(ਤੇਰੇ) ਅੱਠ (ਹੱਥਾਂ ਵਿਚ) ਸ਼ਸਤ੍ਰ ਚਮਕਦੇ ਹਨ, ਗਹਿਣੇ ਲਿਸ਼ਕ ਰਹੇ ਹਨ, (ਮਾਨੋ) ਅਤਿ ਚਿੱਟੇ (ਸੱਪ ਵੈਰੀਆਂ) ਨੂੰ ਫੁੰਕਾਰ ਰਹੇ ਹੋਣ।
(ਹੇ) ਮਹਿਖਾਸੁਰ ਦੈਂਤ ਨੂੰ ਮਾਰਨ ਵਾਲੀ, ਸੁੰਦਰ ਕੇਸਾਂ ਦਾ ਜੂੜਾ ਕਰਨ ਵਾਲੀ ਅਤੇ ਦੈਂਤਾਂ ਨੂੰ ਜਿਤਣ ਵਾਲੀ! (ਤੇਰੀ) ਜੈ ਜੈਕਾਰ ਹੋਵੇ ॥੩॥੨੧੩॥
(ਹੇ) ਯੁੱਧ-ਭੂਮੀ ਵਿਚ ਚੰਡ ਦੈਂਤ ਨੂੰ ਮਾਰਨ ਵਾਲੀ, ਮੁੰਡ ਦੈਂਤ ਨੂੰ ਖ਼ਤਮ ਕਰਨ ਵਾਲੀ ਅਤੇ ਟੋਟੇ ਨਾ ਕੀਤੇ ਜਾ ਸਕਣ ਵਾਲਿਆਂ ਦੇ ਟੋਟੇ ਕਰਨ ਵਾਲੀ,
ਬਿਜਲੀ ਵਾਂਗ ਚਮਕਣ ਵਾਲੀ, ਝੂਲਦੇ ਝੰਡਿਆਂ ਵਾਲੀ, ਸੱਪ ਵਾਂਗ ਸ਼ੂਕਦੇ ਤੀਰਾਂ ਵਾਲੀ ਅਤੇ ਯੋਧਿਆਂ ਨੂੰ ਜਿਤਣ ਵਾਲੀ,
ਤੀਰਾਂ ਦਾ ਮੀਂਹ ਵਸਾਉਣ ਵਾਲੀ, ਦੁਸ਼ਟਾਂ ਨੂੰ ਘਸੀਟ ਘਸੀਟ ਕੇ ਮਾਰਨ ਵਾਲੀ, ਬਲਵਾਨ ਯੋਧਿਆਂ ਨੂੰ ਪ੍ਰਸੰਨ ਕਰਨ ਵਾਲੀ ਅਤੇ ਦੁਸ਼ਟਾਂ ਨੂੰ ਮਿਧਣ ਵਾਲੀ,
ਮਹਿਖਾਸੁਰ ਨੂੰ ਮਾਰਨ ਵਾਲੀ, ਭੂਮੀ, ਆਕਾਸ਼, ਪਾਤਾਲ, ਉਪਰ ਹੇਠਾਂ ਸਭ ਵਿਚ ਵਿਆਪਤ! (ਤੇਰੀ) ਜੈ ਜੈਕਾਰ ਹੋਵੇ ॥੪॥੨੧੪॥
ਹੇ ਬਿਜਲੀ ਦੀ ਚਮਕ ਵਰਗੇ ਹਾਸੇ ਵਾਲੀ, ਅਤਿ ਸੁੰਦਰਤਾ ਵਿਚ ਨਿਵਾਸ ਕਰਨ ਵਾਲੀ (ਅਤਿਅੰਤ ਸੁੰਦਰੀ) ਸ੍ਰਿਸ਼ਟੀ ਦਾ ਪ੍ਰਕਾਸ਼ ਕਰਨ ਵਾਲੀ, ਗੰਭੀਰ ਗਤੀ ਵਾਲੀ,
ਦੈਂਤਾਂ ਦਾ ਲਹੂ ਪੀਣ ਵਾਲੀ, ਯੁੱਧ ਵਿਚ ਉਤਸਾਹ ਵਧਾਉਣ ਵਾਲੀ, ਜ਼ਾਲਮਾਂ ਨੂੰ ਖਾ ਜਾਣ ਵਾਲੀ, ਧਾਰਮਿਕ ਬਿਰਤੀ ਵਾਲੀ,
ਲਹੂ ਪੀਣ ਵਾਲੀ, ਅਗਨੀ ਉਗਲਣ ਵਾਲੀ, ਯੋਗ-ਮਾਇਆ ਨੂੰ ਜਿਤਣ ਵਾਲੀ ਅਤੇ ਖੜਗ ਧਾਰਨ ਕਰਨ ਵਾਲੀ,
ਮਹਿਖਾਸੁਰ ਨੂੰ ਮਾਰਨ ਵਾਲੀ, ਪਾਪਾਂ ਦਾ ਨਾਸ਼ ਕਰਨ ਵਾਲੀ, ਧਰਮ ਦੀ ਸਥਾਪਨਾ ਕਰਨ ਵਾਲੀ! (ਤੇਰੀ) ਜੈ ਜੈਕਾਰ ਹੋਵੇ ॥੫॥੨੧੫॥
(ਹੇ) ਸਾਰੇ ਪਾਪਾਂ ਨੂੰ ਖ਼ਤਮ ਕਰਨ ਵਾਲੀ, ਦੁਸ਼ਟਾਂ ਨੂੰ ਸਾੜਨ ਵਾਲੀ, ਸ੍ਰਿਸ਼ਟੀ ਦਾ ਉੱਧਾਰ ਕਰਨ ਵਾਲੀ ਅਤੇ ਸ਼ੁੱਧ ਮਤ ਵਾਲੀ,
(ਗਲ ਵਿਚ ਪਾਏ) ਫੁੰਕਾਰਦੇ ਸੱਪਾਂ ਵਾਲੀ, ਸ਼ੇਰ ਨੂੰ ਬੁਕਾਉਣ ਵਾਲੀ, ਸ਼ਸਤ੍ਰਾਂ ਨੂੰ ਚਲਾਉਣ ਵਾਲੀ ਅਤੇ ਸਾਧੂ ਮਤ ਵਾਲੀ,
ਸੈਹਥੀ (ਆਦਿ ਸ਼ਸਤ੍ਰ) ਅੱਠਾਂ ਭੁਜਾਵਾਂ ਨਾਲ ਚਲਾਉਣ ਵਾਲੀ, ਕਵਚ ਧਾਰਨ ਕਰਨ ਵਾਲੀ, ਬੋਲਾਂ ਨੂੰ ਪੂਰਾ ਕਰਨ ਵਾਲੀ ਅਤੇ ਅਤੁੱਲ ਤੇਜ ਵਾਲੀ,
ਮਹਿਖਾਸੁਰ ਨੂੰ ਮਾਰਨ ਵਾਲੀ ਅਤੇ ਭੂਮੀ, ਆਕਾਸ਼, ਪਾਤਾਲ ਅਤੇ ਜਲ ਵਿਚ (ਨਿਵਾਸ ਕਰਨ ਵਾਲੀ! ਤੇਰੀ) ਜੈ ਜੈਕਾਰ ਹੋਵੇ ॥੬॥੨੧੬॥
(ਹੇ ਯੁੱਧ-ਭੂਮੀ ਵਿਚ) ਸ਼ਸਤ੍ਰ ਨੂੰ ਚਮਕਾਉਣ ਵਾਲੀ, ਚਿੱਛੁਰ ਰਾਖਸ਼ ਨੂੰ ਮਾਰਨ ਵਾਲੀ, ਧੂਮ੍ਰਲੋਚਨ ਦੈਂਤ ਨੂੰ (ਬੋਟੀ ਬੋਟੀ ਕਰ ਕੇ) ਮਾਰਨ ਵਾਲੀ;
ਅਤੇ (ਵੈਰੀਆਂ ਦੇ) ਹੰਕਾਰ ਨੂੰ ਮੱਥਣ ਵਾਲੀ, ਅਨਾਰ ਦੇ ਦਾਣਿਆਂ ਵਰਗੇ (ਸੋਹਣੇ ਅਤੇ ਪੱਕੇ) ਦੰਦਾਂ ਵਾਲੀ, ਯੋਗਮਾਇਆ ਕਾਰਨ ਜਿਤਣ ਵਾਲੇ ਮਨੁੱਖਾਂ ਨੂੰ ਰਗੜਨ ਵਾਲੀ ਅਤੇ ਗੂੜ੍ਹ ਬ੍ਰਿੱਤਾਂਤ ਵਾਲੀ,
ਕਰਮਾਂ ਨੂੰ ਨਸ਼ਟ ਕਰਨ ਵਾਲੀ, ਚੰਦ੍ਰਮਾ ਵਰਗੇ ਪ੍ਰਕਾਸ਼ ਵਾਲੀ, ਸੂਰਜ ਨਾਲੋਂ ਵੀ ਤੀਬਰ ਤੇਜ ਵਾਲੀ, ਅਤੇ ਅੱਠ ਭੁਜਾਵਾਂ ਵਾਲੀ,
ਮਹਿਖਾਸੁਰ ਨੂੰ ਮਾਰਨ ਵਾਲੀ, ਭਰਮਾਂ ਨੂੰ ਨਸ਼ਟ ਕਰਨ ਵਾਲੀ ਅਤੇ ਧਰਮ ਦੀ ਧੁਜਾ! (ਤੇਰੀ) ਜੈ ਜੈਕਾਰ ਹੋਵੇ ॥੭॥੨੧੭॥
(ਹੇ ਯੁੱਧ-ਭੂਮੀ ਵਿਚ) ਪੈਰਾਂ ਦੇ ਘੁੰਘਰੂ ਛਣਕਾਉਣ ਵਾਲੀ, ਸ਼ਸਤ੍ਰਾਂ ਨੂੰ ਚਮਕਾਉਣ ਵਾਲੀ, ਸੱਪਾਂ ਦੀ ਫੁੰਕਾਰ ਵਾਲੀ ਅਤੇ ਧਰਮ ਦੀ ਧੁਜਾ ਦੇ ਸਰੂਪ ਵਾਲੀ,
ਠਾਹ-ਠਾਹ ਕਰ ਕੇ ਹੱਸਣ ਵਾਲੀ, ਸ੍ਰਿਸ਼ਟੀ ਵਿਚ ਨਿਵਾਸ ਕਰਨ ਵਾਲੀ, ਦੁਸ਼ਟਾਂ ਦਾ ਨਾਸ਼ ਕਰਨ ਵਾਲੀ ਅਤੇ ਚੌਹਾਂ ਚੱਕਾਂ ਵਿਚ ਗਤਿਮਾਨ ਹੋਣ ਵਾਲੀ,