(ਜੋ) ਮੁੱਢ-ਕਦੀਮ ਦਾ ਸਭ ਦਾ ਸੁਆਮੀ, ਅਗਾਧ ਪੁਰਖ ਹੈ ਅਤੇ ਧਰਮ ਕਰਮ ਵਿਚ ਪ੍ਰਬੀਨ ਹੈ;
(ਜਿਸ ਨੂੰ) ਯੰਤ੍ਰ, ਮੰਤ੍ਰ ਅਤੇ ਤੰਤ੍ਰ ਆਦਿ (ਵਸ ਵਿਚ ਨਹੀਂ) ਕਰ ਸਕਦੇ ਅਤੇ ਜੋ ਆਦਿ ਪੁਰਖ ਅਤੇ ਅਪਾਰ ਹੈ;
(ਜੋ) ਹਾਥੀ ਤੋਂ ਲੈ ਕੇ ਕੀੜੇ ਤਕ ਵਿਚ ਵਸਦਾ ਹੈ ਅਤੇ ਜੋ ਸਾਰੀਆਂ ਥਾਂਵਾਂ ਵਿਚ ਬਿਨਾ ਕਿਸੇ ਆਧਾਰ ਦੇ ਮੌਜੂਦ ਹੈ ॥੧॥੧੮੧॥
ਜਿਸ ਦੀ (ਕੋਈ) ਜਾਤਿ, ਬਰਾਦਰੀ, ਪਿਤਾ, ਮਾਤਾ, ਸਲਾਹਕਾਰ ਅਤੇ ਮਿਤਰ ਨਹੀਂ ਹੈ;
ਜੋ ਸਭ ਥਾਂਵਾਂ ਵਿਚ ਰਮਣ ਕਰ ਰਿਹਾ ਹੈ ਅਤੇ ਜਿਸ ਦਾ ਕੋਈ ਚਿੰਨ੍ਹ-ਚੱਕਰ ਅਤੇ ਸਰੂਪ ('ਚਿਤ੍ਰ') ਨਹੀਂ ਹੈ;
(ਜੋ) ਆਦਿ-ਦੇਵ, ਉਦਾਰ ਸੁਭਾ ਵਾਲਾ, ਅਗਾਧ ਅਤੇ ਅਨੰਤ ਸੁਆਮੀ ਹੈ;
(ਜਿਸ ਦੇ) ਆਦਿ ਅਤੇ ਅੰਤ ਦਾ ਪਤਾ ਨਹੀਂ (ਅਤੇ ਜੋ) ਬਖੇੜਿਆਂ ਤੋਂ ਮੁਕਤ ਅਤੇ ਬੇਅੰਤ ਇਸ਼ਟ-ਦੇਵ ਹੈ ॥੨॥੧੮੨॥
ਜਿਸ ਦਾ ਭੇਦ ਦੇਵਤੇ ਨਹੀਂ ਜਾਣਦੇ ਅਤੇ (ਨ ਹੀ ਉਸ ਦਾ) ਰਹੱਸ ਵੇਦ ਅਤੇ ਕਤੇਬ ਪਾ ਸਕੇ ਹਨ।
ਬ੍ਰਹਮਾ ('ਸਨਕੇਸ') ਸਨਕ, ਆਦਿ ਸੇਵਾ ਕਰ ਕੇ ਜਿਸ ਦਾ ਅਨੁਮਾਨ ਨਹੀਂ ਲਗਾ ਸਕੇ।
ਯਕਸ਼, ਕਿੰਨਰ, ਮੱਛ, ਮਨੁੱਖ, ਪੰਛੀ ('ਮੁਰਗ') ਸੱਪ (ਆਦਿ ਉਸ ਦੇ ਭੇਦ ਨੂੰ ਨਹੀਂ ਪਾ ਸਕੇ)
ਸ਼ਿਵ, ਇੰਦਰ ('ਸਕ੍ਰ') ਬ੍ਰਹਮਾ (ਜਿਸ ਨੂੰ) ਬੇਅੰਤ ਬੇਅੰਤ ਕਹਿੰਦੇ ਹਨ ॥੩॥੧੮੩॥
ਸਾਰੇ ਸੱਤਾਂ ਪਾਤਾਲਾਂ ਦੇ ਹੇਠਾਂ ਜਿਸ ਦਾ ਜਾਪ ਜਪਿਆ ਜਾਂਦਾ ਹੈ,
(ਉਹ) ਆਦਿ ਦੇਵ ਅਗਾਧ ਤੇਜ ਵਾਲਾ, ਅਨਾਦਿ ਸਰੂਪ ਵਾਲਾ ਅਤੇ ਦੁਖਾਂ ਤੋਂ ਰਹਿਤ ਹੈ,
(ਉਹ) ਯੰਤ੍ਰ, ਮੰਤ੍ਰ ਨਾਲ ਹੱਥ ਨਹੀਂ ਆਉਂਦਾ, ਤੰਤ੍ਰ-ਮੰਤ੍ਰ ਨਾਲ ਵਸ ਨਹੀਂ ਕੀਤਾ ਜਾ ਸਕਦਾ।
(ਉਹ) ਸਭ ਦਾ ਸੁਆਮੀ ਸਾਰੇ ਸਥਾਨਾਂ ਵਿਚ ਪ੍ਰਬੀਨਤਾ-ਪੂਰਵਕ ਬਿਰਾਜਮਾਨ ਹੈ ॥੪॥੧੮੪॥
(ਉਹ) ਯਕਸ਼ਾਂ, ਗੰਧਰਬਾਂ, ਦੇਵਤਿਆਂ, ਦੈਂਤਾ, ਬ੍ਰਾਹਮਣਾਂ, ਛਤ੍ਰੀਆਂ ਵਿਚ ਨਹੀਂ ਹੈ;
ਉਹ ਵੈਸ਼ਣਵਾਂ ਅਤੇ ਸ਼ੂਦਰਾਂ ਵਿਚ ਵੀ ਨਹੀਂ ਬਿਰਾਜਦਾ।
(ਉਹ) ਨਾ ਗੰਭੀਰ ਗੌੜ, ਭਿਆਨਕ ਭੀਲ ਅਤੇ ਬ੍ਰਾਹਮਣ ਤੇ ਸ਼ੇਖ ਦੇ ਸਰੂਪ ਵਿਚ ਹੈ।
(ਉਹ) ਅਨੂਪਮ ਨਾ ਰਾਤ ਦਿਨ ਵਿਚ ਹੈ ਅਤੇ ਨਾ ਹੀ ਪਾਤਾਲ, ਧਰਤੀ ਅਤੇ ਆਕਾਸ਼ ਵਿਚ ਹੈ ॥੫॥੧੮੫॥
(ਜਿਸ ਦੀ) ਨਾ ਜਾਤਿ ਹੈ, ਨਾ ਜਨਮ ਹੈ, ਨਾ ਮ੍ਰਿਤੂ ਹੈ, ਨਾ ਕਰਮ ਹੈ ਅਤੇ (ਜੋ) ਨਾ ਧਰਮ-ਕਰਮ ਤੋਂ ਰਹਿਤ ਹੈ।