ਆਸਾ ਕੀ ਵਾਰ

(ਅੰਗ: 7)


ਨਾਨਕ ਨਿਰਭਉ ਨਿਰੰਕਾਰੁ ਸਚੁ ਏਕੁ ॥੧॥

ਹੇ ਨਾਨਕ! ਕੇਵਲ ਇਕ ਸੱਚਾ ਨਿਰੰਕਾਰ ਹੀ ਭੈ-ਰਹਿਤ ਹੈ ॥੧॥

ਮਃ ੧ ॥

ਨਾਨਕ ਨਿਰਭਉ ਨਿਰੰਕਾਰੁ ਹੋਰਿ ਕੇਤੇ ਰਾਮ ਰਵਾਲ ॥

ਹੇ ਨਾਨਕ! ਇਕ ਨਿਰੰਕਾਰ ਹੀ ਭੈ-ਰਹਿਤ ਹੈ, (ਅਵਤਾਰੀ) ਰਾਮ (ਜੀ) ਵਰਗੇ ਕਈ ਹੋਰ (ਉਸ ਨਿਰੰਕਾਰ ਦੇ ਸਾਮ੍ਹਣੇ) ਤੁੱਛ ਹਨ;

ਕੇਤੀਆ ਕੰਨੑ ਕਹਾਣੀਆ ਕੇਤੇ ਬੇਦ ਬੀਚਾਰ ॥

(ਉਸ ਨਿਰੰਕਾਰ ਦੇ ਗਿਆਨ ਦੇ ਟਾਕਰੇ ਤੇ) ਕ੍ਰਿਸ਼ਨ (ਜੀ) ਦੀਆਂ ਕਈ ਸਾਖੀਆਂ ਤੇ ਵੇਦਾਂ ਦੇ ਕਈ ਵੀਚਾਰ ਭੀ ਤੁੱਛ ਹਨ।

ਕੇਤੇ ਨਚਹਿ ਮੰਗਤੇ ਗਿੜਿ ਮੁੜਿ ਪੂਰਹਿ ਤਾਲ ॥

(ਉਸ ਨਿਰੰਕਾਰ ਦਾ ਗਿਆਨ ਪ੍ਰਾਪਤ ਕਰਨ ਲਈ) ਕਈ ਮਨੁੱਖ ਮੰਗਤੇ ਬਣ ਕੇ ਨੱਚਦੇ ਹਨ ਤੇ ਕਈ ਤਰ੍ਹਾਂ ਦੇ ਤਾਲ ਪੂਰਦੇ ਹਨ,

ਬਾਜਾਰੀ ਬਾਜਾਰ ਮਹਿ ਆਇ ਕਢਹਿ ਬਾਜਾਰ ॥

ਰਾਸਧਾਰੀਏ ਭੀ ਬਜ਼ਾਰਾਂ ਵਿਚ ਆ ਕੇ ਰਾਸਾਂ ਪਾਂਦੇ ਹਨ,

ਗਾਵਹਿ ਰਾਜੇ ਰਾਣੀਆ ਬੋਲਹਿ ਆਲ ਪਤਾਲ ॥

ਰਾਜਿਆਂ ਤੇ ਰਾਣੀਆਂ ਦੇ ਸਰੂਪ ਬਣਾ ਬਣਾ ਕੇ ਗਾਉਂਦੇ ਹਨ ਤੇ (ਮੂੰਹੋਂ) ਕਈ ਢੰਗਾਂ ਦੇ ਬਚਨ ਬੋਲਦੇ ਹਨ,

ਲਖ ਟਕਿਆ ਕੇ ਮੁੰਦੜੇ ਲਖ ਟਕਿਆ ਕੇ ਹਾਰ ॥

ਲੱਖਾਂ ਰੁਪਇਆਂ ਦੇ (ਭਾਵ, ਕੀਮਤੀ) ਵਾਲੇ ਤੇ ਹਾਰ ਪਾਂਦੇ ਹਨ;

ਜਿਤੁ ਤਨਿ ਪਾਈਅਹਿ ਨਾਨਕਾ ਸੇ ਤਨ ਹੋਵਹਿ ਛਾਰ ॥

ਪਰ, ਹੇ ਨਾਨਕ! (ਉਹ ਵਿਚਾਰੇ ਇਹ ਨਹੀਂ ਜਾਣਦੇ ਕਿ ਇਹ ਵਾਲੇ ਤੇ ਹਾਰ ਤਾਂ) ਜਿਸ ਜਿਸ ਸਰੀਰ ਉੱਤੇ ਪਾਈਦੇ ਹਨ, ਉਹ ਸਰੀਰ (ਅੰਤ ਨੂੰ) ਸੁਆਹ ਹੋ ਜਾਂਦੇ ਹਨ (ਤੇ ਇਸ ਗਾਉਣ ਨੱਚਣ ਨਾਲ, ਇਹਨਾਂ ਵਾਲਿਆਂ ਤੇ ਹਾਰਾਂ ਦੇ ਪਹਿਨਣ ਨਾਲ 'ਗਿਆਨ' ਕਿਵੇਂ ਮਿਲ ਸਕਦਾ ਹੈ?)

ਗਿਆਨੁ ਨ ਗਲੀਈ ਢੂਢੀਐ ਕਥਨਾ ਕਰੜਾ ਸਾਰੁ ॥

ਗਿਆਨ ਨਿਰੀਆਂ ਗੱਲਾਂ ਨਾਲ ਨਹੀਂ ਭਾਲਿਆ ਜਾ ਸਕਦਾ, (ਗਿਆਨ ਕਿਵੇਂ ਮਿਲ ਸਕਦਾ ਹੈ-ਇਸ ਗੱਲ ਦਾ) ਬਿਆਨ ਕਰਨਾ ਇਉਂ ਕਰੜਾ ਹੈ ਜਿਵੇਂ ਲੋਹਾ (ਭਾਵ, ਬਹੁਤ ਔਖਾ ਹੈ)।

ਕਰਮਿ ਮਿਲੈ ਤਾ ਪਾਈਐ ਹੋਰ ਹਿਕਮਤਿ ਹੁਕਮੁ ਖੁਆਰੁ ॥੨॥

(ਹਾਂ) ਰੱਬ ਦੀ ਮੇਹਰ ਨਾਲ ਮਿਲ ਜਾਏ ਤਾਂ ਮਿਲ ਪੈਂਦਾ ਹੈ, (ਮੇਹਰ ਤੋਂ ਬਿਨਾ ਕੋਈ) ਹੋਰ ਚਾਰਾਜੋਈ ਤੇ ਹੁਕਮ (ਵਰਤਣਾ) ਵਿਅਰਥ ਹੈ ॥੨॥

ਪਉੜੀ ॥

ਨਦਰਿ ਕਰਹਿ ਜੇ ਆਪਣੀ ਤਾ ਨਦਰੀ ਸਤਿਗੁਰੁ ਪਾਇਆ ॥

ਹੇ ਪ੍ਰਭੂ! ਜੇ ਤੂੰ (ਜੀਵ ਉੱਤੇ) ਮਿਹਰ ਦੀ ਨਜ਼ਰ ਕਰੇਂ, ਤਾਂ ਉਸ ਨੂੰ ਤੇਰੀ ਕਿਰਪਾ-ਦ੍ਰਿਸ਼ਟੀ ਨਾਲ ਸਤਿਗੁਰੂ ਮਿਲ ਪੈਂਦਾ ਹੈ।

ਏਹੁ ਜੀਉ ਬਹੁਤੇ ਜਨਮ ਭਰੰਮਿਆ ਤਾ ਸਤਿਗੁਰਿ ਸਬਦੁ ਸੁਣਾਇਆ ॥

ਇਹ (ਵਿਚਾਰਾ) ਜੀਵ (ਜਦੋਂ) ਬਹੁਤੇ ਜਨਮਾਂ ਵਿਚ ਭਟਕ ਚੁਕਿਆ (ਤੇ ਤੇਰੀ ਮਿਹਰ ਦੀ ਨਜ਼ਰ ਹੋਈ) ਤਾਂ ਇਸ ਨੂੰ ਸਤਿਗੁਰੂ ਨੇ ਆਪਣਾ ਸ਼ਬਦ ਸੁਣਾਇਆ।

ਸਤਿਗੁਰ ਜੇਵਡੁ ਦਾਤਾ ਕੋ ਨਹੀ ਸਭਿ ਸੁਣਿਅਹੁ ਲੋਕ ਸਬਾਇਆ ॥

ਹੇ ਸਾਰੇ ਲੋਕੋ! ਧਿਆਨ ਦੇ ਕੇ ਸੁਣੋ, ਸਤਿਗੁਰੂ ਦੇ ਬਰਾਬਰ ਦਾ ਹੋਰ ਕੋਈ ਦਾਤਾ ਨਹੀਂ ਹੈ।

ਸਤਿਗੁਰਿ ਮਿਲਿਐ ਸਚੁ ਪਾਇਆ ਜਿਨੑੀ ਵਿਚਹੁ ਆਪੁ ਗਵਾਇਆ ॥

ਜਿਨ੍ਹਾਂ ਮਨੁੱਖਾਂ ਨੇ ਆਪਣੇ ਅੰਦਰੋਂ ਆਪਾ-ਭਾਵ ਗਵਾ ਦਿੱਤਾ ਹੈ, ਉਹਨਾਂ ਨੂੰ ਉਸ ਸਤਿਗੁਰੂ ਦੇ ਮਿਲਣ ਨਾਲ ਸੱਚੇ ਪ੍ਰਭੂ ਦੀ ਪ੍ਰਾਪਤੀ ਹੋ ਗਈ,

ਜਿਨਿ ਸਚੋ ਸਚੁ ਬੁਝਾਇਆ ॥੪॥

ਜਿਸ ਸਤਿਗੁਰੂ ਨੇ ਨਿਰੋਲ ਸੱਚੇ ਪ੍ਰਭੂ ਦੀ ਸੂਝ ਪਾਈ ਹੈ। (ਭਾਵ, ਜੋ ਮਨੁੱਖ ਆਪਣੇ ਅੰਦਰੋਂ ਆਪਾ-ਭਾਵ ਗਵਾਉਂਦੇ ਹਨ, ਉਹਨਾਂ ਨੂੰ ਉਸ ਸਤਿਗੁਰੂ ਦੇ ਮਿਲਣ ਨਾਲ ਸੱਚੇ ਰੱਬ ਦੀ ਪ੍ਰਾਪਤੀ ਹੋ ਜਾਂਦੀ ਹੈ, ਜੋ ਸਤਿਗੁਰੂ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਸੂਝ ਦੇਂਦਾ ਹੈ) ॥੪॥

ਆਸਾ ਮਹਲਾ ੪ ॥

ਗੁਰਮੁਖਿ ਢੂੰਢਿ ਢੂਢੇਦਿਆ ਹਰਿ ਸਜਣੁ ਲਧਾ ਰਾਮ ਰਾਜੇ ॥

ਗੁਰੂ ਦੀ ਸਰਨ ਪੈ ਕੇ ਭਾਲ ਕਰਦਿਆਂ ਕਰਦਿਆਂ ਮੈਂ ਮਿੱਤਰ-ਪ੍ਰਭੂ ਨੂੰ (ਆਪਣੇ ਅੰਦਰ ਹੀ) ਲੱਭ ਲਿਆ ਹੈ।

ਕੰਚਨ ਕਾਇਆ ਕੋਟ ਗੜ ਵਿਚਿ ਹਰਿ ਹਰਿ ਸਿਧਾ ॥

ਮੇਰਾ ਇਹ ਸਰੀਰ ਕਿਲ੍ਹਾ (ਮਾਨੋ) ਸੋਨੇ ਦਾ ਬਣ ਗਿਆ ਹੈ (ਕਿਉਂਕਿ ਗੁਰੂ ਦੀ ਕਿਰਪਾ ਨਾਲ) ਇਸ ਵਿਚ ਪਰਮਾਤਮਾ ਪਰਗਟ ਹੋ ਗਿਆ ਹੈ।