ਨਿੱਤ ਆਹਰ ਨਾਲ ਸਾਧ ਸੰਗਤ ਵਿਚ ਜਾ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਮਿਠੀ ਮਿਠੀ ਸੁਰ ਵਾਲੀ ਬਾਣੀ ਇਕ-ਰਸ ਗਾਵਣੀ ਚਾਹੀਦੀ ਹੈ।
ਪਰਮਾਤਮਾ ਦਾ ਨਾਮ ਸਾਰੇ ਪਾਪਾਂ ਤੇ ਐਬਾਂ ਦਾ ਨਾਸ ਕਰਨ ਵਾਲਾ ਹੈ, ਇਹ ਹਰਿ-ਨਾਮ ਗੁਰੂ ਦੀ ਸਿੱਖਿਆ ਉਤੇ ਤੁਰ ਕੇ ਜਪਣਾ ਚਾਹੀਦਾ ਹੈ।
ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ, ਆਤਮਕ ਜੀਵਨ ਦੇਣ ਵਾਲਾ ਹਰਿ ਨਾਮ-ਜਲ ਪੀਣਾ ਚਾਹੀਦਾ ਹੈ, ਦਿਨ ਰਾਤ ਪਰਮਾਤਮਾ ਦਾ ਆਰਾਧਨ ਕਰਨਾ ਚਾਹੀਦਾ ਹੈ।
ਪ੍ਰਭੂ ਦੇ ਸੋਹਣੇ ਚਰਨਾਂ ਵਿਚ ਜੁੜ ਕੇ (ਮਾਨੋ) ਅਨੇਕਾਂ ਜੋਗ-ਸਾਧਨਾਂ ਦਾ ਅਨੇਕਾਂ ਦਾਨ-ਪੁੰਨਾਂ ਦਾ ਅਨੇਕਾਂ ਅਜਿਹੀਆਂ ਹੋਰ ਕਿਰਿਆਵਾਂ ਦਾ ਸਾਧਨ ਹੋ ਜਾਂਦਾ ਹੈ।
ਦਇਆ ਦੇ ਸੋਮੇ ਮੋਹਨ-ਪ੍ਰਭੂ ਦਾ ਪਿਆਰ ਪ੍ਰਭੂ ਦੀ ਭਗਤੀ ਸਾਰੇ ਦੁੱਖ ਦੂਰ ਕਰ ਦੇਂਦੀ ਹੈ।
ਨਾਨਕ ਆਖਦਾ ਹੈ ਕਿ ਮਾਲਕ-ਪ੍ਰਭੂ ਨੂੰ ਸਿਮਰ ਕੇ ਮਨੁੱਖ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ॥੧॥
ਹੇ ਸੁਖਾਂ ਦੇ ਸਮੁੰਦਰ ਗੋਬਿੰਦ! (ਤੇਰੇ) ਭਗਤ (ਤੇਰਾ) ਸਿਮਰਨ (ਕਰਦੇ ਹਨ), ਤੇਰੇ ਗੁਣ ਗਾਂਦੇ ਹਨ;
ਗੁਰੂ ਦੀ ਚਰਨੀਂ ਲੱਗ ਕੇ ਉਹਨਾਂ ਨੂੰ ਅਨੇਕਾਂ ਆਨੰਦ ਖ਼ੁਸ਼ੀਆਂ ਤੇ ਸੁਖ ਪ੍ਰਾਪਤ ਹੋ ਜਾਂਦੇ ਹਨ।
(ਜਿਸ ਨੂੰ ਗੁਰੂ ਮਿਲ ਪੈਂਦਾ ਹੈ ਉਸ ਨੂੰ) ਸੁਖਾਂ ਦਾ ਖ਼ਜ਼ਾਨਾ ਹਰਿ-ਨਾਮ ਮਿਲ ਜਾਂਦਾ ਹੈ। ਪ੍ਰਭੂ ਨੇ ਕਿਰਪਾ ਕਰ ਕੇ ਜਿਸ ਮਨੁੱਖ ਦੀ (ਦੁੱਖ ਆਦਿਕਾਂ ਤੋਂ) ਰੱਖਿਆ ਕੀਤੀ, ਉਸ ਦੇ ਸਾਰੇ ਦੁੱਖ ਨਿਵਿਰਤ ਹੋ ਗਏ।
ਜਿਹੜਾ ਮਨੁੱਖ ਪਰਮਾਤਮਾ ਦੇ ਚਰਨਾਂ ਵਿਚ ਜੁੜ ਗਿਆ, ਜਿਸ ਨੇ ਪਰਮਾਤਮਾ ਦਾ ਨਾਮ ਆਪਣੀ ਜੀਭ ਨਾਲ ਉਚਾਰਨਾ ਸ਼ੁਰੂ ਕਰ ਦਿੱਤਾ, ਉਸ ਦਾ ਹਰੇਕ ਕਿਸਮ ਦਾ ਭਰਮ-ਵਹਿਮ ਤੇ ਡਰ ਦੂਰ ਹੋ ਗਿਆ।
ਉਹ ਮਨੁੱਖ (ਫਿਰ) ਇਕ ਪਰਮਾਤਮਾ ਨੂੰ ਹੀ ਚੇਤੇ ਕਰਦਾ ਰਹਿੰਦਾ ਹੈ ਇਕ ਪਰਮਾਤਮਾ (ਦੇ ਗੁਣਾਂ) ਨੂੰ ਹੀ ਗਾਂਦਾ ਰਹਿੰਦਾ ਹੈ, ਇਕ ਪਰਮਾਤਮਾ ਹੀ ਉਸ ਨੂੰ ਹਰ ਥਾਂ ਵੱਸਦਾ ਨਜ਼ਰ ਆਉਂਦਾ ਹੈ।
ਨਾਨਕ ਬੇਨਤੀ ਕਰਦਾ ਹੈ ਕਿ ਜਿਸ ਮਨੁੱਖ ਉਤੇ ਪ੍ਰਭੂ ਨੇ ਕਿਰਪਾ ਕੀਤੀ, ਉਸ ਨੂੰ ਪੂਰਾ ਗੁਰੂ ਮਿਲ ਪਿਆ ॥੨॥
ਪ੍ਰਭੂ ਦੇ ਭਗਤਾਂ ਦੀ ਸੰਗਤ ਵਿਚ ਮਿਲ ਕੇ ਰਹਿਣਾ ਚਾਹੀਦਾ ਹੈ, ਭਗਤ-ਜਨਾਂ ਨੂੰ ਮਿਲ ਕੇ ਪਰਮਾਤਮਾ ਦਾ ਕੀਰਤਨ ਸੁਣਨਾ ਚਾਹੀਦਾ ਹੈ।
ਦਇਆ ਦੇ ਸੋਮੇ ਦਾਮੋਦਰ ਮਾਇਆ ਦੇ ਪਤੀ ਪ੍ਰਭੂ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ।
ਪ੍ਰਭੂ ਦਇਆ ਦਾ ਸੋਮਾ ਹੈ, ਦੁੱਖਾਂ ਦਾ ਨਾਸ ਕਰਨ ਵਾਲਾ ਹੈ, ਸਰਨ-ਜੋਗ ਹੈ, ਸਭ ਨੂੰ ਦਾਤਾਂ ਦੇਣ ਵਾਲਾ ਹੈ, ਸਾਰੇ ਪਾਪਾਂ ਦਾ ਨਾਸ ਕਰਨ ਵਾਲਾ ਹੈ।
ਨਾਮ ਜਪਣ ਵਾਲਿਆਂ ਨੂੰ ਉਹ ਪ੍ਰਭੂ ਮੋਹ ਸੋਗ ਅਤੇ ਔਖੇ ਵਿਕਾਰਾਂ ਤੋਂ ਬਚਾਣ ਵਾਲਾ ਹੈ।
ਹੇ ਮੇਰੇ ਪ੍ਰਭੂ! ਸਾਰੇ ਜੀਵ ਤੇਰੇ (ਪੈਦਾ ਕੀਤੇ ਹੋਏ ਹਨ), ਮਿਹਰ ਕਰ, ਮੈਂ ਸਭਨਾਂ ਦੇ ਚਰਨਾਂ ਦੀ ਧੂੜ ਬਣਿਆ ਰਹਾਂ।
ਨਾਨਕ ਬੇਨਤੀ ਕਰਦਾ ਹੈ-ਹੇ ਪ੍ਰਭੂ! ਦਇਆ ਕਰ, ਮੈਂ ਤੇਰਾ ਨਾਮ ਜਪ ਜਪ ਕੇ ਆਤਮਕ ਜੀਵਨ ਹਾਸਲ ਕਰਦਾ ਰਹਾਂ ॥੩॥
(ਸਦਾ ਤੋਂ ਹੀ) ਪ੍ਰਭੂ ਨੇ ਆਪਣੇ ਚਰਨਾਂ ਵਿਚ ਜੋੜ ਕੇ ਆਪਣੇ ਭਗਤਾਂ ਦੀ ਰੱਖਿਆ ਕੀਤੀ ਹੈ।
ਸੋ, ਇਕ ਹਰਿ-ਨਾਮ ਦਾ ਧਿਆਨ ਧਰ ਕੇ, ਆਓ, ਅਸੀਂ ਭੀ ਅੱਠੇ ਪਹਰ ਆਪਣੇ ਪ੍ਰਭੂ ਨੂੰ ਸਿਮਰਦੇ ਰਹੀਏ।
(ਅਨੇਕਾਂ ਜੀਵ) ਉਸ ਪ੍ਰਭੂ ਦਾ ਧਿਆਨ ਧਰ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਏ, (ਉਹਨਾਂ ਦੇ) ਜਨਮ ਮਰਨ (ਦੇ ਗੇੜ) ਮੁੱਕ ਗਏ।
ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਿਆਂ ਉਹਨਾਂ ਦੇ ਅੰਦਰ ਸਦਾ ਸੁਖ-ਆਨੰਦ ਬਣਿਆ ਰਿਹਾ, ਉਹਨਾਂ ਨੂੰ ਪ੍ਰਭੂ ਦੀ ਰਜ਼ਾ ਮਿੱਠੀ ਲੱਗਣ ਲੱਗ ਪਈ।
ਜਿਹੜੇ ਮਨੁੱਖ ਪੂਰੇ ਗੁਰੂ ਨੂੰ ਮਿਲ ਪਏ, ਉਹਨਾਂ ਦੀ ਹਰੇਕ ਮੁਰਾਦ ਪੂਰੀ ਹੋ ਗਈ, ਉਹਨਾਂ ਦੀ ਹਰੇਕ ਆਸ ਪੂਰੀ ਹੋ ਗਈ।
ਨਾਨਕ ਬੇਨਤੀ ਕਰਦਾ ਹੈ ਕਿ ਜਿਨ੍ਹਾਂ ਨੂੰ ਪ੍ਰਭੂ ਨੇ ਆਪ (ਆਪਣੇ ਚਰਨਾਂ ਵਿਚ) ਮਿਲਾ ਲਿਆ, ਉਹਨਾਂ ਨੂੰ ਕੋਈ ਦੁੱਖ ਕੋਈ ਝੋਰੇ ਮੁੜ ਨਹੀਂ ਵਿਆਪਦੇ ॥੪॥੩॥