ਜਿਸ ਦਾ ਅੰਤ ਪੂਰਨ ਬੁੱਧੀਮਾਨ ਵੀ ਨਹੀਂ ਪਾ ਸਕਦੇ ॥੧੬॥੧੫੬॥
(ਜਿਸ ਦਾ) ਸਰੂਪ ਅਖੰਡ ਅਤੇ ਸ਼ੋਭਾ ਅਰੁਕ ਹੈ,
ਸਾਰੇ ਵੇਦ ਅਤੇ ਪੁਰਾਣ (ਜਿਸ ਦੀ) ਜੈ ਜੈ ਜਪਦੇ ਹਨ,
ਜਿਸ ਨੂੰ ਵੇਦ ਅਤੇ ਕਤੇਬ ਬੇਅੰਤ ਬੇਅੰਤ ਕਹਿੰਦੇ ਹਨ,
ਜਿਸ ਦਾ ਸਥੂਲ ਅਤੇ ਸੂਖਮ ਕੋਈ ਵੀ ਭੇਦ ਨਹੀਂ ਪਾ ਸਕਦਾ ॥੧੭॥੧੫੭॥
ਜਿਸ ਨੂੰ ਵੇਦ, ਪੁਰਾਨ ਅਤੇ ਕਤੇਬ ਜਪਦੇ ਹਨ,
ਸਮੁੰਦਰ ਦਾ ਪੁੱਤਰ (ਚੰਦ੍ਰਮਾ ਜਿਸ ਦਾ) ਮੂਧੇ ਮੂੰਹ ਤਪ ਕਰ ਰਿਹਾ ਹੈ;
ਕਈ (ਸਾਧਕ) ਕਲਪਾਂ ਜਿੰਨੇ ਲੰਬੇ ਸਮੇਂ ਤੋਂ ਤਪਸਿਆ ਵਿਚ ਮਗਨ ਹਨ,
(ਪਰ ਉਨ੍ਹਾਂ ਦੇ) ਕ੍ਰਿਪਾਨਿਧ (ਪ੍ਰਭੂ) ਬਿਲਕੁਲ ਹੱਥ ਨਹੀਂ ਲਗ ਰਿਹਾ ॥੧੮॥੧੫੮॥
ਜਿਹੜੇ ਲੋਕ ਸਾਰੇ ਵਿਅਰਥ ਧਰਮ ਕਾਰਜ ਛਡ ਦਿੰਦੇ ਹਨ
ਅਤੇ ਇਕਾਗਰ ਮਨ ਨਾਲ ਪਰਮਾਤਮਾ ਨੂੰ ਜਪਦੇ ਹਨ,
ਉਹੀ (ਲੋਕ) ਭਵ-ਸਾਗਰ ਨੂੰ ਤਰਦੇ ਹਨ,
ਫਿਰ ਭੁਲ ਕੇ ਵੀ ਜਗਤ ਵਿਚ ਸ਼ਰੀਰ ਧਾਰਨ ਨਹੀਂ ਕਰਦੇ (ਭਾਵ ਮੁਕਤ ਹੋ ਜਾਂਦੇ ਹਨ) ॥੧੯॥੧੫੯॥
ਇਕ ਨਾਮ (ਦੇ ਸਿਮਰਨ) ਤੋਂ ਬਿਨਾ ਕਰੋੜਾਂ ਵਰਤਾਂ (ਨਾਲ ਮੁਕਤੀ) ਨਹੀਂ ਹੁੰਦੀ,
ਇਸ ਪ੍ਰਕਾਰ ਦੇ ਵੇਦਾਂ ਦੇ ਕਥਨ ਸਰਸਵਤੀ ਉਚਾਰਦੀ ਹੈ।
ਜਿਨ੍ਹਾਂ ਨੂੰ ਉਸ ਰਸ ਦਾ ਚਸਕਾ ਲਗ ਗਿਆ ਹੈ,
ਉਹ ਭੁਲ ਕੇ ਵੀ ਕਾਲ ਦੇ ਫੰਧੇ ਵਿਚ ਨਹੀਂ ਫਸਦਾ ॥੨੦॥੧੬੦॥
ਤੇਰੀ ਕ੍ਰਿਪਾ ਨਾਲ: ਨਰਾਜ ਛੰਦ:
(ਉਸ ਪਰਮਾਤਮਾ ਨੂੰ) ਮੁੱਢ ਤੋਂ ਹੀ ਅਟੁੱਟ ਅਤੇ ਨਾ ਨਸ਼ਟ ਕੀਤੇ ਜਾ ਸਕਣ ਵਾਲਿਆਂ ਨੂੰ ਵੀ ਨਸ਼ਟ ਕਰਨ ਵਾਲਾ ਜਾਣਿਆ ਜਾਂਦਾ ਹੈ;
(ਉਹ) ਸਦਾ ਸੂਖਮ, ਸਥੂਲ ਹੈ ਅਤੇ ਨਾ ਟੁੱਟ ਸਕਣ ਵਾਲਿਆਂ ਨੂੰ ਤੋੜਨ ਵਾਲਾ ਸਮਝਿਆ ਜਾਂਦਾ ਹੈ;