(ਉਹ ਜੋਤਿ) ਨਾ ਘਾਟੇ ਵਾਲੀ ਹੈ, ਨਾ ਬਨਾਵਟ ਵਾਲੀ ਹੈ, (ਉਸ ਨੂੰ) ਸਮਾਨ ਰੂਪ ਵਾਲਾ ਸਮਝਣਾ ਚਾਹੀਦਾ ਹੈ;
ਉਸ ਨੂੰ ਮਕਾਨਾਂ ਅਤੇ ਮਕਾਨਾਂ ਵਿਚ ਵਸਣ ਵਾਲਿਆਂ ਵਿਚ ਬੇ-ਮਿਸਾਲ ਪ੍ਰਕਾਸ਼ ਮੰਨਣਾ ਚਾਹੀਦਾ ਹੈ ॥੬॥੧੬੬॥
(ਉਸ ਦਾ) ਨਾ ਸ਼ਰੀਰ ਹੈ, ਨਾ ਘਰ ਹੈ, ਨਾ ਜਾਤਿ ਹੈ ਅਤੇ ਨਾ ਹੀ ਬਰਾਦਰੀ;
(ਉਸ ਦਾ) ਨਾ (ਕੋਈ) ਸਲਾਹਕਾਰ ਹੈ, ਨਾ ਮਿਤਰ ਹੈ, ਨਾ ਪਿਤਾ ਹੈ ਅਤੇ ਨਾ ਹੀ ਮਾਤਾ ਹੈ;
(ਉਸ ਦਾ) ਨਾ (ਕੋਈ) ਅੰਗ-ਸਾਕ ਹੈ, ਨਾ ਰੰਗ ਹੈ, ਨਾ ਕਿਸੇ ਸੰਗੀ-ਸਾਥੀ ਦਾ ਸਨੇਹ ਹੈ;
(ਉਸ ਨੂੰ) ਨਾ ਦੋਸ਼ ਹੈ, ਨਾ ਕਲੰਕ ਹੈ, ਨਾ ਦ੍ਵੈਸ਼ ਹੈ, ਨਾ ਦੇਹ ਹੈ ॥੭॥੧੬੭॥
(ਉਹ) ਨਾ ਸ਼ੇਰ ਹੈ, ਨਾ ਗਿਦੜ ਹੈ, ਨਾ ਰਾਜਾ ਹੈ, ਨਾ ਭਿਖਾਰੀ ਹੈ;
(ਉਸ ਨੂੰ) ਨਾ ਮਾਣ ਹੈ, ਨਾ ਮੌਤ, ਨਾ ਸਾਕ ਹੈ ਅਤੇ ਨਾ ਹੀ ਸ਼ੰਕਾ ਹੈ;
ਨਾ ਯਕਸ਼ ਹੈ, ਨਾ ਗੰਧਰਬ ਹੈ, ਨਾ ਨਰ ਹੈ ਅਤੇ ਨਾ ਹੀ ਨਾਰੀ ਹੈ;
ਨਾ ਚੋਰ ਹੈ, ਨਾ ਸ਼ਾਹ ਹੈ ਅਤੇ ਨਾ ਹੀ ਸ਼ਾਹੂਕਾਰ ਦਾ ਪੁੱਤਰ ਹੈ ॥੮॥੧੬੮॥
(ਉਸ ਨੂੰ) ਨਾ ਮੋਹ ਹੈ, ਨਾ (ਉਸ ਦਾ) ਘਰ ਹੈ, ਨਾ ਸ਼ਰੀਰ ਹੈ ਅਤੇ ਨਾ ਹੀ ਬਨਾਵਟ ਹੈ;
(ਉਸ ਵਿਚ) ਨਾ (ਕੋਈ) ਛਲ ਹੈ, ਨਾ ਛਿਦ੍ਰ (ਸੂਰਾਖ਼) ਹੈ, ਨਾ ਹੀ ਛਲ ਨਾਲ ਉਸ ਦਾ ਕੋਈ ਮੇਲ ਹੈ;
(ਉਹ) ਨਾ ਤੰਤ੍ਰ ਹੈ, ਨਾ ਮੰਤ੍ਰ ਹੈ ਅਤੇ ਨਾ ਯੰਤ੍ਰ ਦਾ ਸਰੂਪ ਹੈ;
(ਉਸ ਨੂੰ) ਨਾ ਮੋਹ ਹੈ, ਨਾ ਰੰਗ ਹੈ, (ਉਸ ਦਾ) ਨਾ ਆਕਾਰ ਹੈ ਅਤੇ ਨਾ ਹੀ (ਕੋਈ) ਸਰੂਪ ਹੈ ॥੯॥੧੬੯॥
(ਉਹ) ਨਾ ਯੰਤ੍ਰ (ਦੇ ਵਸ) ਹੈ, ਨਾ ਮੰਤ੍ਰ ਅਤੇ ਨਾ ਤੰਤ੍ਰ ਦੁਆਰਾ ਬਣਿਆ ਹੈ,
(ਉਹ) ਨਾ ਛਲ ਹੈ, ਨਾ ਛਿਦ੍ਰ (ਸੂਰਾਖ਼) ਹੈ ਅਤੇ ਨਾ ਮਾਇਆ ('ਛਾਇਆ') ਨਾਲ (ਉਸ ਦਾ) ਮੇਲ ਹੈ;
(ਉਹ) ਨਾ ਮੋਹ ਹੈ, ਨਾ ਰੰਗ ਹੈ, ਨਾ ਰੂਪ ਵਾਲਾ ਹੈ ਅਤੇ ਨਾ ਹੀ ਆਕਾਰ ਵਾਲਾ ਹੈ;
(ਉਹ) ਨਾ ਕਰਮ ਹੈ, ਨਾ ਧਰਮ ਹੈ, (ਉਹ) ਅਜਨਮਾ ਅਤੇ ਭੇਖ ਤੋਂ ਰਹਿਤ ਹੈ ॥੧੦॥੧੭੦॥
(ਉਸ ਦਾ) ਨਾ ਪਿਤਾ ਹੈ, ਨਾ ਮਾਤਾ, (ਉਹ) ਖਿਆਲ ਤੋਂ ਉੱਚਾ ਅਖੰਡ ਰੂਪ ਵਾਲਾ ਹੈ।
(ਉਹ) ਅਛੇਦ ਅਤੇ ਅਭੇਦ ਹੈ, (ਉਹ) ਨਾ ਭਿਖਾਰੀ ਹੈ ਅਤੇ ਨਾ ਹੀ ਰਾਜਾ।