(ਜੋ) ਤੀਰਥ-ਯਾਤ੍ਰਾ, ਦੇਵ-ਪੂਜਾ ਅਤੇ ਮੜ੍ਹੀ-ਮਸਾਣਾਂ ਦੀ ਪੂਜਾ ਦੇ ਅਧੀਨ ਵੀ ਨਹੀਂ ਹੈ,
ਜਿਸ ਦੀ ਜੋਤਿ ਸਾਰੇ ਸੱਤਾਂ ਪਾਤਾਲਾਂ ਦੇ ਹੇਠਾਂ ਜਾਣੀ ਜਾਂਦੀ ਹੈ।
ਹਜ਼ਾਰ ਫਨਾਂ ਵਾਲਾ ਸ਼ੇਸ਼ਨਾਗ ਵੀ ਨਿਤ ਨਵੇਂ ਨਾਂਵਾਂ ਨਾਲ (ਉਸ ਦੇ) ਸਾਰੇ ਨਾਂ ਸਿਮਰ ਨਹੀਂ ਸਕਿਆ ਹੈ ॥੬॥੧੮੬॥
ਸਾਰੇ ਦੇਵਤੇ (ਉਸ ਨੂੰ) ਲਭ ਲਭ ਕੇ ਥਕ ਗਏ ਹਨ ਅਤੇ ਸਾਰੇ ਦੈਂਤ ਵਿਰੋਧ ਕਰ ਕਰ ਕੇ (ਹਾਰ ਗਏ ਹਨ)।
(ਉਸ ਨੂੰ) ਗਾਉਂਦੇ ਗਾਉਂਦੇ ਗੰਧਰਬ ਥਕ ਗਏ ਹਨ ਅਤੇ ਕਿੰਨਰ (ਵੀ ਵਾਜੇ ਵਜਾ ਵਜਾ ਕੇ) ਆਪਣਾ ਗੌਰਵ ਗੰਵਾ ਚੁਕੇ ਹਨ।
ਮਹਾ ਕਵੀ ਵੀ ਅਨੰਤ ਕਾਵਿ ਰਚ ਕੇ ਅਤੇ ਉਨ੍ਹਾਂ ਨੂੰ ਪੜ੍ਹ ਪੜ੍ਹ ਕੇ ਥਕ ਗਏ ਹਨ।
(ਪਰ) ਹਾਰ ਕੇ ਸਭ ਇਸ ਨਤੀਜੇ ਉਤੇ ਪਹੁੰਚੇ ਹਨ ਕਿ (ਉਸ ਪਰਮਾਤਮਾ ਦੇ ਸਾਰੇ) ਨਾਂਵਾਂ ਦਾ ਅੰਤ ਪਾ ਸਕਣਾ ਬਹੁਤ ਔਖਾ ਹੈ ॥੭॥੧੮੭॥
(ਉਸ ਦਾ) ਵੇਦਾਂ ਨੇ ਭੇਦ ਨਹੀਂ ਪਾਇਆ ਅਤੇ ਨਾ ਕਤੇਬਾਂ ਨੇ (ਉਸ) ਸੇਵਾ ਕਰਨ ਯੋਗ ਦਾ ਅੰਤ ਵੇਖਿਆ ਹੈ।
ਜਿਸ ਦੀ ਸ਼ਕਲ ('ਜੇਬ') ਨੂੰ ਯਕਸ਼ ਨਹੀਂ ਜਾਣ ਸਕੇ ਅਤੇ ਦੇਵਤੇ ਅਤੇ ਦੈਂਤ ਮਾਨੋ (ਜਾਣਨ ਦਾ ਯਤਨ ਕਰਦੇ ਕਰਦੇ) ਮੂਰਖ ਸਿੱਧ ਹੋ ਗਏ ਹੋਣ।
(ਉਹ ਪ੍ਰਭੂ) ਭੂਤ, ਭਵਿਖ ਅਤੇ ਵਰਤਮਾਨ ਦਾ ਰਾਜਾ ਹੈ ਅਤੇ ਆਦਿ ਨਾਥ ਅਤੇ ਨਾਸ਼ ਤੋਂ ਰਹਿਤ ਹੈ।
(ਉਸ ਦਾ) ਅਗਨੀ, ਵਾਯੂ, ਜਲ, ਥਲ ਆਦਿ ਸਭਨਾਂ ਸਥਾਨਾਂ ਵਿਚ ਵਾਸਾ ਹੈ ॥੮॥੧੮੮॥
(ਜਿਸ ਦਾ) ਸ਼ਰੀਰ ਅਤੇ ਘਰ ਨਾਲ ਸਨੇਹ ਨਹੀਂ ਹੈ ਅਤੇ ਜੋ ਅਜਿਤ ਅਤੇ ਨਾ ਵਿੰਨ੍ਹੇ ਜਾ ਸਕਣ ਵਾਲਾ ਸੁਆਮੀ ਹੈ।
(ਜੋ) ਸਭ ਨੂੰ ਨਸ਼ਟ ਕਰਨ ਵਾਲਾ, ਸਭ ਨੂੰ ਤੋੜਨ ਵਾਲਾ ਅਤੇ ਸਭ ਦੇ ਡਰ ਤੋਂ ਰਹਿਤ ਹੈ।
(ਜੋ) ਸਭ ਦਾ ਕਰਤਾ, ਸਭ ਦਾ ਨਾਸ਼ਕ, ਸਭ ਉਤੇ ਦਿਆਲੂ ਅਤੇ ਅਦ੍ਵੈਸ਼ ਹੈ।
ਜਿਸ ਦਾ ਚੱਕਰ, ਚਿੰਨ੍ਹ ਅਤੇ ਵਰਨ ਨਹੀਂ, ਨਾ ਹੀ (ਕੋਈ) ਜਾਤਿ, ਬਰਾਦਰੀ ਅਤੇ ਭੇਖ ਹੈ ॥੯॥੧੮੯॥
ਜਿਸ ਦਾ ਰੂਪ, ਰੇਖ ਅਤੇ ਰੰਗ ਨਹੀਂ ਹੈ ਅਤੇ ਨਾ ਹੀ ਰਾਗ-ਰੰਗ ਅਤੇ ਰੂਪ ਹੈ।
(ਜੋ) ਸਭ ਕੁਝ ਕਰਨ ਦੇ ਸਮਰਥ ਅਤੇ ਸਭ ਦਾ ਸੰਘਾਰਕ ਅਤੇ ਅਜਿਤ ਹੈ।
(ਉਹ) ਸਭ ਦਾ ਦਾਤਾ, ਸਭ ਨੂੰ ਜਾਣਨ ਵਾਲਾ ਅਤੇ ਸਭ ਦੀ ਪਾਲਨਾ ਕਰਨ ਵਾਲਾ ਹੈ।
(ਉਹ ਸਭ) ਦੀਨਾਂ ਦਾ ਬੰਧੂ, ਦਿਆਲੂ ਸੁਭਾ ਵਾਲਾ ਸੁਆਮੀ ਅਤੇ ਕਿਸੇ ਦੀ ਪਾਲਨਾ ਤੋਂ ਰਹਿਤ ਆਦਿ ਦੇਵ ਹੈ ॥੧੦॥੧੯੦॥
(ਉਹ) ਪਰਮਾਤਮਾ ਦੀਨਾਂ ਦਾ ਬੰਧੂ, ਪ੍ਰਬੀਨ, ਮਾਇਆ ਦਾ ਪਤੀ ਅਤੇ ਸਭ ਦਾ ਕਰਤਾ ਹੈ;