ਸੁਖਮਨੀ ਸਾਹਿਬ

(ਅੰਗ: 47)


ਅਨਿਕ ਜੋਨਿ ਭਰਮੈ ਭਰਮੀਆ ॥

ਅਤੇ (ਆਪਣਾ ਹੀ) ਭਵਾਇਆ ਹੋਇਆ ਕਈ ਜੂਨਾਂ ਵਿਚ ਭਉਂ ਰਿਹਾ ਹੈ;

ਨਾਨਾ ਰੂਪ ਜਿਉ ਸ੍ਵਾਗੀ ਦਿਖਾਵੈ ॥

ਬਹੁ-ਰੂਪੀਏ ਵਾਂਗ ਕਈ ਤਰ੍ਹਾਂ ਦੇ ਰੂਪ ਵਿਖਾ ਰਿਹਾ ਹੈ,

ਜਿਉ ਪ੍ਰਭ ਭਾਵੈ ਤਿਵੈ ਨਚਾਵੈ ॥

ਜਿਉਂ ਪ੍ਰਭੂ ਨੂੰ ਭਾਉਂਦਾ ਹੈ ਤਿਵੇਂ (ਜੀਵਾਂ ਨੂੰ) ਨਚਾਉਂਦਾ ਹੈ।

ਜੋ ਤਿਸੁ ਭਾਵੈ ਸੋਈ ਹੋਇ ॥

ਉਹੀ ਹੁੰਦਾ ਹੈ ਜੋ ਉਸ (ਮਾਲਕ) ਨੂੰ ਚੰਗਾ ਲੱਗਦਾ ਹੈ।

ਨਾਨਕ ਦੂਜਾ ਅਵਰੁ ਨ ਕੋਇ ॥੭॥

ਹੇ ਨਾਨਕ! (ਉਸ ਵਰਗਾ) ਕੋਈ ਹੋਰ ਦੂਜਾ ਨਹੀਂ ਹੈ ॥੭॥

ਕਬਹੂ ਸਾਧਸੰਗਤਿ ਇਹੁ ਪਾਵੈ ॥

(ਜਦੋਂ) ਕਦੇ (ਪ੍ਰਭੂ ਦੀ ਅੰਸ਼) ਇਹ ਜੀਵ ਸਤਸੰਗਿ ਵਿਚ ਅੱਪੜਦਾ ਹੈ,

ਉਸੁ ਅਸਥਾਨ ਤੇ ਬਹੁਰਿ ਨ ਆਵੈ ॥

ਤਾਂ ਉਸ ਥਾਂ ਤੋਂ ਮੁੜ ਵਾਪਸ ਨਹੀਂ ਆਉਂਦਾ;

ਅੰਤਰਿ ਹੋਇ ਗਿਆਨ ਪਰਗਾਸੁ ॥

(ਕਿਉਂਕਿ) ਇਸ ਦੇ ਅੰਦਰ ਪ੍ਰਭੂ ਦੇ ਗਿਆਨ ਦਾ ਪਰਕਾਸ਼ ਹੋ ਜਾਂਦਾ ਹੈ,

ਉਸੁ ਅਸਥਾਨ ਕਾ ਨਹੀ ਬਿਨਾਸੁ ॥

(ਤੇ) ਉਸ (ਗਿਆਨ ਦੇ ਪਰਕਾਸ਼ ਵਾਲੀ) ਹਾਲਤ ਦਾ ਨਾਸ ਨਹੀਂ ਹੁੰਦਾ;

ਮਨ ਤਨ ਨਾਮਿ ਰਤੇ ਇਕ ਰੰਗਿ ॥

(ਜਿਨ੍ਹਾਂ ਮਨੁੱਖਾਂ ਦੇ) ਤਨ ਮਨ ਪ੍ਰਭੂ ਦੇ ਨਾਮ ਵਿਚ ਤੇ ਪਿਆਰ ਵਿਚ ਰੱਤੇ ਰਹਿੰਦੇ ਹਨ,

ਸਦਾ ਬਸਹਿ ਪਾਰਬ੍ਰਹਮ ਕੈ ਸੰਗਿ ॥

ਉਹ ਸਦਾ ਪ੍ਰਭੂ ਦੀ ਹਜ਼ੂਰੀ ਵਿਚ ਵੱਸਦੇ ਹਨ।

ਜਿਉ ਜਲ ਮਹਿ ਜਲੁ ਆਇ ਖਟਾਨਾ ॥

(ਸੋ) ਜਿਵੇਂ ਪਾਣੀ ਵਿਚ ਪਾਣੀ ਆ ਰਲਦਾ ਹੈ,

ਤਿਉ ਜੋਤੀ ਸੰਗਿ ਜੋਤਿ ਸਮਾਨਾ ॥

ਤਿਵੇਂ (ਸਤਸੰਗ ਵਿਚ ਟਿਕੇ ਹੋਏ ਦੀ) ਆਤਮਾ ਪ੍ਰਭੂ ਦੀ ਜੋਤਿ ਵਿਚ ਲੀਨ ਹੋ ਜਾਂਦੀ ਹੈ;

ਮਿਟਿ ਗਏ ਗਵਨ ਪਾਏ ਬਿਸ੍ਰਾਮ ॥

ਉਸ ਦੇ (ਜਨਮ ਮਰਨ ਦੇ) ਫੇਰੇ ਮੁੱਕ ਜਾਂਦੇ ਹਨ, (ਪ੍ਰਭੂ-ਚਰਨਾਂ ਵਿਚ) ਉਸ ਨੂੰ ਟਿਕਾਣਾ ਮਿਲ ਜਾਂਦਾ ਹੈ।

ਨਾਨਕ ਪ੍ਰਭ ਕੈ ਸਦ ਕੁਰਬਾਨ ॥੮॥੧੧॥

ਹੇ ਨਾਨਕ! ਪ੍ਰਭੂ ਤੋਂ ਸਦਕੇ ਜਾਈਏ ॥੮॥੧੧॥

ਸਲੋਕੁ ॥

ਸੁਖੀ ਬਸੈ ਮਸਕੀਨੀਆ ਆਪੁ ਨਿਵਾਰਿ ਤਲੇ ॥

ਗਰੀਬੀ ਸੁਭਾਉ ਵਾਲਾ ਬੰਦਾ ਆਪਾ-ਭਾਵ ਦੂਰ ਕਰ ਕੇ, ਤੇ ਨੀਵਾਂ ਰਹਿ ਕੇ ਸੁਖੀ ਵੱਸਦਾ ਹੈ,

ਬਡੇ ਬਡੇ ਅਹੰਕਾਰੀਆ ਨਾਨਕ ਗਰਬਿ ਗਲੇ ॥੧॥

(ਪਰ) ਵੱਡੇ ਵੱਡੇ ਅਹੰਕਾਰੀ ਮਨੁੱਖ, ਹੇ ਨਾਨਕ! ਅਹੰਕਾਰ ਵਿਚ ਹੀ ਗਲ ਜਾਂਦੇ ਹਨ ॥੧॥

ਅਸਟਪਦੀ ॥

ਜਿਸ ਕੈ ਅੰਤਰਿ ਰਾਜ ਅਭਿਮਾਨੁ ॥

ਜਿਸ ਮਨੁੱਖ ਦੇ ਮਨ ਵਿਚ ਰਾਜ ਦਾ ਮਾਣ ਹੈ,