ਇਕ ਵਾਰ ਸ੍ਰੀ ਆਤਮਾ ਨੇ ਬੁੱਧੀ ਪ੍ਰਤਿ (ਇਸ ਤਰ੍ਹਾਂ) ਬਚਨ ਕੀਤਾ
ਕਿ ਤੁਸੀਂ ਚੰਗੀ ਤਰ੍ਹਾਂ (ਉਸ) ਜਗਦੀਸ਼ ਦਾ ਸਾਰਾ ਪ੍ਰਤਾਪ (ਮੈਨੂੰ) ਦਸੋ ॥੧॥੨੦੧॥
ਦੋਹਰਾ:
ਆਤਮਾ ਦਾ ਸਰੂਪ ਕੀ ਹੈ ਅਤੇ ਸ੍ਰਿਸ਼ਟੀ ਦਾ ਵਿਚਾਰ ਕਿਵੇਂ ਹੈ?
ਧਰਮ ਦਾ ਕਰਮ ਕਿਹੜਾ ਹੈ? ਇਸ ਨੂੰ ਵਿਸਤਾਰ ਨਾਲ ਦਸੋ ॥੨॥੨੦੨॥
ਦੋਹਰਾ:
ਜੀਉਣਾ ਕੀ ਹੈ, ਮਰਨਾ ਕੀ ਹੈ, ਸਵਰਗ ਕੀ ਹੈ ਅਤੇ ਨਰਕ ਦੀ ਹੈ?
ਸੁਘੜ ਕੌਣ ਹੈ, ਮੂਰਖ ਕੌਣ ਹੈ, ਤਰਕ ਕੀ ਹੈ ਅਤੇ ਅਵਿਤਰਕ (ਬੇਦਲੀਲੀ) ਕੀ ਹੈ? ॥੩॥੨੦੩॥
ਦੋਹਰਾ:
ਨਿੰਦਾ ਕੀ ਹੈ, ਯਸ਼ ਕੀ ਹੈ, ਪਾਪ ਕੀ ਹੈ, ਧਰਮ ਕੀ ਹੈ?
ਯੋਗ ਕੀ ਹੈ, ਭੋਗ ਕੀ ਹੈ, ਸੁਕਰਮ ਕੀ ਹੈ ਅਤੇ ਕੁਕਰਮ ਕੀ ਹੈ? ॥੪॥੨੦੪॥
ਦੋਹਰਾ:
ਦਸੋ, ਤਪਸਿਆ ਕਿਸ ਨੂੰ ਕਹਿੰਦੇ ਹਨ ਅਤੇ (ਇੰਦਰੀਆਂ ਦਾ) ਦਮਨ ਕਿਸ ਨੂੰ ਕਹਿੰਦੇ ਹਨ?
ਸੂਰਮਾ ਕੌਣ ਹੈ, ਦਾਤਾ ਕੋਣ ਹੈ, ਤੰਤ੍ਰ ਕੀ ਹੈ ਅਤੇ ਮੰਤ੍ਰ ਕੀ ਹੈ? ॥੫॥੨੦੫॥
ਦੋਹਰਾ:
ਕੌਣ ਭਿਖਾਰੀ ਹੈ, ਕੌਣ ਰਾਜਾ ਹੈ? ਅਤੇ ਹਰਖ ਅਤੇ ਸੋਗ ਕੀ ਹੈ?
ਰੋਗੀ ਕੌਣ ਹੈ ਅਤੇ ਸੰਸਾਰ ਵਿਚ ਲਿਪਤ ('ਰਾਗੀ') ਕੌਣ ਹੈ? ਉਸ ਦੀ ਅਸਲੀਅਤ ਮੈਨੂੰ ਦਸੋ ॥੬॥੨੦੬॥
ਦੋਹਰਾ:
ਰਜਿਆ ਹੋਇਆ ਕੌਣ ਹੈ, ਬਲਵਾਨ ਕੌਣ ਹੈ ਅਤੇ ਸ੍ਰਿਸ਼ਟੀ (ਦੀ ਰਚਨਾ ਦਾ) ਵਿਚਾਰ ਕੀ ਹੈ?
ਢੀਠ ਕੌਣ ਹੈ, ਭ੍ਰਸ਼ਟ ਕੌਣ ਹੈ? ਸਾਰੀ (ਗੱਲ ਮੈਨੂੰ) ਵਿਸਤਾਰ ਸਹਿਤ ਦਸੋ ॥੭॥੨੦੭॥