ਸ਼ੇਰ ਉਤੇ ਸਵਾਰੀ ਕਰਨ ਵਾਲੀ, ਪੱਕੇ ਕਵਚ ਵਾਲੀ, ਅਗੰਮ ਅਤੇ ਅਗਾਧ ਸਰੂਪ ਵਾਲੀ, ਇਕੋ ਜਿਹੇ ਸੁਭਾ ਵਾਲੀ,
ਮਹਿਖਾਸੁਰ ਦੈਂਤ ਨੂੰ ਮਾਰਨ ਵਾਲੀ, ਆਦਿ ਕੁਮਾਰੀ ਅਤੇ ਅਗਾਧ ਬਿਰਤੀ ਵਾਲੀ! (ਤੇਰੀ) ਜੈ ਜੈਕਾਰ ਹੋਵੇ ॥੮॥੨੧੮॥
ਦੇਵਤਿਆਂ, ਮਨੁੱਖਾਂ ਅਤੇ ਮੁਨੀਆਂ ਤੋਂ ਬੰਦਨਾ ਕਰਾਉਣ ਵਾਲੀ, ਦੁਸ਼ਟਾਂ ਦਾ ਨਾਸ਼ ਕਰਨ ਵਾਲੀ, ਭ੍ਰਸ਼ਟ ਵਿਅਕਤੀਆਂ ਨੂੰ ਖ਼ਤਮ ਕਰਨ ਵਾਲੀ ਅਤੇ ਮੌਤ ਨੂੰ ਵੀ ਮਸਲ ਦੇਣ ਵਾਲੀ,
ਹੇ ਕਾਵਰੂ ਦੀ ਕੁਮਾਰੀ (ਕਾਮੱਖਿਆ ਦੇਵੀ!) ਤੂੰ ਨੀਚਾਂ ਨੂੰ ਤਾਰਨ ਵਾਲੀ, ਨਰਕਾਂ ਤੋਂ ਬਚਾਉਣ ਵਾਲੀ, ਮੁੱਢ-ਕਦੀਮ ਤੋਂ ਹੀ ਇਸੇ ਬਿਰਤੀ ਵਾਲੀ,
ਲਕ ਨਾਲ ਘੁੰਘਰੂਆਂ ਵਾਲੀ ਤੜਾਗੀ ਬੰਨ੍ਹਣ ਵਾਲੀ, ਦੇਵਤਿਆਂ ਅਤੇ ਮਨੁੱਖਾਂ ਨੂੰ ਮੋਹਣ ਵਾਲੀ, ਸ਼ੇਰ ਦੀ ਸਵਾਰੀ ਕਰਨ ਵਾਲੀ ਅਤੇ ਬਿਤਲ (ਦੂਜਾ ਪਾਤਾਲ) ਤਕ ਵਿਚਰਨ ਵਾਲੀ,
ਪੌਣ, ਪਾਤਾਲ, ਆਕਾਸ਼ ਅਤੇ ਅਗਨੀ ਵਿਚ ਸਭ ਥਾਂ ਨਿਵਾਸ ਕਰਨ ਵਾਲੀ ਹੈਂ, (ਤੇਰੀ) ਜੈ ਜੈਕਾਰ ਹੋਵੇ ॥੯॥੨੧੯॥
(ਹੇ) ਦੁੱਖਾਂ ਨੂੰ ਦੂਰ ਕਰਨ ਵਾਲੀ, ਨੀਚਾਂ ਦਾ ਉੱਧਾਰ ਕਰਨ ਵਾਲੀ, ਅਤਿ ਅਧਿਕ ਤੇਜ ਵਾਲੀ, ਕ੍ਰੋਧੀ (ਤੁੰਦ) ਸੁਭਾ ਵਾਲੀ,
ਦੁਖਾਂ-ਦੋਖਾਂ ਨੂੰ ਸਾੜਨ ਵਾਲੀ, ਅਗਨੀ ਵਾਂਗ ਮਚਣ ਵਾਲੀ, ਆਦਿ ਅਨਾਦਿ ਕਾਲ ਤੋਂ ਅਗਾਧ ਅਤੇ ਅਛੇਦ ਕਹੀ ਜਾਣ ਵਾਲੀ,
ਸ਼ੁੱਧਤਾ ਅਰਪਨ ਕਰਨ ਵਾਲੀ, ਤਰਕਾਂ ਨੂੰ ਰਦ ਕਰਨ ਵਾਲੀ, ਤਪਦੇ ਤੇਜ ਵਾਲੀ, ਜਪਣ ਵਾਲਿਆਂ ਨੂੰ ਜਿਵਾਉਣ ਵਾਲੀ,
ਸ਼ਸਤ੍ਰਾਂ ਨੂੰ ਚਲਾਉਣ ਵਾਲੀ ਅਤੇ ਆਦਿ, ਅਨੀਲ (ਗਿਣਤੀ ਤੋਂ ਪਰੇ) ਅਗਾਧ ਅਤੇ ਅਭੈ ਸਰੂਪ ਵਾਲੀ! (ਤੇਰੀ) ਜੈ ਜੈਕਾਰ ਹੋਵੇ ॥੧੦॥੨੨੦॥
ਚੰਚਲ ਨੈਣਾਂ ਅਤੇ ਅੰਗਾਂ ਵਾਲੀ, ਸੱਪਣੀਆਂ ਵਰਗੀਆਂ ਜ਼ੁਲਫ਼ਾਂ ਵਾਲੀ, ਫੁਰਤੀਲੇ ਘੋੜੇ ਵਾਂਗ ਤਿਖੀ ਅਤੇ ਤੇਜ਼ ਤੀਰਾਂ ਵਾਲੀ,
ਤਿਖਾ ਕੁਹਾੜਾ ਧਾਰਨ ਕਰਨ ਵਾਲੀ, ਨਰਕਾਂ ਤੋਂ ਬਚਾਉਣ ਵਾਲੀ, ਪਾਪੀਆਂ ਨੂੰ ਤਾਰਨ ਵਾਲੀ ਅਤੇ ਲੰਬੀਆਂ ਬਾਂਹਵਾਂ ਵਾਲੀ,
ਬਿਜਲੀ ਵਰਗੀ ਚਮਕ ਵਾਲੀ, ਸ਼ੇਰ ਵਰਗੇ ਪਤਲੇ ਲਕ ਵਾਲੀ, ਮੁੱਢ ਤੋਂ ਭਿਆਨਕ ਅਤੇ ਕਠੋਰ ਕਥਾ ਵਾਲੀ,
ਰਕਤਬੀਜ ਦਾ ਨਾਸ਼ ਕਰਨ ਵਾਲੀ, ਸ਼ੁੰਭ ਨੂੰ ਚੀਰਨ ਵਾਲੀ, ਨਿਸ਼ੁੰਭ ਨੂੰ ਮਿਧਣ ਵਾਲੀ! (ਤੇਰੀ) ਜੈ ਜੈਕਾਰ ਹੋਵੇ ॥੧੧॥੨੨੧॥
(ਹੇ) ਕਮਲ ਵਰਗੀਆਂ ਅੱਖਾਂ ਵਾਲੀ, ਸੋਗ ਅਤੇ ਉਦਾਸੀ ਨੂੰ ਮਿਟਾਉਣ ਵਾਲੀ, ਫਿਕਰਾਂ ਨੂੰ ਖ਼ਤਮ ਕਰਨ ਵਾਲੀ ਅਤੇ ਸ਼ਰੀਰ ਉਤੇ ਕਵਚ ਕਸਣ ਵਾਲੀ,
ਬਿਜਲੀ ਵਾਂਗ ਹੱਸਣ ਵਾਲੀ, ਤੋਤੇ ਵਰਗੇ ਨਕ ਵਾਲੀ, ਸੁਵ੍ਰਿੱਤੀਆਂ ਨੂੰ ਸੰਪੁਸ਼ਟ ਕਰਨ ਵਾਲੀ ਅਤੇ ਦੁਸ਼ਟਾਂ ਨੂੰ ਗ੍ਰਸਣ ਵਾਲੀ,
ਬਿਜਲੀ ਵਰਗੇ ਸੁੰਦਰ ਸ਼ਰੀਰ ਵਾਲੀ, ਵੇਦ ਦੇ ਪ੍ਰਸੰਗ ਵਾਲੀ, ਤੇਜ਼ ਘੋੜੀ ਦੀ ਚਾਲ ਵਾਲੀ, ਦੈਂਤਾਂ ਦਾ ਖੰਡਨ ਕਰਨ ਵਾਲੀ,
ਮਹਿਖਾਸੁਰ ਨੂੰ ਮਾਰਨ ਵਾਲੀ ਅਤੇ ਆਦਿ, ਅਨਾਦਿ, ਅਗਾਧ, ਉਪਰ ਨੂੰ ਉਠਣ ਵਾਲੀ! (ਤੇਰੀ) ਜੈ ਜੈਕਾਰ ਹੋਵੇ ॥੧੨॥੨੨੨॥
(ਜਿਸ ਦੇ ਲਕ ਨਾਲ) ਬੰਨ੍ਹੀਆਂ ਕਿੰਨਕੀਆਂ ਜੋ ਇਕ-ਸਮਾਨ ਵਜਦੀਆਂ ਹਨ, ਜਿਨ੍ਹਾਂ ਦੇ ਸੁਰ ਨੂੰ ਸੁਣ ਕੇ ਭਰਮ ਅਤੇ ਭੈ ਭਜ ਜਾਂਦੇ ਹਨ;
ਉਸ ਆਵਾਜ਼ ਨੂੰ ਸੁਣ ਕੇ ਕੋਇਲ ਵੀ ਸ਼ਰਮਾਉਂਦੀ ਹੈ, ਪਾਪ ਦੂਰ ਹੋ ਜਾਂਦੇ ਹਨ, ਹਿਰਦੇ ਵਿਚ ਸੁਖ (ਸ਼ਾਂਤੀ) ਪੈਦਾ ਹੁੰਦੀ ਹੈ;