ਅਕਾਲ ਉਸਤਤ

(ਅੰਗ: 37)


ਨ ਆਧ ਹੈ ਨ ਬਿਆਧ ਹੈ ਅਗਾਧ ਰੂਪ ਲੇਖੀਐ ॥

(ਉਸ ਨੂੰ) ਨਾ ਮਾਨਸਿਕ ਰੋਗ ਹੈ, ਨਾ ਸ਼ਰੀਰਕ ਰੋਗ ਹੈ; (ਉਸ ਨੂੰ) ਅਗਾਧ ਰੂਪ ਵਾਲਾ ਗਿਣਨਾ ਚਾਹੀਦਾ ਹੈ।

ਅਦੋਖ ਹੈ ਅਦਾਗ ਹੈ ਅਛੈ ਪ੍ਰਤਾਪ ਪੇਖੀਐ ॥੧੬॥੧੭੬॥

(ਉਹ) ਦੋਖ ਤੋਂ ਬਿਨਾ ਹੈ, ਦਾਗ਼ ਤੋਂ ਰਹਿਤ ਹੈ, (ਉਸ ਨੂੰ) ਸਦਾ ਨਸ਼ਟ ਨਾ ਹੋਣ ਵਾਲੇ ਪ੍ਰਤਾਪ ਵਾਲਾ ਵੇਖਣਾ ਚਾਹੀਦਾ ਹੈ ॥੧੬॥੧੭੬॥

ਨ ਕਰਮ ਹੈ ਨ ਭਰਮ ਹੈ ਨ ਧਰਮ ਕੋ ਪ੍ਰਭਾਉ ਹੈ ॥

(ਉਸ ਵਿਚ) ਨਾ ਕਰਮ ਹੈ, ਨਾ ਭਰਮ ਹੈ; (ਉਸ ਉਤੇ) ਨਾ ਧਰਮ ਦਾ ਪ੍ਰਭਾਵ ਹੈ।

ਨ ਜੰਤ੍ਰ ਹੈ ਨ ਤੰਤ੍ਰ ਹੈ ਨ ਮੰਤ੍ਰ ਕੋ ਰਲਾਉ ਹੈ ॥

ਉਹ ਨਾ ਯੰਤ੍ਰਾਂ ਵਿਚ, ਨਾ ਤੰਤ੍ਰਾਂ ਵਿਚ ਅਤੇ ਨਾ ਹੀ ਮੰਤ੍ਰਾਂ ਵਿਚ ਰਲਿਆ ਹੋਇਆ ਹੈ।

ਨ ਛਲ ਹੈ ਨ ਛਿਦ੍ਰ ਹੈ ਨ ਛਿਦ੍ਰ ਕੋ ਸਰੂਪ ਹੈ ॥

(ਉਹ) ਨਾ ਛਲ ਹੈ, ਨਾ ਛਿਦ੍ਰ ਹੈ ਅਤੇ ਨਾ ਹੀ ਛਿਦ੍ਰ (ਨੁਕਸ) ਵਾਲਾ ਸਰੂਪ ਰਖਦਾ ਹੈ।

ਅਭੰਗ ਹੈ ਅਨੰਗ ਹੈ ਅਗੰਜ ਸੀ ਬਿਭੂਤ ਹੈ ॥੧੭॥੧੭੭॥

(ਉਹ) ਨਾਸ਼ ਤੋਂ ਬਿਨਾ, ਸ਼ਰੀਰ ਤੋਂ ਬਿਨਾ ਅਤੇ ਨਸ਼ਟ ਨਾ ਹੋਣ ਵਾਲੀ ਸੰਪਦਾ ਹੈ ॥੧੭॥੧੭੭॥

ਨ ਕਾਮ ਹੈ ਨ ਕ੍ਰੋਧ ਹੈ ਨ ਲੋਭ ਮੋਹ ਕਾਰ ਹੈ ॥

(ਉਸ ਨੂੰ) ਨਾ ਕਾਮ ਹੈ, ਨਾ ਕ੍ਰੋਧ ਹੈ ਅਤੇ ਨਾ ਲੋਭ, ਮੋਹ ਅਤੇ ਹੰਕਾਰ ('ਕਾਰ') ਹੈ।

ਨ ਆਧ ਹੈ ਨ ਗਾਧ ਹੈ ਨ ਬਿਆਧ ਕੋ ਬਿਚਾਰ ਹੈ ॥

ਉਹ ਨਾ ਆਧਿ ਹੈ, ਨਾ ਹੀ (ਕਿਸੇ ਪ੍ਰਾਪਤੀ ਦੀ ਉਸ ਨੂੰ) ਚਾਹ ('ਗਾਧ') ਹੈ ਅਤੇ ਨਾ ਹੀ ਵਿਆਧਿ ਦਾ ਵਿਚਾਰ ਹੈ।

ਨ ਰੰਗ ਰਾਗ ਰੂਪ ਹੈ ਨ ਰੂਪ ਰੇਖ ਰਾਰ ਹੈ ॥

(ਉਹ) ਨਾ ਰੰਗ, ਰਾਗ ਅਤੇ ਸਰੂਪ ਵਾਲਾ ਹੈ, ਨਾ ਹੀ ਰੂਪਰੇਖਾ ਦੀ ਕੋਈ ਰੜਕ ਹੈ।

ਨ ਹਾਉ ਹੈ ਨ ਭਾਉ ਹੈ ਨ ਦਾਉ ਕੋ ਪ੍ਰਕਾਰ ਹੈ ॥੧੮॥੧੭੮॥

(ਉਸ ਵਿਚ) ਨਾ ਹਾਵ-ਭਾਵ ਹੈ ਅਤੇ ਨਾ ਹੀ ਦਾਉ-ਪੇਚ ਦਾ ਕੋਈ ਢੰਗ ਹੈ ॥੧੮॥੧੭੮॥

ਗਜਾਧਪੀ ਨਰਾਧਪੀ ਕਰੰਤ ਸੇਵ ਹੈ ਸਦਾ ॥

(ਜਿਸ ਦੀ) (ਐਰਾਵਤ ਦਾ ਸੁਆਮੀ) ਇੰਦਰ ਅਤੇ (ਨਰਾਂ ਦਾ ਸੁਆਮੀ) ਕੁਬੇਰ ਸਦਾ ਸੇਵਾ ਕਰਦੇ ਹਨ;

ਸਿਤਸੁਤੀ ਤਪਸਪਤੀ ਬਨਸਪਤੀ ਜਪਸ ਸਦਾ ॥

(ਜਿਸ ਦਾ) ਚੰਦ੍ਰਮਾ ('ਸਿਤਸਪਤੀ') ਸੂਰਜ ਅਤੇ ਵਰੁਣ ਸਦਾ ਜਪ ਕਰਦੇ ਹਨ,

ਅਗਸਤ ਆਦਿ ਜੇ ਬਡੇ ਤਪਸਪਤੀ ਬਿਸੇਖੀਐ ॥

ਅਗਸਤ ਆਦਿ ਵੱਡੇ ਵੱਡੇ ਵਿਸ਼ੇਸ਼ ਤਪਸਵੀ

ਬਿਅੰਤ ਬਿਅੰਤ ਬਿਅੰਤ ਕੋ ਕਰੰਤ ਪਾਠ ਪੇਖੀਐ ॥੧੯॥੧੭੯॥

(ਸਭ ਉਸ ਨੂੰ) ਬੇਅੰਤ ਬੇਅੰਤ ਬੇਅੰਤ ਕਹਿੰਦੇ ਵੇਖੇ ਗਏ ਹਨ ॥੧੯॥੧੭੯॥

ਅਗਾਧ ਆਦਿ ਦੇਵਕੀ ਅਨਾਦ ਬਾਤ ਮਾਨੀਐ ॥

ਉਸ ਅਗਾਧ, ਆਦਿ ਦੇਵ ਦੀ ਗੱਲ (ਬ੍ਰਿਤਾਂਤ) ਅਨਾਦਿ ਹੈ।

ਨ ਜਾਤ ਪਾਤ ਮੰਤ੍ਰ ਮਿਤ੍ਰ ਸਤ੍ਰ ਸਨੇਹ ਜਾਨੀਐ ॥

(ਉਸ ਦੀ) ਨਾ ਜਾਤਿ ਹੈ, ਨਾ ਬਰਾਦਰੀ ਹੈ, ਨਾ ਹੀ (ਉਸ ਦਾ ਕੋਈ) ਸਲਾਹਕਾਰ, ਮਿਤਰ, ਵੈਰੀ ਅਤੇ ਸਨੇਹੀ ਸਮਝਣਾ ਚਾਹੀਦਾ ਹੈ।

ਸਦੀਵ ਸਰਬ ਲੋਕ ਕੇ ਕ੍ਰਿਪਾਲ ਖਿਆਲ ਮੈ ਰਹੈ ॥

(ਜੋ ਵਿਅਕਤੀ) ਸਦਾ ਸਭ ਲੋਕਾਂ ਉਤੇ ਕ੍ਰਿਪਾਲੂ (ਪਰਮ ਸੱਤਾ) ਨੂੰ ਆਪਣੇ ਧਿਆਨ ਵਿਚ ਰਖਦੇ ਹਨ,

ਤੁਰੰਤ ਦ੍ਰੋਹ ਦੇਹ ਕੇ ਅਨੰਤ ਭਾਂਤਿ ਸੋ ਦਹੈ ॥੨੦॥੧੮੦॥

(ਉਨ੍ਹਾਂ ਦੀ) ਦੇਹ ਦੇ ਅਨੇਕ ਤਰ੍ਹਾਂ ਦੇ ਦੁਖ ਤੁਰਤ ਹੀ ਸੜ ਜਾਂਦੇ ਹਨ ॥੨੦॥੧੮੦॥

ਤ੍ਵ ਪ੍ਰਸਾਦਿ ॥ ਰੂਆਲ ਛੰਦ ॥

ਤੇਰੀ ਕ੍ਰਿਪਾ ਨਾਲ: ਰੂਆਮਲ ਛੰਦ:

ਰੂਪ ਰਾਗ ਨ ਰੇਖ ਰੰਗ ਨ ਜਨਮ ਮਰਨ ਬਿਹੀਨ ॥

(ਜਿਸ ਦਾ) ਰੂਪ, ਰਾਗ, ਰੇਖਾ ਅਤੇ ਰੰਗ ਨਹੀਂ ਹੈ ਅਤੇ (ਜੋ) ਜਨਮ-ਮਰਨ ਤੋਂ ਰਹਿਤ ਹੈ,