ਜਿਸ ਦਾ (ਕੋਈ) ਵਰਨ, ਚਿੰਨ੍ਹ-ਚੱਕਰ, ਮੁਹਾਂਦਰਾ ਅਤੇ ਸ਼ਰੀਰ ਨਹੀਂ ਹੈ;
(ਜਿਸ ਦੀ) ਜਾਤਿ ਬਰਾਦਰੀ, ਗੋਤ ਦੀ (ਕੋਈ) ਗਾਥਾ ਨਹੀਂ ਹੈ ਅਤੇ ਨਾ ਹੀ (ਕੋਈ) ਰੂਪ ਰੇਖਾ ਜਾਂ ਵਰਨ ਹੈ;
(ਉਹ) ਸਭ ਨੂੰ ਦੇਣ ਵਾਲਾ, ਸਭ ਨੂੰ ਜਾਣਨ ਵਾਲਾ ਅਤੇ ਸਾਰੀ ਭੂਮੀ ਦਾ ਪਾਲਣ ਪੋਸ਼ਣ ਕਰਨ ਵਾਲਾ ਹੈ ॥੧੧॥੧੯੧॥
(ਉਹ) ਦੁਸ਼ਟਾਂ ਨੂੰ ਮਾਰਨ ਵਾਲਾ, ਦੁਸ਼ਮਣਾਂ ਨੂੰ ਨਸ਼ਟ ਕਰਨ ਵਾਲਾ ਅਤੇ (ਸੰਸਾਰ ਦੇ ਸਮਰਥਾਵਾਨਾਂ ਨੂੰ) ਕੁਚਲਣ ਵਾਲਾ ਪਰਮ ਪੁਰਖ ਹੈ।
(ਉਹ) ਦੁਸ਼ਟਾਂ ਨੂੰ ਮਾਰਨ ਵਾਲਾ, ਸ੍ਰਿਸ਼ਟੀ ਦਾ ਕਰਤਾ ਹੈ ਅਤੇ ਜਿਸ ਦੀ ਕਥਾ ਜਗਤ ਵਿਚ ਪ੍ਰਸਿੱਧ ਹੈ।
(ਉਹ) ਅਨਸ਼ਵਰ ਪਰਮ-ਸੱਤਾ ਭੂਤ, ਭਵਿਖ ਅਤੇ ਵਰਤਮਾਨ (ਤਿੰਨਾਂ ਕਾਲਾਂ) ਤਕ ਮੌਜੂਦ ਹੈ।
ਅਤੇ (ਉਹ) ਆਦਿ ਤੋਂ ਅੰਤ ਤਕ ਅਨਾਦਿ, ਮਾਇਆ ਦਾ ਪਤੀ, ਨਾਸ਼ ਤੋਂ ਰਹਿਤ ਪਰਮ ਪੁਰਸ਼ ਹੈ ॥੧੨॥੧੯੨॥
ਧਰਮ ਅਤੇ ਧਰਮ ਨਾਲ ਸੰਬੰਧਿਤ ਹੋਰ ਜਿਤਨੇ ਕਰਮ ਹਨ, ਉਨ੍ਹਾਂ ਦਾ ਪਸਾਰਾ (ਉਸੇ ਨੇ) ਕੀਤਾ ਹੈ;
ਅਪਾਰ ਦੇਵਤਿਆਂ, ਦੈਂਤਾ, ਗੰਦਰਬਾਂ, ਕਿੰਨਰਾਂ, ਮੱਛਾਂ, ਕੱਛਾਂ ਆਦਿ (ਦਾ ਰਚੈਤਾ ਵੀ ਉਹੀ ਹੈ)।
ਭੂਮੀ, ਆਕਾਸ਼, ਜਲ ਥਲ ਵਿਚ ਜਿਸ ਦੇ ਨਾਮ ਦੀ ਮਹਿਮਾ ਹੈ।
ਦੁਸ਼ਟਾਂ ਨੂੰ ਮਾਰਨਾ, (ਸਾਧੂ ਪੁਰਸ਼ਾਂ ਨੂੰ) ਦ੍ਰਿੜ੍ਹ ਕਰਨਾ ਅਤੇ ਸ੍ਰਿਸ਼ਟੀ ਦਾ ਨਾਸ਼ ਕਰਨਾ (ਉਸ ਦਾ) ਕੰਮ ਹੈ ॥੧੩॥੧੯੩॥
(ਉਹ) ਦੁਸ਼ਟਾਂ ਦਾ ਨਾਸ਼ਕ, ਸ੍ਰਿਸ਼ਟੀ ਦਾ ਕਰਤਾ, ਦਿਆਲੂ ਅਤੇ ਪਿਆਰਾ ਗੋਬਿੰਦ ਹੈ।
(ਉਹ) ਮਿਤਰਾਂ ਦੀ ਪਾਲਨਾ ਕਰਨ ਵਾਲਾ, ਵੈਰੀਆਂ ਨੂੰ ਨਸ਼ਟ ਕਰਨ ਵਾਲਾ, ਦੀਨਦਿਆਲ ਅਤੇ ਮੁਕਤੀਦਾਤਾ ਹੈ।
ਪਾਪੀਆਂ ਨੂੰ ਦੰਡ ਦੇਣ ਵਾਲਾ, ਦੁਸ਼ਟਾਂ ਨੂੰ ਚੂਰ ਚੂਰ ਕਰਨ ਵਾਲਾ ਅਤੇ ਕਾਲ ਦਾ ਵੀ ਕਾਲ ਹੈ।
ਦੁਸ਼ਟਾਂ ਦਾ ਦਮਨ ਕਰਨ ਵਾਲਾ, (ਭਲੇ ਪੁਰਸ਼ਾਂ ਨੂੰ) ਪੁਸ਼ਟ ਕਰਨ ਵਾਲਾ ਅਤੇ ਸਭ ਦਾ ਪ੍ਰਤਿਪਾਲਕ ਹੈ ॥੧੪॥੧੯੪॥
(ਉਹ) ਸਭ ਦਾ ਕਰਤਾ, ਸਭ ਦਾ ਨਾਸ਼ਕ ਅਤੇ ਸਭ ਦੀਆਂ ਕਾਮਨਾਵਾਂ (ਪੂਰੀਆਂ ਕਰਨ ਵਾਲਾ ਹੈ)।
ਸਭ ਦਾ ਖੰਡਨ ਕਰਨ ਵਾਲਾ, ਸਭ ਨੂੰ ਦੰਡ ਦੇਣ ਵਾਲਾ ਅਤੇ ਸਭ ਦਾ ਨਿਜੀ ਪ੍ਰਕਾਸ਼ ('ਭਾਮ') ਹੈ (ਅਰਥਾਤ ਸਭ ਵਿਚ ਉਸ ਦੀ ਜੋਤਿ ਮੌਜੂਦ ਹੈ)।
ਸਭ ਨੂੰ ਭੋਗਣ ਵਾਲਾ, ਸਾਰੀਆਂ ਜੁਗਤਾਂ ਅਤੇ ਕਰਮਾਂ ਵਿਚ ਪ੍ਰਬੀਨ ਹੈ।
(ਉਹ) ਸਭ ਦਾ ਨਾਸ਼ਕ, ਸਭ ਦਾ ਦੰਡਕ ਹੈ ਅਤੇ ਸਾਰੇ ਕਰਮ (ਉਸ ਦੇ) ਅਧੀਨ ਹਨ ॥੧੫॥੧੯੫॥
(ਉਹੀ) ਸਾਰੀਆਂ ਸਮ੍ਰਿਤੀਆਂ, ਸਾਰੇ ਸ਼ਾਸਤ੍ਰਾਂ ਅਤੇ ਸਾਰੇ ਵੇਦਾਂ ਦਾ (ਸਮੁੱਚਾ) ਵਿਚਾਰ ਹੈ।