(ਗੁਰੂ ਨਾਨਕ ਦੇਵ ਜੀ ਨੇ) ਰਾਜ ਭੀ ਮਾਣਿਆ ਹੈ ਤੇ ਜੋਗ ਭੀ; ਨਿਰਵੈਰ ਅਕਾਲ ਪੁਰਖ (ਉਹਨਾਂ ਦੇ) ਹਿਰਦੇ ਵਿਚ ਵੱਸ ਰਿਹਾ ਹੈ।
(ਗੁਰੂ ਨਾਨਕ ਦੇਵ) ਆਪ ਇਕ-ਰਸ ਨਾਮ ਜਪ ਕੇ ਤਰ ਗਿਆ ਹੈ, ਤੇ (ਉਸ ਨੇ) ਸਾਰੀ ਸ੍ਰਿਸ਼ਟੀ ਨੂੰ ਭੀ ਨਾਮ ਦੀ ਬਰਕਤਿ ਨਾਲ ਤਾਰ ਦਿੱਤਾ ਹੈ।
ਸਨਕ ਆਦਿ ਬ੍ਰਹਮਾ ਦੇ ਚਾਰੇ ਪੁੱਤ੍ਰ, ਜਨਕ ਆਦਿਕ ਪੁਰਾਤਨ ਰਿਸ਼ੀ ਕਈ ਜੁੱਗਾਂ ਤੋਂ (ਗੁਰੂ ਨਾਨਕ ਦੇਵ ਜੀ ਦੇ) ਗੁਣ ਗਾ ਰਹੇ ਹਨ।
ਧੰਨ ਹੈ ਗੁਰੂ (ਨਾਨਕ)! ਧੰਨ ਹੈ ਗੁਰੂ (ਨਾਨਕ)! ਜਗਤ ਵਿਚ (ਉਸ ਦਾ) ਜਨਮ ਲੈਣਾ ਸਕਾਰਥਾ ਤੇ ਭਲਾ ਹੋਇਆ ਹੈ।
ਦਾਸ ਕਲ੍ਯ੍ਯ ਕਵੀ ਬੇਨਤੀ ਕਰਦਾ ਹੈ- (ਹੇ ਗੁਰੂ ਨਾਨਕ!) ਪਾਤਾਲ ਲੋਕ ਤੋਂ ਭੀ ਤੇਰੀ ਜੈ ਜੈਕਾਰ ਦੀ ਆਵਾਜ਼ (ਉਠ ਰਹੀ ਹੈ)।
ਹਰੀ ਦੇ ਨਾਮ ਦੇ ਰਸੀਏ ਹੇ ਗੁਰੂ ਨਾਨਕ! ਤੂੰ ਰਾਜ ਤੇ ਜੋਗ ਦੋਵੇਂ ਹੀ ਮਾਣੇ ਹਨ ॥੬॥
ਗੁਰੂ ਨਾਨਕ ਦੇਵ ਜੀ ਦੀ ਸਿਫ਼ਤ