ਅਕਾਲ ਉਸਤਤ

(ਅੰਗ: 36)


ਪਰੇ ਹੈ ਪਵਿਤ੍ਰ ਹੈ ਪੁਨੀਤ ਹੈ ਪੁਰਾਨ ਹੈ ॥

(ਉਹ ਸਭ ਤੋਂ) ਪਰੇ ਹੈ, ਪਵਿਤਰ ਹੈ, ਸਵੱਛ ਹੈ ਅਤੇ ਪੁਰਾਤਨ ਹੈ।

ਅਗੰਜ ਹੈ ਅਭੰਜ ਹੈ ਕਰੀਮ ਹੈ ਕੁਰਾਨ ਹੈ ॥੧੧॥੧੭੧॥

(ਉਹ) ਨਾ ਨਾਸ਼ ਹੁੰਦਾ ਹੈ, ਨਾ ਟੁੱਟਦਾ ਹੈ, ਉਹ ਕ੍ਰਿਪਾਲੂ ਹੈ, ਪਵਿਤਰ ਧਰਮ-ਗ੍ਰੰਥ (ਕੁਰਾਨ) ਹੈ ॥੧੧॥੧੭੧॥

ਅਕਾਲ ਹੈ ਅਪਾਲ ਹੈ ਖਿਆਲ ਹੈ ਅਖੰਡ ਹੈ ॥

(ਉਹ) ਕਾਲ-ਰਹਿਤ, ਪਾਲਣਾ-ਰਹਿਤ ਹੈ, (ਉਹ) ਚਿੰਤਨ (ਦਾ ਨਿਸ਼ਾਣਾ) ਹੈ ਅਤੇ ਅਖੰਡ ਸਰੂਪ ਵਾਲਾ ਹੈ।

ਨ ਰੋਗ ਹੈ ਨ ਸੋਗ ਹੈ ਨ ਭੇਦ ਹੈ ਨ ਭੰਡ ਹੈ ॥

(ਉਸ ਨੂੰ) ਨਾ ਰੋਗ ਹੈ, ਨਾ ਸੋਗ ਹੈ, ਨਾ ਰਹੱਸਪੂਰਨ ਹੈ ਅਤੇ ਨਾ ਹੀ ਨਸ਼ਰ ਕੀਤੇ ਜਾਣ ਵਾਲਾ ਹੈ।

ਨ ਅੰਗ ਹੈ ਨ ਰੰਗ ਹੈ ਨ ਸੰਗ ਹੈ ਨ ਸਾਥ ਹੈ ॥

ਉਸ ਦਾ ਨਾ (ਕੋਈ) ਅੰਗ (ਸ਼ਰੀਰ) ਹੈ, ਨਾ ਰੰਗ ਹੈ, ਨਾ (ਕੋਈ) ਸੰਗ-ਸਾਥ ਹੈ।

ਪ੍ਰਿਆ ਹੈ ਪਵਿਤ੍ਰ ਹੈ ਪੁਨੀਤ ਹੈ ਪ੍ਰਮਾਥ ਹੈ ॥੧੨॥੧੭੨॥

(ਉਹ) ਪਿਆਰਾ ਹੈ, ਪਵਿਤਰ ਹੈ, ਸਵੱਛ ਹੈ ਅਤੇ (ਸਭ ਨੂੰ) ਅਧੀਨ ਰਖਣ ਵਾਲਾ ਹੈ ॥੧੨॥੧੭੨॥

ਨ ਸੀਤ ਹੈ ਨ ਸੋਚ ਹੈ ਨ ਘ੍ਰਾਮ ਹੈ ਨ ਘਾਮ ਹੈ ॥

(ਉਹ) ਨਾ ਸਰਦੀ ਹੈ, ਨਾ ਗਰਮੀ ਹੈ, ਨਾ ਛਾਂ ਹੈ ਅਤੇ ਨਾ ਧੁਪ ਹੈ;

ਨ ਲੋਭ ਹੈ ਨ ਮੋਹ ਹੈ ਨ ਕ੍ਰੋਧ ਹੈ ਨ ਕਾਮ ਹੈ ॥

(ਉਹ) ਨਾ ਲੋਭ ਹੈ, ਨਾ ਮੋਹ ਹੈ, ਨਾ ਕ੍ਰੋਧ ਹੈ ਅਤੇ ਨਾ ਹੀ ਕਾਮਨਾ ਹੈ।

ਨ ਦੇਵ ਹੈ ਨ ਦੈਤ ਹੈ ਨ ਨਰ ਕੋ ਸਰੂਪ ਹੈ ॥

(ਉਹ) ਨਾ ਦੇਵਤਾ ਹੈ, ਨਾ ਦੈਂਤ ਹੈ ਅਤੇ ਨਾ ਪੁਰਖ ਸਰੂਪ ਵਾਲਾ ਹੈ।

ਨ ਛਲ ਹੈ ਨ ਛਿਦ੍ਰ ਹੈ ਨ ਛਿਦ੍ਰ ਕੀ ਬਿਭੂਤਿ ਹੈ ॥੧੩॥੧੭੩॥

(ਉਸ ਵਿਚ) ਨਾ ਕੋਈ ਛਲ ਹੈ, ਨਾ ਛਿਦ੍ਰ ਹੈ ਅਤੇ ਨਾ ਹੀ ਨੁਕਸਾਂ ਵਾਲੀ ਵਿਭੂਤੀ (ਸੰਪੱਤੀ) ਹੈ ॥੧੩॥੧੭੩॥

ਨ ਕਾਮ ਹੈ ਨ ਕ੍ਰੋਧ ਹੈ ਨ ਲੋਭ ਹੈ ਨ ਮੋਹ ਹੈ ॥

(ਉਸ ਨੂੰ) ਨਾ ਕਾਮ ਹੈ, ਨਾ ਕ੍ਰੋਧ ਹੈ, ਨਾ ਲੋਭ ਹੈ, ਨਾ ਮੋਹ ਹੈ,

ਨ ਦ੍ਵੈਖ ਹੈ ਨ ਭੇਖ ਹੈ ਨ ਦੁਈ ਹੈ ਨ ਦ੍ਰੋਹ ਹੈ ॥

ਨਾ ਦ੍ਵੈਸ਼ ਹੈ, ਨਾ ਭੇਖ ਹੈ, ਨਾ ਦੂਈ ਦਾ ਭਾਵ ਹੈ ਅਤੇ ਨਾ ਧੋਖਾ ਹੈ।

ਨ ਕਾਲ ਹੈ ਨ ਬਾਲ ਹੈ ਸਦੀਵ ਦਇਆਲ ਰੂਪ ਹੈ ॥

(ਉਹ) ਨਾ ਕਾਲ ਹੈ, ਨਾ ਬਾਲਕ ਹੈ, ਸਦਾ ਦਿਆਲੂ ਰੂਪ ਵਾਲਾ ਹੈ।

ਅਗੰਜ ਹੈ ਅਭੰਜ ਹੈ ਅਭਰਮ ਹੈ ਅਭੂਤ ਹੈ ॥੧੪॥੧੭੪॥

(ਉਹ) ਅਗੰਜ ਹੈ, ਅਭੰਜ ਹੈ, ਭਰਮ ਅਤੇ ਪੰਜ ਭੂਤਾਂ ਤੋਂ ਉੱਚਾ ਹੈ ॥੧੪॥੧੭੪॥

ਅਛੇਦ ਛੇਦ ਹੈ ਸਦਾ ਅਗੰਜ ਗੰਜ ਗੰਜ ਹੈ ॥

(ਉਹ) ਸਦਾ ਅਛੇਦ ਨੂੰ ਵੀ ਛੇਦਣ ਵਾਲਾ ਹੈ ਅਤੇ ਨਸ਼ਟ ਨਾ ਹੋਣ ਵਾਲਿਆਂ ਦਾ ਵੀ ਨਾਸ਼ਕ ਹੈ।

ਅਭੂਤ ਅਭੇਖ ਹੈ ਬਲੀ ਅਰੂਪ ਰਾਗ ਰੰਗ ਹੈ ॥

ਤੱਤ੍ਵਾਂ ਤੋਂ ਬਿਨਾ ਵੀ ਉਹ ਬਲਵਾਨ ਸਰੂਪ ਵਾਲਾ ਹੈ ਅਤੇ ਉਹ ਰਾਗਰੰਗ ਅਤੇ ਰੂਪ-ਰਹਿਤ ਹੈ।

ਨ ਦ੍ਵੈਖ ਹੈ ਨ ਭੇਖ ਹੈ ਨ ਕਾਮ ਕ੍ਰੋਧ ਕਰਮ ਹੈ ॥

(ਉਸ ਵਿਚ) ਨਾ ਦ੍ਵੈਸ਼ ਹੈ, ਨਾ ਭੇਖ ਹੈ ਅਤੇ ਨਾ ਹੀ ਕਾਮ, ਕ੍ਰੋਧ ਅਤੇ ਕਰਮ ਹੈ।

ਨ ਜਾਤ ਹੈ ਨ ਪਾਤ ਹੈ ਨ ਚਿਤ੍ਰ ਚਿਹਨ ਬਰਨ ਹੈ ॥੧੫॥੧੭੫॥

(ਉਸ ਦੀ) ਨਾ (ਕੋਈ) ਜਾਤਿ ਹੈ, ਨਾ ਬਰਾਦਰੀ ਹੈ ਅਤੇ ਨਾ ਹੀ (ਕੋਈ) ਚਿਤਰ, ਚਿੰਨ੍ਹ ਅਤੇ ਵਰਨ ਹੈ ॥੧੫॥੧੭੫॥

ਬਿਅੰਤ ਹੈ ਅਨੰਤ ਹੈ ਅਨੰਤ ਤੇਜ ਜਾਨੀਐ ॥

(ਉਹ) ਬੇਅੰਤ ਹੈ, ਅਨੰਤ ਹੈ, (ਉਸ ਨੂੰ) ਬੇਅੰਤ ਤੇਜ ਵਾਲਾ ਜਾਣਨਾ ਚਾਹੀਦਾ ਹੈ।

ਅਭੂਮ ਅਭਿਜ ਹੈ ਸਦਾ ਅਛਿਜ ਤੇਜ ਮਾਨੀਐ ॥

(ਉਹ) ਖ਼ਾਕੀ (ਪਾਰਥਿਵ) ਨਹੀਂ ਹੈ, ਪ੍ਰਭਾਵਿਤ ਹੋਣ ਵਾਲਾ ਨਹੀਂ ਹੈ, (ਉਸ ਨੂੰ) ਸਦਾ ਨਾ ਛਿਝਣ ਵਾਲਾ ਤੇਜ ਮੰਨਣਾ ਚਾਹੀਦਾ ਹੈ।