ਅਕਾਲ ਉਸਤਤ

(ਅੰਗ: 41)


ਦੁਸਟ ਹਰਤਾ ਬਿਸ੍ਵ ਭਰਤਾ ਆਦਿ ਰੂਪ ਅਪਾਰ ॥

ਦੁਸ਼ਟਾਂ ਨੂੰ ਮਾਰਨ ਵਾਲਾ, ਜਗਤ ਦੀ ਪਾਲਨਾ ਕਰਨ ਵਾਲਾ ਅਤੇ ਅਪਾਰ ਆਦਿ ਰੂਪ ਵਾਲਾ ਹੈ।

ਦੁਸਟ ਦੰਡਣ ਪੁਸਟ ਖੰਡਣ ਆਦਿ ਦੇਵ ਅਖੰਡ ॥

(ਉਹ) ਦੁਸ਼ਟਾਂ ਨੂੰ ਦੰਡ ਦੇਣ ਵਾਲਾ ਅਤੇ ਬਲਵਾਨਾਂ (ਪੁਸ਼ਟਾਂ) ਦਾ ਸੰਘਾਰਕ ਅਖੰਡ ਆਦਿ ਦੇਵ ਹੈ।

ਭੂਮ ਅਕਾਸ ਜਲੇ ਥਲੇ ਮਹਿ ਜਪਤ ਜਾਪ ਅਮੰਡ ॥੧੬॥੧੯੬॥

ਧਰਤੀ, ਆਕਾਸ਼, ਜਲ, ਥਲ ਵਿਚ ਖ਼ੁਦ ਸਥਾਪਿਤ ਹੋਣ ਵਾਲੇ ('ਅਮੰਡ') ਦਾ ਜਾਪ ਜਪਿਆ ਜਾ ਰਿਹਾ ਹੈ ॥੧੬॥੧੯੬॥

ਸ੍ਰਿਸਟਾਚਾਰ ਬਿਚਾਰ ਜੇਤੇ ਜਾਨੀਐ ਸਬਚਾਰ ॥

ਜਿਤਨੇ ਵੀ ਸ਼ਿਸ਼ਟਾਚਾਰ ਅਤੇ ਵਿਚਾਰ ਹਨ, ਵਿਚਾਰ ਪੂਰਵਕ ਸਮਝ ਲਈਏ ਕਿ (ਉਹ ਸਾਰੇ ਉਸੇ ਵਿਚ ਸਥਿਤ ਹਨ)।

ਆਦਿ ਦੇਵ ਅਪਾਰ ਸ੍ਰੀ ਪਤਿ ਦੁਸਟ ਪੁਸਟ ਪ੍ਰਹਾਰ ॥

(ਉਹ) ਆਦਿ ਦੇਵ, ਅਪਾਰ, ਮਾਇਆ ਦਾ ਪਤੀ ਅਤੇ ਬਲਵਾਨ ਦੁਸ਼ਟਾਂ ਨੂੰ ਮਾਰਨ ਵਾਲਾ ਹੈ।

ਅੰਨ ਦਾਤਾ ਗਿਆਨ ਗਿਆਤਾ ਸਰਬ ਮਾਨ ਮਹਿੰਦ੍ਰ ॥

(ਉਹ) ਅੰਨ-ਦਾਤਾ, ਗਿਆਨ ਕਰਾਉਣ ਵਾਲਾ ਅਤੇ ਸਾਰਿਆਂ ਰਾਜਿਆਂ ਦਾ ਮਾਣ ਹੈ।

ਬੇਦ ਬਿਆਸ ਕਰੇ ਕਈ ਦਿਨ ਕੋਟਿ ਇੰਦ੍ਰ ਉਪਿੰਦ੍ਰ ॥੧੭॥੧੯੭॥

(ਉਸ ਨੇ) ਕਿਤਨੇ ਹੀ ਵੇਦ-ਵਿਆਸ, ਕਰੋੜਾਂ ਇੰਦਰ ਅਤੇ ਉਪੇਂਦਰ (ਬਾਵਨ ਅਵਤਾਰ) ਬਣਾਏ ਹਨ ॥੧੭॥੧੯੭॥

ਜਨਮ ਜਾਤਾ ਕਰਮ ਗਿਆਤਾ ਧਰਮ ਚਾਰ ਬਿਚਾਰ ॥

(ਉਹ) ਜਨਮ-ਜਨਮਾਂਤਰਾਂ ਦੀ ਗੱਲ ਜਾਣਨ ਵਾਲਾ, ਕਰਮ-ਕਾਂਡਾਂ ਦਾ ਗਿਆਤਾ ਅਤੇ ਧਰਮ ਦਾ ਚੰਗਾ ਵਿਚਾਰਕ ਹੈ।

ਬੇਦ ਭੇਵ ਨ ਪਾਵਈ ਸਿਵ ਰੁਦ੍ਰ ਔਰ ਮੁਖਚਾਰ ॥

(ਜਿਸ ਦਾ) ਵੇਦ, ਸ਼ਿਵ, ਰੁਦ੍ਰ ਅਤੇ ਬ੍ਰਹਮਾ ਰਹੱਸ ਨਹੀਂ ਜਾਣ ਸਕੇ,

ਕੋਟਿ ਇੰਦ੍ਰ ਉਪਿੰਦ੍ਰ ਬਿਆਸ ਸਨਕ ਸਨਤ ਕੁਮਾਰ ॥

ਕਰੋੜਾਂ ਇੰਦਰ, ਉਪੇਂਦਰ (ਬਾਵਨ ਅਵਤਾਰ) ਵਿਆਸ, ਸਨਕ-ਸੰਤ ਕੁਮਾਰ ਆਦਿ ਸਭ

ਗਾਇ ਗਾਇ ਥਕੇ ਸਭੈ ਗੁਨ ਚਕ੍ਰਤ ਭੇ ਮੁਖਚਾਰ ॥੧੮॥੧੯੮॥

(ਉਸ ਦੇ) ਗੁਣ ਗਾ ਗਾ ਕੇ ਥਕ ਗਏ ਹਨ ਅਤੇ ਬ੍ਰਹਮਾ ਹੈਰਾਨ ਹੋ ਗਿਆ ਹੈ ॥੧੮॥੧੯੮॥

ਆਦਿ ਅੰਤ ਨ ਮਧ ਜਾ ਕੋ ਭੂਤ ਭਬ ਭਵਾਨ ॥

(ਉਸ) ਦਾ ਆਦਿ, ਅੰਤ ਅਤੇ ਮੱਧ ਅਤੇ ਭੂਤ, ਭਵਿਖ ਅਤੇ ਵਰਤਮਾਨ (ਕੁਝ ਵੀ ਨਹੀਂ ਹੈ)

ਸਤਿ ਦੁਆਪਰ ਤ੍ਰਿਤੀਆ ਕਲਿਜੁਗ ਚਤ੍ਰ ਕਾਲ ਪ੍ਰਧਾਨ ॥

ਉਹ ਸਤਯੁਗ, ਦੁਆਪਰ, ਤ੍ਰੇਤਾ ਅਤੇ ਕਲਿਯੁਗ ਚੌਹਾਂ ਕਾਲਾਂ ਵਿਚ ਪ੍ਰਧਾਨ ਹੈ।

ਧਿਆਇ ਧਿਆਇ ਥਕੇ ਮਹਾ ਮੁਨਿ ਗਾਇ ਗੰਧ੍ਰਬ ਅਪਾਰ ॥

ਉਸ ਨੂੰ ਮਹਾ ਮੁਨੀ ਆਰਾਧਦੇ ਆਰਾਧਦੇ ਥਕ ਗਏ ਹਨ ਅਤੇ ਅਪਾਰ ਗੰਧਰਬ ਗਾ ਗਾ ਕੇ ਹਾਰ ਗਏ ਹਨ।

ਹਾਰਿ ਹਾਰਿ ਥਕੇ ਸਭੈ ਨਹੀਂ ਪਾਈਐ ਤਿਹ ਪਾਰ ॥੧੯॥੧੯੯॥

ਸਭ ਹਾਰ ਹਾਰ ਕੇ ਥਕ ਗਏ ਹਨ ਪਰ ਕੋਈ ਵੀ ਉਸ ਦਾ ਪਾਰ ਨਹੀਂ ਪਾ ਸਕਿਆ ॥੧੯॥੧੯੯॥

ਨਾਰਦ ਆਦਿਕ ਬੇਦ ਬਿਆਸਕ ਮੁਨਿ ਮਹਾਨ ਅਨੰਤ ॥

ਨਾਰਦ, ਵੇਦ-ਵਿਆਸ ਆਦਿ ਬੇਅੰਤ ਮਹਾਨ ਮੁਨੀ

ਧਿਆਇ ਧਿਆਇ ਥਕੇ ਸਭੈ ਕਰ ਕੋਟਿ ਕਸਟ ਦੁਰੰਤ ॥

ਕਰੋੜਾਂ ਕਸ਼ਟ ਪੂਰਨ ਔਖੇ ਯਤਨ ਵਾਲੀ (ਉਸ ਦੀ) ਆਰਾਧਨਾ ਕਰਦੇ ਕਰਦੇ ਥਕ ਗਏ ਹਨ;

ਗਾਇ ਗਾਇ ਥਕੇ ਗੰਧ੍ਰਬ ਨਾਚ ਅਪਛਰ ਅਪਾਰ ॥

ਗਾ ਗਾ ਕੇ ਗੰਧਰਬ ਥਕ ਗਏ ਹਨ ਅਤੇ ਬੇਅੰਤ ਅਪੱਛਰਾਵਾਂ ਵੀ ਨਚ ਨਚ ਕੇ (ਥਕ ਗਈਆਂ ਹਨ)

ਸੋਧਿ ਸੋਧਿ ਥਕੇ ਮਹਾ ਸੁਰ ਪਾਇਓ ਨਹਿ ਪਾਰ ॥੨੦॥੨੦੦॥

ਪ੍ਰਧਾਨ ਦੇਵਤੇ (ਉਸ ਨੂੰ) ਲਭ ਲਭ ਕੇ ਥਕ ਗਏ ਹਨ, (ਪਰ ਉਸ ਦਾ) ਪਾਰ ਨਹੀਂ ਪਾ ਸਕੇ ॥੨੦॥੨੦੦॥

ਤ੍ਵ ਪ੍ਰਸਾਦਿ ॥ ਦੋਹਰਾ ॥

ਤੇਰੀ ਕ੍ਰਿਪਾ ਨਾਲ: ਦੋਹਰਾ: