤੁ ਤੁਮ ਸਾਥਿ ॥੬॥

ਨਾਨਕ ਆਖਦਾ ਹੈ- ਉਸ (ਪ੍ਰਭੂ) ਨੂੰ (ਇਉਂ) ਸਮਝਣਾ ਚਾਹੀਦਾ ਹੈ ਕਿ ਉਹ ਸਦਾ ਤੇਰੇ ਨਾਲ ਵੱਸਦਾ ਹੈ ॥੬॥

ਤਨੁ ਧਨੁ ਜਿਹ ਤੋ ਕਉ ਦੀਓ ਤਾਂ ਸਿਉ ਨੇਹੁ ਨ ਕੀਨ ॥

ਜਿਸ (ਪਰਮਾਤਮਾ) ਨੇ ਤੈਨੂੰ ਸਰੀਰ ਦਿੱਤਾ, ਧਨ ਦਿੱਤਾ, ਤੂੰ ਉਸ ਨਾਲ ਪਿਆਰ ਨਾਹ ਪਾਇਆ,

ਕਹੁ ਨਾਨਕ ਨਰ ਬਾਵਰੇ ਅਬ ਕਿਉ ਡੋਲਤ ਦੀਨ ॥੭॥

ਨਾਨਕ ਆਖਦਾ ਹੈ- ਹੇ ਝੱਲੇ ਮਨੁੱਖ! ਹੁਣ ਆਤੁਰ ਹੋ ਕੇ ਘਬਰਾਇਆ ਕਿਉਂ ਫਿਰਦਾ ਹੈਂ (ਭਾਵ, ਉਸ ਹਰੀ ਨੂੰ ਯਾਦ ਕਰਨ ਤੋਂ ਬਿਨਾ ਘਬਰਾਣਾ ਤਾਂ ਹੋਇਆ ਹੀ) ॥੭॥

ਤਨੁ ਧਨੁ ਸੰਪੈ ਸੁਖ ਦੀਓ ਅਰੁ ਜਿਹ ਨੀਕੇ ਧਾਮ ॥

ਜਿਸ (ਪਰਮਾਤਮਾ) ਨੇ ਸਰੀਰ ਦਿੱਤਾ, ਧਨ ਦਿੱਤਾ, ਜਾਇਦਾਦ ਦਿੱਤੀ, ਸੁਖ ਦਿੱਤੇ ਅਤੇ ਸੋਹਣੇ ਘਰ ਦਿੱਤੇ,

ਕਹੁ ਨਾਨਕ ਸੁਨੁ ਰੇ ਮਨਾ ਸਿਮਰਤ ਕਾਹਿ ਨ ਰਾਮੁ ॥੮॥

ਨਾਨਕ ਆਖਦਾ ਹੈ- ਹੇ ਮਨ! ਸੁਣ, ਉਸ ਪਰਮਾਤਮਾ ਦਾ ਤੂੰ ਸਿਮਰਨ ਕਿਉਂ ਨਹੀਂ ਕਰਦਾ? ॥੮॥

ਸਭ ਸੁਖ ਦਾਤਾ ਰਾਮੁ ਹੈ ਦੂਸਰ ਨਾਹਿਨ ਕੋਇ ॥

ਪਰਮਾਤਮਾ (ਹੀ) ਸਾਰੇ ਸੁਖ ਦੇਣ ਵਾਲਾ ਹੈ, (ਉਸ ਦੇ ਬਰਾਬਰ ਦਾ ਹੋਰ) ਕੋਈ ਦੂਜਾ ਨਹੀਂ ਹੈ।

ਕਹੁ ਨਾਨਕ ਸੁਨਿ ਰੇ ਮਨਾ ਤਿਹ ਸਿਮਰਤ ਗਤਿ ਹੋਇ ॥੯॥

ਨਾਨਕ ਆਖਦਾ ਹੈ- ਹੇ ਮਨ! ਸੁਣ, ਉਸ (ਦਾ ਨਾਮ) ਸਿਮਰਦਿਆਂ ਉੱਚੀ ਆਤਮਕ ਅਵਸਥਾ (ਭੀ) ਪ੍ਰਾਪਤ ਹੋ ਜਾਂਦੀ ਹੈ ॥੯॥