ਜਿਸ ਨੇ ਜੰਗਲ, ਫਲ, ਫੁਲ ਅਤੇ ਕਲੀਆਂ ਨੂੰ ਬਣਾਇਆ ਹੈ ॥੧੧॥੧੫੧॥
(ਜਿਸ ਨੇ) ਭੂਮੀ, ਸੁਮੇਰ ਪਰਬਤ ਅਤੇ ਆਕਾਸ਼ (ਦੀ ਸਿਰਜਨਾ ਕਰ ਕੇ) ਧਰਤੀ ਨੂੰ ਨਿਵਾਸ ਦਾ ਸਾਧਨ ਬਣਾਇਆ,
(ਫਿਰ) ਰੋਜ਼ੇ, ਇਕਾਦਸ਼ੀ (ਆਦਿ ਵਰਤਾਂ) ਦੀ ਚੰਦ੍ਰਮਾ (ਦੀ ਤਿਥੀਆਂ ਅਨੁਸਾਰ) ਰਚਨਾ ਕੀਤੀ,
ਚੰਦ੍ਰਮਾ ਅਤੇ ਸੂਰਜ ਰੂਪੀ ਦੀਵਿਆਂ ਦਾ ਪ੍ਰਕਾਸ਼ ਦਿੱਤਾ ਅਤੇ
ਜਿਸ ਨੇ ਅਗਨੀ ਅਤੇ ਪੌਣ ਵਰਗੀਆਂ ਪ੍ਰਚੰਡ (ਸ਼ਕਤੀਆਂ ਦਾ ਨਿਰਮਾਣ ਕੀਤਾ) ॥੧੨॥੧੫੨॥
ਜਿਸ ਨੇ ਅਖੰਡ ਅਤੇ ਪ੍ਰਚੰਡ ਖੰਡਾਂ ਦੀ ਰਚਨਾ ਕੀਤੀ
ਅਤੇ ਨਛੱਤ੍ਰਾਂ ਦੀ ਰਚਨਾ ਕਰ ਕੇ (ਫਿਰ ਸੂਰਜ ਦੇ ਤੇਜ ਸਾਹਮਣੇ) ਲੁਕਾ ਦਿੱਤੇ;
ਜਿਸ ਨੇ ਸੁੰਦਰ ਚੌਦਾਂ ਲੋਕਾਂ ਦੀ ਰਚਨਾ ਕੀਤੀ
ਅਤੇ ਗਣ, ਗੰਧਰਬ, ਦੇਵਤੇ, ਦੈਂਤ ਸਿਰਜੇ ॥੧੩॥੧੫੩॥
(ਉਹ) ਸ਼ੁੱਧ ਸਰੂਪ, ਭੌਤਿਕ ਤੱਤ੍ਵਾਂ ਤੋਂ ਪਰੇ
ਅਤੇ ਅਣਛੋਹੀ ਸੂਝ-ਬੂਝ ਵਾਲਾ ਹੈ; ਅਗਾਧ, ਦੁੱਖਾਂ ਤੋਂ ਰਹਿਤ ਅਤੇ ਅਨਾਦਿ ਕਾਲ ਤੋਂ ਗਤੀਮਾਨ ਹੈ;
ਕਸ਼ਟ ਤੋਂ ਬਿਨਾ, ਅਭੇਦ, ਅਛੇਦ ਪੁਰਸ਼ ਹੈ;
ਜਿਸ ਦਾ ਚੌਦਾਂ ਲੋਕਾਂ ਵਿਚ ਸੁੰਦਰ ਚੱਕਰ ਫਿਰਦਾ ਹੈ ॥੧੪॥੧੫੪॥
ਜਿਸ ਦਾ (ਕੋਈ) ਰਾਗ, ਰੰਗ, ਆਕਾਰ ਨਹੀਂ ਹੈ, ਨਾ ਕੋਈ ਰੋਗ ਹੈ,
ਜਿਸ ਨੂੰ ਨਾ (ਕੋਈ) ਸੋਗ, ਭੋਗ ਹੈ ਅਤੇ ਨਾ ਹੀ ਜੋਗ ਨਾਲ ਸੰਬੰਧਿਤ ਹੈ,
(ਜੋ) ਭੂਮੀ ਦਾ ਨਾਸ਼ ਕਰਨ ਵਾਲਾ ਅਤੇ ਮੁੱਢ ਕਦੀਮ ਤੋਂ ਇਸ ਦੀ ਸਿਰਜਨਾ ਕਰਨ ਵਾਲਾ ਹੈ,
ਜਿਸ ਦੀ ਦੇਵਤੇ, ਦੈਂਤ ਅਤੇ ਮਨੁੱਖ ਬੰਦਨਾ ਕਰਦੇ ਹਨ ॥੧੫॥੧੫੫॥
(ਜਿਸ ਨੇ) ਗਣ, ਕਿੰਨਰ, ਯਕਸ਼ ਅਤੇ ਸੱਪ ਰਚੇ ਹਨ;
ਮਣੀਆਂ, ਮਾਣਕ, ਮੋਤੀ, ਲਾਲ ਸਾਜੇ ਹਨ;
(ਜੋ) ਨਾ ਘਟਣ ਵਾਲੀ ਸ਼ੋਭਾ ਅਤੇ ਅਮੁਕ ਬ੍ਰਿੱਤਾਂਤ ਵਾਲਾ ਹੈ;