ਆਸਾ ਕੀ ਵਾਰ

(ਅੰਗ: 8)


ਹਰਿ ਹਰਿ ਹੀਰਾ ਰਤਨੁ ਹੈ ਮੇਰਾ ਮਨੁ ਤਨੁ ਵਿਧਾ ॥

(ਮੈਨੂੰ ਆਪਣੇ ਅੰਦਰ ਹੀ) ਪਰਮਾਤਮਾ ਦਾ ਨਾਮ-ਰਤਨ, ਪਰਮਾਤਮਾ ਦਾ ਨਾਮ-ਹੀਰਾ (ਮਿਲ ਪਿਆ) ਹੈ (ਜਿਸ ਨਾਲ ਮੇਰਾ ਕਠੋਰ) ਮਨ (ਮੇਰਾ ਕਠੋਰ) ਹਿਰਦਾ ਵਿੰਨ੍ਹਿਆ ਗਿਆ ਹੈ (ਨਰਮ ਹੋ ਗਿਆ ਹੈ)।

ਧੁਰਿ ਭਾਗ ਵਡੇ ਹਰਿ ਪਾਇਆ ਨਾਨਕ ਰਸਿ ਗੁਧਾ ॥੧॥

ਹੇ ਨਾਨਕ! (ਆਖ-ਹੇ ਭਾਈ!) ਧੁਰ ਪ੍ਰਭੂ ਦੀ ਹਜ਼ੂਰੀ ਤੋਂ ਵੱਡੇ ਭਾਗਾਂ ਨਾਲ ਮੈਨੂੰ ਪਰਮਾਤਮਾ ਮਿਲ ਪਿਆ ਹੈ, ਮੇਰਾ ਆਪਾ ਉਸ ਦੇ ਪ੍ਰੇਮ-ਰਸ ਵਿਚ ਭਿੱਜ ਗਿਆ ਹੈ ॥੧॥

ਸਲੋਕ ਮਃ ੧ ॥

ਘੜੀਆ ਸਭੇ ਗੋਪੀਆ ਪਹਰ ਕੰਨੑ ਗੋਪਾਲ ॥

(ਸਾਰੀਆਂ) ਘੜੀਆਂ (ਮਾਨੋ) ਗੋਪੀਆਂ ਹਨ; (ਦਿਨ ਦੇ ਸਾਰੇ) ਪਹਿਰ, (ਮਾਨੋ) ਕਾਨ੍ਹ ਹਨ;

ਗਹਣੇ ਪਉਣੁ ਪਾਣੀ ਬੈਸੰਤਰੁ ਚੰਦੁ ਸੂਰਜੁ ਅਵਤਾਰ ॥

ਪਉਣ ਪਾਣੀ ਤੇ ਅੱਗ, (ਮਾਨੋ) ਗਹਿਣੇ ਹਨ (ਜੋ ਉਹਨਾਂ ਗੋਪੀਆਂ ਨੇ ਪਾਏ ਹੋਏ ਹਨ)। (ਰਾਸਾਂ ਵਿਚ ਰਾਸਧਾਰੀਏ ਅਵਤਾਰਾਂ ਦਾ ਸਾਂਗ ਬਣਾ ਬਣਾ ਕੇ ਗਾਉਂਦੇ ਹਨ, ਕੁਦਰਤ ਦੀ ਰਾਸ ਵਿਚ) ਚੰਦ੍ਰਮਾ ਤੇ ਸੂਰਜ, (ਮਾਨੋ) ਦੋ ਅਵਤਾਰ ਹਨ।

ਸਗਲੀ ਧਰਤੀ ਮਾਲੁ ਧਨੁ ਵਰਤਣਿ ਸਰਬ ਜੰਜਾਲ ॥

ਸਾਰੀ ਧਰਤੀ (ਰਾਸ ਪਾਣ ਲਈ) ਮਾਲ ਧਨ ਹੈ, ਅਤੇ (ਜਗਤ ਦੇ ਧੰਧੇ) ਰਾਸ ਦਾ ਵਰਤਣ-ਵਲੇਵਾ ਹਨ।

ਨਾਨਕ ਮੁਸੈ ਗਿਆਨ ਵਿਹੂਣੀ ਖਾਇ ਗਇਆ ਜਮਕਾਲੁ ॥੧॥

(ਮਾਇਆ ਦੀ ਇਸ ਰਾਸ ਵਿਚ) ਗਿਆਨ ਤੋਂ ਸੱਖਣੀ ਦੁਨੀਆ ਠੱਗੀ ਜਾ ਰਹੀ ਹੈ, ਤੇ ਇਸ ਨੂੰ ਜਮਕਾਲ ਖਾਈ ਜਾ ਰਿਹਾ ਹੈ ॥੧॥

ਮਃ ੧ ॥

ਵਾਇਨਿ ਚੇਲੇ ਨਚਨਿ ਗੁਰ ॥

(ਰਾਸਾਂ ਵਿਚ) ਚੇਲੇ ਸਾਜ ਵਜਾਉਂਦੇ ਹਨ, ਅਤੇ ਉਹਨਾਂ ਚੇਲਿਆਂ ਦੇ ਗੁਰੂ ਨੱਚਦੇ ਹਨ।

ਪੈਰ ਹਲਾਇਨਿ ਫੇਰਨਿੑ ਸਿਰ ॥

(ਨਾਚ ਵੇਲੇ ਉਹ ਗੁਰੂ) ਪੈਰਾਂ ਨੂੰ ਹਿਲਾਉਂਦੇ ਹਨ ਅਤੇ ਸਿਰ ਫੇਰਦੇ ਹਨ।

ਉਡਿ ਉਡਿ ਰਾਵਾ ਝਾਟੈ ਪਾਇ ॥

(ਉਹਨਾਂ ਦੇ ਪੈਰਾਂ ਨਾਲ) ਉੱਡ ਉੱਡ ਕੇ ਘੱਟਾ ਉਹਨਾਂ ਦੇ ਸਿਰ ਵਿਚ ਪੈਂਦਾ ਹੈ।

ਵੇਖੈ ਲੋਕੁ ਹਸੈ ਘਰਿ ਜਾਇ ॥

(ਰਾਸ ਵੇਖਣ ਆਏ ਹੋਏ) ਲੋਕ (ਉਹਨਾਂ ਨੂੰ ਨੱਚਦਿਆਂ) ਵੇਖਦੇ ਹਨ ਅਤੇ ਹੱਸਦੇ ਹਨ (ਅੱਖਰੀਂ-ਲੋਕ ਵੇਖਦਾ ਹੈ ਅਤੇ ਹੱਸਦਾ ਹੈ)।

ਰੋਟੀਆ ਕਾਰਣਿ ਪੂਰਹਿ ਤਾਲ ॥

(ਪਰ ਉਹ ਰਾਸਧਾਰੀਏ) ਰੋਜ਼ੀ ਦੀ ਖ਼ਾਤਰ ਨੱਚਦੇ ਹਨ,

ਆਪੁ ਪਛਾੜਹਿ ਧਰਤੀ ਨਾਲਿ ॥

ਅਤੇ ਆਪਣੇ ਆਪ ਨੂੰ ਭੁਇਂ ਤੇ ਮਾਰਦੇ ਹਨ।

ਗਾਵਨਿ ਗੋਪੀਆ ਗਾਵਨਿ ਕਾਨੑ ॥

ਗੋਪੀਆਂ (ਦੇ ਸਾਂਗ ਬਣ ਕੇ) ਗਾਉਂਦੇ ਹਨ, ਕਾਨ੍ਹ (ਦੇ ਸਾਂਗ ਬਣ ਕੇ) ਗਾਉਂਦੇ ਹਨ,

ਗਾਵਨਿ ਸੀਤਾ ਰਾਜੇ ਰਾਮ ॥

ਸੀਤਾ, ਰਾਮ ਜੀ ਤੇ ਹੋਰ ਰਾਜਿਆਂ ਦੇ ਸਾਂਗ ਬਣ ਕੇ ਗਾਉਂਦੇ ਹਨ।

ਨਿਰਭਉ ਨਿਰੰਕਾਰੁ ਸਚੁ ਨਾਮੁ ॥

ਜਿਹੜਾ ਪ੍ਰਭੂ ਨਿਡਰ ਹੈ, ਅਕਾਰ-ਰਹਿਤ ਹੈ ਅਤੇ ਜਿਸ ਦਾ ਨਾਮ ਸਦਾ ਅਟੱਲ ਹੈ,

ਜਾ ਕਾ ਕੀਆ ਸਗਲ ਜਹਾਨੁ ॥

ਜਿਸ ਦਾ ਸਾਰਾ ਜਗਤ ਬਣਾਇਆ ਹੋਇਆ ਹੈ,

ਸੇਵਕ ਸੇਵਹਿ ਕਰਮਿ ਚੜਾਉ ॥

ਉਸ ਨੂੰ (ਕੇਵਲ ਉਹੀ) ਸੇਵਕ ਸਿਮਰਦੇ ਹਨ, ਜਿਨ੍ਹਾਂ ਦੇ ਅੰਦਰ (ਰੱਬ ਦੀ) ਮਿਹਰ ਨਾਲ ਚੜ੍ਹਦੀ ਕਲਾ ਹੈ, ਜਿਨ੍ਹਾਂ ਦੇ ਮਨ ਵਿਚ (ਸਿਮਰਨ ਕਰਨ ਦਾ) ਉਤਸ਼ਾਹ ਹੈ,

ਭਿੰਨੀ ਰੈਣਿ ਜਿਨੑਾ ਮਨਿ ਚਾਉ ॥

ਉਹਨਾਂ ਸੇਵਕਾਂ ਦੀ ਜ਼ਿੰਦਗੀ-ਰੂਪ ਰਾਤ ਸੁਆਦਲੀ ਗੁਜ਼ਰਦੀ ਹੈ-