ਅਕਾਲ ਉਸਤਤ

(ਅੰਗ: 34)


ਅਦੇਵ ਦੇਵ ਹੈਂ ਸਦਾ ਅਭੇਵ ਭੇਵ ਨਾਥ ਹੈਂ ॥

(ਉਹ) ਸਦਾ ਦੇਵ ਅਤੇ ਅਦੇਵ (ਦੈਂਤ) ਹੈ ਅਤੇ ਭੇਦ-ਯੁਕਤ ਅਤੇ ਭੇਦ-ਰਹਿਤ (ਗਿਆਨ ਦਾ) ਸੁਆਮੀ ਹੈ;

ਸਮਸਤ ਸਿਧ ਬ੍ਰਿਧਿ ਦਾ ਸਦੀਵ ਸਰਬ ਸਾਥ ਹੈਂ ॥੧॥੧੬੧॥

ਸਾਰੀਆਂ ਸਿੱਧੀਆਂ ਨੂੰ ਵਿਕਸਿਤ ਕਰਨ ਵਾਲਾ ਅਤੇ ਸਦਾ ਸਭ ਦਾ ਸਾਥੀ ਹੈ ॥੧॥੧੬੧॥

ਅਨਾਥ ਨਾਥ ਨਾਥ ਹੈਂ ਅਭੰਜ ਭੰਜ ਹੈਂ ਸਦਾ ॥

(ਉਹ) ਪਰਮਾਤਮਾ ਸਦਾ ਅਨਾਥਾਂ ਦਾ ਨਾਥ (ਸੁਆਮੀ) ਹੈ; ਨਾ ਭੰਨੇ ਜਾ ਸਕਣ ਵਾਲਿਆਂ ਨੂੰ ਭੰਨਣ ਵਾਲਾ ਹੈ;

ਅਗੰਜ ਗੰਜ ਗੰਜ ਹੈਂ ਸਦੀਵ ਸਿਧ ਬ੍ਰਿਧ ਦਾ ॥

(ਉਹ) ਖ਼ਜ਼ਾਨਿਆਂ ਤੋਂ ਵਾਂਝਿਆਂ ਨੂੰ ਸਦਾ ਖ਼ਜ਼ਾਨੇ ਬਖਸ਼ਣ ਵਾਲਾ ਹੈ ਅਤੇ ਸਿੱਧੀਆਂ ਵਿਚ ਵਾਧਾ ਕਰਨ ਵਾਲਾ ਹੈ;

ਅਨੂਪ ਰੂਪ ਸਰੂਪ ਹੈਂ ਅਛਿਜ ਤੇਜ ਮਾਨੀਐਂ ॥

(ਉਸ ਦਾ) ਸਰੂਪ ਉਪਮਾ ਤੋਂ ਰਹਿਤ ਰੂਪ ਵਾਲਾ ਹੈ ਅਤੇ (ਉਸ ਨੂੰ) ਅਮੁਕ ਤੇਜ ਵਾਲਾ ਸਮਝਿਆ ਜਾਂਦਾ ਹੈ;

ਸਦੀਵ ਸਿਧ ਬੁਧਿ ਦਾ ਪ੍ਰਤਾਪ ਪਤ੍ਰ ਜਾਨੀਐਂ ॥੨॥੧੬੨॥

(ਉਸ ਨੂੰ) ਸਦਾ ਸ਼ੁੱਧ ਬੁੱਧੀ ਦੇਣ ਵਾਲਾ ਅਤੇ ਪ੍ਰਤਾਪ ਦਾ ਪ੍ਰਮਾਣ-ਪੱਤਰ ਮੰਨਿਆ ਜਾਂਦਾ ਹੈ ॥੨॥੧੬੨॥

ਨ ਰਾਗ ਰੰਗ ਰੂਪ ਹੈਂ ਨ ਰੋਗ ਰਾਗ ਰੇਖ ਹੈਂ ॥

(ਉਸ ਨੂੰ) ਨਾ ਮੋਹ ('ਰਾਗ') ਹੈ ਅਤੇ ਨਾ ਹੀ (ਉਸ ਦਾ ਕੋਈ) ਰੂਪ-ਰੰਗ ਹੈ ਅਤੇ ਨਾ ਹੀ ਰੋਗ ਅਤੇ ਮਮਤਾ ਦੀ ਕੋਈ ਲਕੀਰ ਹੈ।

ਅਦੋਖ ਅਦਾਗ ਅਦਗ ਹੈਂ ਅਭੂਤ ਅਭਰਮ ਅਭੇਖ ਹੈਂ ॥

(ਉਹ) ਦੋਸ਼-ਰਹਿਤ, ਬੇ-ਦਾਗ਼, ਸਾੜਰਹਿਤ, ਭੌਤਿਕ ਤੱਤ੍ਵਾਂ ਤੋਂ ਮੁਕਤ ਅਤੇ ਭਰਮਾਂ ਤੇ ਭੇਖਾਂ ਤੋਂ ਪਰੇ ਹੈ।

ਨ ਤਾਤ ਮਾਤ ਜਾਤ ਹੈਂ ਨ ਪਾਤਿ ਚਿਹਨ ਬਰਨ ਹੈਂ ॥

(ਉਸ ਦਾ) ਨਾ ਪਿਤਾ ਹੈ, ਨਾ ਮਾਤਾ, ਨਾ ਜਾਤਿ ਹੈ ਅਤੇ ਨਾ ਬਰਾਦਰੀ, ਨਾ ਹੀ ਕੋਈ ਚਿੰਨ੍ਹ ਜਾਂ ਵਰਨ ਹੈ।

ਅਦੇਖ ਅਸੇਖ ਅਭੇਖ ਹੈਂ ਸਦੀਵ ਬਿਸੁ ਭਰਨ ਹੈਂ ॥੩॥੧੬੩॥

(ਉਹ) ਅਦ੍ਰਿਸ਼ਟ, ਅਨੰਤ (ਅਸ਼ੇਸ਼) ਭੇਖ-ਰਹਿਤ ਅਤੇ ਸਦਾ ਸੰਸਾਰ ਦੀ ਪਾਲਨਾ ਕਰਨ ਵਾਲਾ ਹੈ ॥੩॥੧੬੩॥

ਬਿਸ੍ਵੰਭਰ ਬਿਸੁਨਾਥ ਹੈਂ ਬਿਸੇਖ ਬਿਸ੍ਵ ਭਰਨ ਹੈਂ ॥

(ਉਹ) ਜਗਤ ਨੂੰ ਭਰਨ ਵਾਲਾ ਅਤੇ ਉਸ ਦਾ ਸੁਆਮੀ ਹੈ ਅਤੇ ਵਿਸ਼ੇਸ਼ ਰੂਪ ਵਿਚ ਸੰਸਾਰ ਦੀ ਪਾਲਨਾ ਕਰਨ ਵਾਲਾ ਹੈ।

ਜਿਮੀ ਜਮਾਨ ਕੇ ਬਿਖੈ ਸਦੀਵ ਕਰਮ ਭਰਨ ਹੈਂ ॥

(ਉਹ) ਧਰਤੀ ਅਤੇ ਆਕਾਸ਼ ਵਿਚਾਲੇ ਸਦਾ ਹੋਣ ਵਾਲੇ ਕਰਮਾਂ ਦਾ ਸੰਯੋਜਕ ਹੈ।

ਅਦ੍ਵੈਖ ਹੈਂ ਅਭੇਖ ਹੈਂ ਅਲੇਖ ਨਾਥ ਜਾਨੀਐਂ ॥

ਉਸ ਨੂੰ ਦ੍ਵੈਸ਼-ਰਹਿਤ, ਭੇਖ-ਰਹਿਤ, ਲੇਖੇ ਤੋਂ ਬਿਨਾ ਸੁਆਮੀ ਸਮਝਣਾ ਚਾਹੀਦਾ ਹੈ।

ਸਦੀਵ ਸਰਬ ਠਉਰ ਮੈ ਬਿਸੇਖ ਆਨ ਮਾਨੀਐਂ ॥੪॥੧੬੪॥

(ਉਸ ਨੂੰ) ਸਾਰੀਆਂ ਥਾਂਵਾਂ ਵਿਚ ਵਿਸ਼ੇਸ਼ ਰੂਪ ਵਿਚ ਸਦਾ ਮੌਜੂਦ ਮੰਨਣਾ ਚਾਹੀਦਾ ਹੈ ॥੪॥੧੬੪॥

ਨ ਜੰਤ੍ਰ ਮੈ ਨ ਤੰਤ੍ਰ ਮੈ ਨ ਮੰਤ੍ਰ ਬਸਿ ਆਵਈ ॥

(ਉਹ) ਨਾ ਯੰਤ੍ਰ ਦੇ ਵਸ ਵਿਚ ਆਉਂਦਾ ਹੈ, ਨਾ ਤੰਤ੍ਰ ਅਤੇ ਮੰਤ੍ਰ ਦੇ ਕਾਬੂ ਹੁੰਦਾ ਹੈ।

ਪੁਰਾਨ ਔ ਕੁਰਾਨ ਨੇਤਿ ਨੇਤਿ ਕੈ ਬਤਾਵਈ ॥

(ਉਸ ਨੂੰ) ਪੁਰਾਣ ਅਤੇ ਕੁਰਾਨ ਬੇਅੰਤ ਬੇਅੰਤ ਕਹਿੰਦੇ ਹਨ।

ਨ ਕਰਮ ਮੈ ਨ ਧਰਮ ਮੈ ਨ ਭਰਮ ਮੈ ਬਤਾਈਐ ॥

(ਉਹ) ਨਾ ਕਰਮ ਵਿਚ, ਨਾ ਧਰਮ ਵਿਚ ਅਤੇ ਨਾ ਭਰਮ ਵਿਚ (ਲੁਪਤ) ਦਸਿਆ ਜਾਂਦਾ ਹੈ।

ਅਗੰਜ ਆਦਿ ਦੇਵ ਹੈ ਕਹੋ ਸੁ ਕੈਸ ਪਾਈਐ ॥੫॥੧੬੫॥

ਨਾਸ ਤੋਂ ਰਹਿਤ ਉਹ ਆਦਿ ਦੇਵ ਨੂੰ ਦਸੋ ਕਿਸ ਤਰ੍ਹਾਂ ਪਾਇਆ ਜਾ ਸਕਦਾ ਹੈ ॥੫॥੧੬੫॥

ਜਿਮੀ ਜਮਾਨ ਕੇ ਬਿਖੈ ਸਮਸਤਿ ਏਕ ਜੋਤਿ ਹੈ ॥

ਧਰਤੀ ਅਤੇ ਆਕਾਸ਼ ਵਿਚ ਸਭ ਥਾਂ (ਜਿਸ ਦੀ) ਇਕ ਜੋਤਿ (ਪਸਰੀ ਹੋਈ) ਹੈ;

ਨ ਘਾਟਿ ਹੈ ਨ ਬਾਢਿ ਹੈ ਨ ਘਾਟਿ ਬਾਢਿ ਹੋਤ ਹੈ ॥

ਜੋ ਨਾ ਘਟਦੀ ਹੈ, ਨਾ ਵੱਧਦੀ ਹੈ ਅਤੇ ਨਾ ਘਟਦੀ-ਵਧਦੀ ਦੋਵੇਂ ਹੈ;