ਸੁਖਮਨੀ ਸਾਹਿਬ

(ਅੰਗ: 64)


ਨਾਨਕ ਸੋ ਜਨੁ ਨਿਰਮਲੁ ਥੀਆ ॥੭॥

ਹੇ ਨਾਨਕ! ਉਹ ਮਨੁੱਖ ਪਵਿਤ੍ਰ ਹੋ ਜਾਂਦਾ ਹੈ ॥੭॥

ਜਾ ਕੈ ਮਨਿ ਗੁਰ ਕੀ ਪਰਤੀਤਿ ॥

ਜਿਸ ਮਨੁੱਖ ਦੇ ਮਨ ਵਿਚ ਸਤਿਗੁਰੂ ਦੀ ਸਰਧਾ ਬਣ ਗਈ ਹੈ,

ਤਿਸੁ ਜਨ ਆਵੈ ਹਰਿ ਪ੍ਰਭੁ ਚੀਤਿ ॥

ਉਸ ਦੇ ਚਿੱਤ ਵਿਚ ਪ੍ਰਭੂ ਟਿਕ ਜਾਂਦਾ ਹੈ।

ਭਗਤੁ ਭਗਤੁ ਸੁਨੀਐ ਤਿਹੁ ਲੋਇ ॥

ਉਹ ਮਨੁੱਖ ਸਾਰੇ ਜਗਤ ਵਿਚ ਭਗਤ ਭਗਤ ਸੁਣੀਦਾ ਹੈ,

ਜਾ ਕੈ ਹਿਰਦੈ ਏਕੋ ਹੋਇ ॥

ਜਿਸ ਦੇ ਹਿਰਦੇ ਵਿਚ ਇਕ ਪ੍ਰਭੂ ਵੱਸਦਾ ਹੈ;

ਸਚੁ ਕਰਣੀ ਸਚੁ ਤਾ ਕੀ ਰਹਤ ॥

ਉਸ ਦੀ ਅਮਲੀ ਜ਼ਿੰਦਗੀ ਤੇ ਜ਼ਿੰਦਗੀ ਦੇ ਅਸੂਲ ਇਕ-ਰਸ ਹਨ,

ਸਚੁ ਹਿਰਦੈ ਸਤਿ ਮੁਖਿ ਕਹਤ ॥

ਸੱਚਾ ਪ੍ਰਭੂ ਉਸ ਦੇ ਹਿਰਦੇ ਵਿਚ ਹੈ, ਤੇ ਪ੍ਰਭੂ ਦਾ ਨਾਮ ਹੀ ਉਹ ਮੂੰਹੋਂ ਉੱਚਾਰਦਾ ਹੈ;

ਸਾਚੀ ਦ੍ਰਿਸਟਿ ਸਾਚਾ ਆਕਾਰੁ ॥

ਉਸ ਮਨੁੱਖ ਦੀ ਨਜ਼ਰ ਸੱਚੇ ਪ੍ਰਭੂ ਦੇ ਰੰਗ ਵਿਚ ਰੰਗੀ ਹੋਈ ਹੈ, (ਤਾਹੀਏਂ) ਸਾਰਾ ਦ੍ਰਿਸ਼ਟਮਾਨ ਜਗਤ (ਉਸ ਨੂੰ) ਪ੍ਰਭੂ ਦਾ ਰੂਪ ਦਿੱਸਦਾ ਹੈ,

ਸਚੁ ਵਰਤੈ ਸਾਚਾ ਪਾਸਾਰੁ ॥

ਪ੍ਰਭੂ ਹੀ (ਸਭ ਥਾਈਂ) ਮੌਜੂਦ (ਦਿੱਸਦਾ ਹੈ, ਤੇ) ਪ੍ਰਭੂ ਦਾ ਹੀ (ਸਾਰਾ) ਖਿਲਾਰਾ ਦਿੱਸਦਾ ਹੈ।

ਪਾਰਬ੍ਰਹਮੁ ਜਿਨਿ ਸਚੁ ਕਰਿ ਜਾਤਾ ॥

ਜਿਸ ਮਨੁੱਖ ਨੇ ਅਕਾਲ ਪੁਰਖ ਨੂੰ ਸਦਾ-ਥਿਰ ਰਹਿਣ ਵਾਲਾ ਸਮਝਿਆ ਹੈ,

ਨਾਨਕ ਸੋ ਜਨੁ ਸਚਿ ਸਮਾਤਾ ॥੮॥੧੫॥

ਹੇ ਨਾਨਕ! ਉਹ ਮਨੁੱਖ ਸਦਾ ਉਸ ਥਿਰ ਰਹਿਣ ਵਾਲੇ ਵਿਚ ਲੀਨ ਹੋ ਜਾਂਦਾ ਹੈ ॥੮॥੧੫॥

ਸਲੋਕੁ ॥

ਰੂਪੁ ਨ ਰੇਖ ਨ ਰੰਗੁ ਕਿਛੁ ਤ੍ਰਿਹੁ ਗੁਣ ਤੇ ਪ੍ਰਭ ਭਿੰਨ ॥

ਪ੍ਰਭੂ ਦਾ ਨ ਕੋਈ ਰੂਪ ਹੈ, ਨ ਚਿਹਨ-ਚੱਕ੍ਰ ਅਤੇ ਨ ਕੋਈ ਰੰਗ। ਪ੍ਰਭੂ ਮਾਇਆ ਦੇ ਤਿੰਨ ਗੁਣਾਂ ਤੋਂ ਬੇ-ਦਾਗ਼ ਹੈ।

ਤਿਸਹਿ ਬੁਝਾਏ ਨਾਨਕਾ ਜਿਸੁ ਹੋਵੈ ਸੁਪ੍ਰਸੰਨ ॥੧॥

ਹੇ ਨਾਨਕ! ਪ੍ਰਭੂ ਆਪਣਾ ਆਪ ਉਸ ਮਨੁੱਖ ਨੂੰ ਸਮਝਾਉਂਦਾ ਹੈ ਜਿਸ ਉਤੇ ਆਪ ਤ੍ਰੁੱਠਦਾ ਹੈ ॥੧॥

ਅਸਟਪਦੀ ॥

ਅਬਿਨਾਸੀ ਪ੍ਰਭੁ ਮਨ ਮਹਿ ਰਾਖੁ ॥

(ਹੇ ਭਾਈ!) ਆਪਣੇ ਮਨ ਵਿਚ ਅਕਾਲ ਪੁਰਖ ਨੂੰ ਪ੍ਰੋ ਰੱਖ,

ਮਾਨੁਖ ਕੀ ਤੂ ਪ੍ਰੀਤਿ ਤਿਆਗੁ ॥

ਅਤੇ ਮਨੁੱਖ ਦਾ ਪਿਆਰ (ਮੋਹ) ਛੱਡ ਦੇਹ।

ਤਿਸ ਤੇ ਪਰੈ ਨਾਹੀ ਕਿਛੁ ਕੋਇ ॥

ਉਸ ਤੋਂ ਬਾਹਰਾ ਹੋਰ ਕੋਈ ਜੀਵ ਨਹੀਂ, ਕੋਈ ਚੀਜ਼ ਨਹੀਂ[

ਸਰਬ ਨਿਰੰਤਰਿ ਏਕੋ ਸੋਇ ॥

ਸਭ ਜੀਵਾਂ ਦੇ ਅੰਦਰ ਇਕ ਅਕਾਲ ਪੁਰਖ ਹੀ ਵਿਆਪਕ ਹੈ।

ਆਪੇ ਬੀਨਾ ਆਪੇ ਦਾਨਾ ॥

ਉਹੀ ਆਪ ਹੀ (ਜੀਵਾਂ ਦੇ ਦਿਲ ਦੀ) ਪਛਾਣਨ ਵਾਲਾ ਤੇ ਜਾਣਨ ਵਾਲਾ ਹੈ,