ਪ੍ਰਭੂ ਬੜਾ ਗੰਭੀਰ ਹੈ ਤੇ ਡੂੰਘਾ ਹੈ, ਸਿਆਣਾ ਹੈ,
ਹੇ ਪਾਰਬ੍ਰਹਮ ਪ੍ਰਭੂ! ਸਭ ਦੇ ਵੱਡੇ ਮਾਲਕ! ਤੇ ਜੀਵਾਂ ਦੇ ਪਾਲਕ!
ਦਇਆ ਦੇ ਖ਼ਜ਼ਾਨੇ! ਦਇਆ ਦੇ ਘਰ! ਤੇ ਬਖ਼ਸ਼ਣਹਾਰ!
ਮੈਂ ਤੇਰੇ ਸਾਧਾਂ ਦੀ ਚਰਨੀਂ ਪਵਾਂ,
ਨਾਨਕ ਦੇ ਮਨ ਵਿਚ ਇਹ ਤਾਂਘ ਹੈ ॥੧॥
ਪ੍ਰਭੂ (ਜੀਵਾਂ ਦੇ) ਮਨ ਦੇ ਫੁਰਨੇ ਪੂਰੇ ਕਰਨ ਤੇ ਸਰਨ ਆਇਆਂ ਦੀ ਸਹਾਇਤਾ ਕਰਨ ਦੇ ਸਮਰੱਥ ਹੈ।
ਜੋ ਉਸ ਨੇ (ਜੀਵਾਂ ਦੇ) ਹੱਥ ਉਤੇ ਲਿਖ ਦਿੱਤਾ ਹੈ, ਉਹੀ ਹੁੰਦਾ ਹੈ।
ਜਿਸ ਪ੍ਰਭੂ ਦਾ ਅੱਖ ਫਰਕਣ ਦਾ ਸਮਾ (ਜਗਤ ਦੇ) ਪਾਲਣ ਤੇ ਨਾਸ ਲਈ (ਕਾਫ਼ੀ) ਹੈ,
ਉਸ ਦਾ ਗੁੱਝਾ ਭੇਤ ਕੋਈ ਹੋਰ ਜੀਵ ਨਹੀਂ ਜਾਣਦਾ।
ਜਿਸ ਪ੍ਰਭੂ ਦੇ ਘਰ ਵਿਚ ਸਦਾ ਆਨੰਦ ਤੇ ਖ਼ੁਸ਼ੀਆਂ ਹਨ,
(ਜਗਤ ਦੇ) ਸਾਰੇ ਪਦਾਰਥ ਉਸ ਦੇ ਘਰ ਵਿਚ (ਮੌਜੂਦ) ਸੁਣੀਦੇ ਹਨ।
ਰਾਜਿਆਂ ਵਿਚ ਪ੍ਰਭੂ ਆਪ ਹੀ ਰਾਜਾ ਹੈ, ਜੋਗੀਆਂ ਵਿਚ ਜੋਗੀ ਹੈ,
ਤਪੀਆਂ ਵਿਚ ਆਪ ਹੀ ਵੱਡਾ ਤਪੀ ਹੈ ਤੇ ਗ੍ਰਿਹਸਤੀਆਂ ਵਿਚ ਭੀ ਆਪ ਹੀ ਗ੍ਰਿਹਸਤੀ ਹੈ।
ਭਗਤ ਜਨਾਂ ਨੇ (ਉਸ ਪ੍ਰਭੂ ਨੂੰ) ਸਿਮਰ ਸਿਮਰ ਕੇ ਸੁਖ ਪਾ ਲਿਆ ਹੈ।
ਹੇ ਨਾਨਕ! ਕਿਸੇ ਜੀਵ ਨੇ ਉਸ ਅਕਾਲ ਪੁਰਖ ਦਾ ਅੰਤ ਨਹੀਂ ਪਾਇਆ ॥੨॥
ਜਿਸ ਪ੍ਰਭੂ ਦੀ (ਜਗਤ ਰੂਪ) ਖੇਡ ਦਾ ਲੇਖਾ ਕੋਈ ਨਹੀਂ ਲਾ ਸਕਦਾ,
ਉਸ ਨੂੰ ਖੋਜ ਖੋਜ ਕੇ ਸਾਰੇ ਦੇਵਤੇ (ਭੀ) ਥੱਕ ਗਏ ਹਨ;
(ਕਿਉਂਕਿ) ਪਿਉ ਦਾ ਜਨਮ ਪੁੱਤ੍ਰ ਕੀਹ ਜਾਣਦਾ ਹੈ?
(ਜਿਵੇਂ ਮਾਲਾ ਦੇ ਮਣਕੇ) ਧਾਗੇ ਵਿਚ ਪਰੋਏ ਹੁੰਦੇ ਹਨ, (ਤਿਵੇਂ) ਸਾਰੀ ਰਚਨਾ ਪ੍ਰਭੂ ਨੇ ਆਪਣੇ (ਹੁਕਮ ਰੂਪ) ਧਾਗੇ ਵਿਚ ਪ੍ਰੋ ਰੱਖੀ ਹੈ।
ਜਿਨ੍ਹਾਂ ਬੰਦਿਆਂ ਨੂੰ ਪ੍ਰਭੂ ਸੋਹਣੀ ਮਤਿ ਉੱਚੀ ਸਮਝ ਤੇ ਸੁਰਤ ਜੋੜਨ ਦੀ ਦਾਤ ਦੇਂਦਾ ਹੈ,