ਦੋਹਰਾ:
ਕਰਨ ਯੋਗ ਕਰਮ ਕਿਹੜਾ ਹੈ ਅਤੇ ਭਰਮ ਦਾ ਨਾਸ਼ ਕਿਵੇਂ ਹੁੰਦਾ ਹੈ?
ਚਿੰਤਨ ਕੀ ਹੈ, ਚੇਸ਼ਟਾ ਕੀ ਹੈ ਅਤੇ ਅਚਿੰਤ੍ਯ ਦਾ ਪ੍ਰਕਾਸ਼ ਕੀ ਹੈ? ॥੮॥੨੦੮॥
ਦੋਹਰਾ:
ਨਿਯਮ ਕੀ ਹੈ, ਸੰਜਮ ਕੀ ਹੈ, ਗਿਆਨ ਅਤੇ ਅਗਿਆਨ ਕੀ ਹੈ?
ਰੋਗੀ ਕੌਣ ਹੈ, ਸੋਗੀ ਕੌਣ ਹੈ ਅਤੇ ਧਰਮ ਦੀ ਹਾਨੀ ਕਿਥੇ ਹੁੰਦੀ ਹੈ ॥੯॥੨੦੯॥
ਦੋਹਰਾ:
ਸੂਰਮਾ ਕੌਣ ਹੈ, ਸੁੰਦਰ ਕੌਣ ਹੈ ਅਤੇ ਯੋਗ ਦਾ ਸਾਰ ਕੀ ਹੈ?
ਕਰਤਾ ਕੌਣ ਹੈ, ਗਿਆਨੀ ਕੌਣ ਹੈ? ਇਨ੍ਹਾਂ ਦਾ ਵਿਚਾਰ-ਅਵਿਚਾਰ (ਮੈਨੂੰ) ਦਸੋ ॥੧੦॥੨੧੦॥
ਤੇਰੀ ਕ੍ਰਿਪਾ ਨਾਲ: ਦੀਰਘ ਤ੍ਰਿਭੰਗੀ ਛੰਦ:
ਦੁਸ਼ਟਾਂ ਦੇ ਦਲਾਂ ਨੂੰ ਦੰਡ ਦੇਣਾ, ਦੈਂਤਾਂ ਨੂੰ ਨਸ਼ਟ ਕਰਨਾ ਅਤੇ ਦੁਰਜਨਾਂ ਨੂੰ ਜੜ੍ਹੋਂ ਪੁਟਣਾ (ਜਿਸ ਦਾ) ਆਦਿ ਕਾਲ ਤੋਂ ਸੁਭਾ ਹੈ;
ਚਿੱਛਰ ਦੈਂਤ ਨੂੰ ਮਾਰਨ ਵਾਲੀ, ਪਾਪੀਆਂ ਦਾ ਉੱਧਾਰ ਕਰਨ ਵਾਲੀ, ਨਰਕਾਂ ਤੋਂ ਬਚਾਉਣ ਵਾਲੀ (ਜਿਸ ਦੀ) ਗਤੀ ਬਹੁਤ ਗੰਭੀਰ ਹੈ;
(ਹੇ) ਨਾ ਨਸ਼ਟ ਹੋਣ ਵਾਲੀ, ਨਾ ਖੰਡਿਤ ਹੋਣ ਵਾਲੀ, ਪ੍ਰਚੰਡ ਤੇਜ ਵਾਲੀ, ਘਮੰਡੀਆਂ ਨੂੰ ਖੰਡ ਖੰਡ ਕਰਨ ਵਾਲੀ ਅਤੇ ਗੁਝੇ ਵਿਚਾਰਾਂ ਵਾਲੀ,
ਮਹਿਖਾਸੁਰ ਨੂੰ ਮਾਰਨ ਵਾਲੀ, ਸੁੰਦਰ ਕੇਸਾਂ ਦਾ ਜੂੜਾ ਕਰਨ ਵਾਲੀ ਅਤੇ ਪ੍ਰਿਥਵੀ ਉਤੇ ਛੱਤਰ ਪਸਾਰਨ ਵਾਲੀ! (ਤੇਰੀ) ਜੈ ਜੈਕਾਰ ਹੋਵੇ ॥੧॥੨੧੧॥
(ਹੇ) ਦੈਂਤਾਂ ਨੂੰ ਮਾਰਨ ਵਾਲੀ, ਦੁਸ਼ਟਾਂ ਨੂੰ ਜੜ੍ਹੋਂ ਪੁਟਣ ਵਾਲੀ, ਅਤਿਅੰਤ ਬਲਵਾਨ ਭੁਜਾਵਾਂ ਵਾਲੇ ਰੂਪ ਵਾਲੀ,
ਚੰਡ ਦੈਂਤ ਨੂੰ ਮਾਰਨ ਵਾਲੀ, ਮੁੰਡ (ਦੈਂਤ) ਨੂੰ ਨਸ਼ਟ ਕਰਨ ਵਾਲੀ, ਧੂਮ੍ਰ ਲੋਚਨ ਨੂੰ ਖ਼ਤਮ ਕਰਨ ਵਾਲੀ ਅਤੇ ਮਹਿਖਾਸੁਰ ਦੇ ਮੱਥੇ ਨੂੰ ਫੋੜਨ ਵਾਲੀ,
ਦੈਂਤਾਂ ਦਾ ਸੰਘਾਰ ਕਰਨ ਵਾਲੀ, ਨਰਕਾਂ ਤੋਂ ਬਚਾਉਣ ਵਾਲੀ, ਪਾਪੀਆਂ ਦਾ ਉੱਧਾਰ ਕਰਨ ਵਾਲੀ, ਆਕਾਸ਼ ਅਤੇ ਪਾਤਾਲ ਵਿਚ ਵਿਆਪਕ ਰੂਪ ਵਾਲੀ,
ਮਹਿਖਾਸੁਰ ਨੂੰ ਮਾਰਨ ਵਾਲੀ ਸੁੰਦਰ ਕੇਸਾਂ ਦਾ ਜੂੜਾ ਕਰਨ ਵਾਲੀ ਆਦਿ ਬਿਰਤੀ! (ਤੇਰੀ) ਜੈ ਜੈਕਾਰ ਹੋਵੇ ॥੨॥੨੧੨॥
(ਜਿਸ ਦਾ) ਡਉਰੂ ਡਮ ਡਮ ਕਰ ਕੇ ਵਜਦਾ ਹੈ, ਬਬਰ ਸ਼ੇਰ ਬੁਕਦਾ ਹੈ, ਅਤਿ ਅਧਿਕ ਤੇਜਸਵੀ ਭੁਜਾਵਾਂ ਫਰਕਦੀਆਂ ਹਨ।
ਸ਼ਸਤ੍ਰ ਸਜਾ ਕੇ ਹਨੂਮਾਨ ਤੇਰੇ ਅਗੇ ਛਾਲਾਂ ਮਾਰਦਾ ਜਾ ਰਿਹਾ ਹੈ ਮਾਨੋ ਦੈਂਤਾਂ ਦੀ ਸੈਨਾ ਨੂੰ ਨਸ਼ਟ ਕਰਨ ਲਈ ਕਾਲ ਰੂਪ ਹੋਵੇ।