ਸੁਖਮਨੀ ਸਾਹਿਬ

(ਅੰਗ: 48)


ਸੋ ਨਰਕਪਾਤੀ ਹੋਵਤ ਸੁਆਨੁ ॥

ਉਹ ਕੁੱਤਾ ਨਰਕ ਵਿਚ ਪੈਣ ਦਾ ਸਜ਼ਾਵਾਰ ਹੁੰਦਾ ਹੈ।

ਜੋ ਜਾਨੈ ਮੈ ਜੋਬਨਵੰਤੁ ॥

ਜੋ ਮਨੁੱਖ ਆਪਣੇ ਆਪ ਨੂੰ ਬੜਾ ਸੋਹਣਾ ਸਮਝਦਾ ਹੈ,

ਸੋ ਹੋਵਤ ਬਿਸਟਾ ਕਾ ਜੰਤੁ ॥

ਉਹ ਵਿਸ਼ਟਾ ਦਾ ਹੀ ਕੀੜਾ ਹੁੰਦਾ ਹੈ (ਕਿਉਂਕਿ ਸਦਾ ਵਿਸ਼ੇ-ਵਿਕਾਰਾਂ ਦੇ ਗੰਦ ਵਿਚ ਪਿਆ ਰਹਿੰਦਾ ਹੈ)।

ਆਪਸ ਕਉ ਕਰਮਵੰਤੁ ਕਹਾਵੈ ॥

ਜੇਹੜਾ ਆਪਣੇ ਆਪ ਨੂੰ ਚੰਗੇ ਕੰਮ ਕਰਨ ਵਾਲਾ ਅਖਵਾਉਂਦਾ ਹੈ,

ਜਨਮਿ ਮਰੈ ਬਹੁ ਜੋਨਿ ਭ੍ਰਮਾਵੈ ॥

ਉਹ ਸਦਾ ਜੰਮਦਾ ਮਰਦਾ ਹੈ, ਕਈ ਜੂਨਾਂ ਵਿਚ ਭਟਕਦਾ ਫਿਰਦਾ ਹੈ।

ਧਨ ਭੂਮਿ ਕਾ ਜੋ ਕਰੈ ਗੁਮਾਨੁ ॥

ਜੋ ਮਨੁੱਖ ਧਨ ਤੇ ਧਰਤੀ (ਦੀ ਮਾਲਕੀ) ਦਾ ਅਹੰਕਾਰ ਕਰਦਾ ਹੈ,

ਸੋ ਮੂਰਖੁ ਅੰਧਾ ਅਗਿਆਨੁ ॥

ਉਹ ਮੂਰਖ ਹੈ, ਅੰਨ੍ਹਾ ਹੈ, ਬੜਾ ਜਾਹਿਲ ਹੈ।

ਕਰਿ ਕਿਰਪਾ ਜਿਸ ਕੈ ਹਿਰਦੈ ਗਰੀਬੀ ਬਸਾਵੈ ॥

ਮੇਹਰ ਕਰ ਕੇ ਜਿਸ ਮਨੁੱਖ ਦੇ ਦਿਲ ਵਿਚ ਗਰੀਬੀ (ਸੁਭਾਉ) ਪਾਂਦਾ ਹੈ,

ਨਾਨਕ ਈਹਾ ਮੁਕਤੁ ਆਗੈ ਸੁਖੁ ਪਾਵੈ ॥੧॥

ਹੇ ਨਾਨਕ! (ਉਹ ਮਨੁੱਖ) ਇਸ ਜ਼ਿੰਦਗੀ ਵਿਚ ਵਿਕਾਰਾਂ ਤੋਂ ਬਚਿਆ ਰਹਿੰਦਾ ਹੈ ਤੇ ਪਰਲੋਕ ਵਿਚ ਸੁਖ ਪਾਂਦਾ ਹੈ ॥੧॥

ਧਨਵੰਤਾ ਹੋਇ ਕਰਿ ਗਰਬਾਵੈ ॥

ਮਨੁੱਖ ਧਨ ਵਾਲਾ ਹੋ ਕੇ ਮਾਣ ਕਰਦਾ ਹੈ,

ਤ੍ਰਿਣ ਸਮਾਨਿ ਕਛੁ ਸੰਗਿ ਨ ਜਾਵੈ ॥

(ਪਰ ਉਸ ਦੇ) ਨਾਲ (ਅੰਤ ਵੇਲੇ) ਇਕ ਤੀਲੇ ਜਿਤਨੀ ਭੀ ਕੋਈ ਚੀਜ਼ ਨਹੀਂ ਜਾਂਦੀ।

ਬਹੁ ਲਸਕਰ ਮਾਨੁਖ ਊਪਰਿ ਕਰੇ ਆਸ ॥

ਬਹੁਤੇ ਲਸ਼ਕਰ ਅਤੇ ਮਨੁੱਖਾਂ ਉਤੇ ਬੰਦਾ ਆਸਾਂ ਲਾਈ ਰੱਖਦਾ ਹੈ,

ਪਲ ਭੀਤਰਿ ਤਾ ਕਾ ਹੋਇ ਬਿਨਾਸ ॥

(ਪਰ) ਪਲਕ ਵਿਚ ਉਸ ਦਾ ਨਾਸ ਹੋ ਜਾਂਦਾ ਹੈ (ਤੇ ਉਹਨਾਂ ਵਿਚੋਂ ਕੋਈ ਭੀ ਸਹਾਈ ਨਹੀਂ ਹੁੰਦਾ)।

ਸਭ ਤੇ ਆਪ ਜਾਨੈ ਬਲਵੰਤੁ ॥

ਮਨੁੱਖ ਆਪਣੇ ਆਪ ਨੂੰ ਸਭ ਨਾਲੋਂ ਬਲੀ ਸਮਝਦਾ ਹੈ,

ਖਿਨ ਮਹਿ ਹੋਇ ਜਾਇ ਭਸਮੰਤੁ ॥

(ਪਰ ਅੰਤ ਵੇਲੇ) ਇਕ ਖਿਣ ਵਿਚ (ਸੜ ਕੇ) ਸੁਆਹ ਹੋ ਜਾਂਦਾ ਹੈ।

ਕਿਸੈ ਨ ਬਦੈ ਆਪਿ ਅਹੰਕਾਰੀ ॥

(ਜੋ ਬੰਦਾ) ਆਪ (ਇਤਨਾ) ਅਹੰਕਾਰੀ ਹੋ ਜਾਂਦਾ ਹੈ ਕਿ ਕਿਸੇ ਦੀ ਭੀ ਪਰਵਾਹ ਨਹੀਂ ਕਰਦਾ,

ਧਰਮ ਰਾਇ ਤਿਸੁ ਕਰੇ ਖੁਆਰੀ ॥

ਧਰਮਰਾਜ (ਅੰਤ ਵੇਲੇ) ਉਸ ਦੀ ਮਿੱਟੀ ਪਲੀਤ ਕਰਦਾ ਹੈ।

ਗੁਰਪ੍ਰਸਾਦਿ ਜਾ ਕਾ ਮਿਟੈ ਅਭਿਮਾਨੁ ॥

ਸਤਿਗੁਰੂ ਦੀ ਦਇਆ ਨਾਲ ਜਿਸ ਦਾ ਅਹੰਕਾਰ ਮਿਟਦਾ ਹੈ,

ਸੋ ਜਨੁ ਨਾਨਕ ਦਰਗਹ ਪਰਵਾਨੁ ॥੨॥

ਉਹ ਮਨੁੱਖ, ਹੇ ਨਾਨਕ! ਪ੍ਰਭੂ ਦੀ ਦਰਗਾਹ ਵਿਚ ਕਬੂਲ ਹੁੰਦਾ ਹੈ ॥੨॥

ਕੋਟਿ ਕਰਮ ਕਰੈ ਹਉ ਧਾਰੇ ॥

(ਜੇ ਮਨੁੱਖ) ਕਰੋੜਾਂ (ਧਾਰਮਿਕ) ਕੰਮ ਕਰੇ (ਤੇ ਉਹਨਾਂ ਦਾ) ਅਹੰਕਾਰ (ਭੀ) ਕਰੇ,