ਜੋ ਪ੍ਰਭੂ ਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ।
(ਜ਼ਿੰਦਗੀ ਦੀਆਂ) ਬੇਅੰਤ ਲਹਿਰਾਂ ਬਣ ਕੇ (ਅਕਾਲ ਪੁਰਖ) ਆਪ ਸਭ ਥਾਈਂ ਮੌਜੂਦ ਹੈ,
ਅਕਾਲ ਪੁਰਖ ਦੇ ਖੇਲ ਬਿਆਨ ਨਹੀਂ ਕੀਤੇ ਜਾ ਸਕਦੇ।
ਜਿਹੋ ਜਿਹੀ ਅਕਲ ਦੇਂਦਾ ਹੈ, ਉਹੋ ਜਿਹਾ ਜ਼ਹੂਰ (ਜੀਵ ਦੇ ਅੰਦਰ) ਹੁੰਦਾ ਹੈ;
ਅਕਾਲ ਪੁਰਖ (ਆਪ ਸਭ ਕੁਝ) ਕਰਨ ਵਾਲਾ ਹੈ ਤੇ ਕਦੇ ਮਰਦਾ ਨਹੀਂ।
ਪ੍ਰਭੂ ਸਦਾ ਮੇਹਰ ਕਰਨ ਵਾਲਾ ਹੈ,
ਹੇ ਨਾਨਕ! (ਜੀਵ ਉਸ ਨੂੰ) ਸਦਾ ਸਿਮਰ ਕੇ (ਫੁੱਲ ਵਾਂਗ) ਖਿੜੇ ਰਹਿੰਦੇ ਹਨ ॥੮॥੯॥
ਅਨੇਕਾਂ ਬੰਦੇ ਪ੍ਰਭੂ ਦੇ ਗੁਣਾਂ ਦਾ ਜ਼ਿਕਰ ਕਰਦੇ ਹਨ, ਪਰ ਉਹਨਾਂ ਗੁਣਾਂ ਦਾ ਹੱਦ-ਬੰਨਾ ਨਹੀਂ ਲੱਭਦਾ।
ਹੇ ਨਾਨਕ! (ਇਹੀ ਸਾਰੀ) ਸ੍ਰਿਸ਼ਟੀ (ਉਸ) ਪ੍ਰਭੂ ਨੇ ਕਈ ਕਿਸਮਾਂ ਦੀ ਕਈ ਤਰੀਕਿਆਂ ਨਾਲ ਬਣਾਈ ਹੈ ॥੧॥
(ਪ੍ਰਭੂ ਦੀ ਇਸ ਰਚੀ ਹੋਈ ਦੁਨੀਆ ਵਿਚ) ਕਈ ਕਰੋੜਾਂ ਪ੍ਰਾਣੀ ਪੁਜਾਰੀ ਹਨ,
ਅਤੇ ਕਈ ਕਰੋੜਾਂ ਧਾਰਮਿਕ ਰੀਤਾਂ ਰਸਮਾਂ ਕਰਨ ਵਾਲੇ ਹਨ;
ਕਈ ਕਰੋੜਾਂ (ਬੰਦੇ) ਤੀਰਥਾਂ ਦੇ ਵਸਨੀਕ ਹਨ,
ਅਤੇ ਕਈ ਕਰੋੜਾਂ (ਜਗਤ ਵਲੋਂ) ਉਪਰਾਮ ਹੋ ਕੇ ਜੰਗਲਾਂ ਵਿਚ ਫਿਰਦੇ ਹਨ;
ਕਈ ਕਰੋੜਾਂ ਜੀਵ ਵੇਦਾਂ ਦੇ ਸੁਣਨ ਵਾਲੇ ਹਨ,
ਅਤੇ ਕਈ ਕਰੋੜਾਂ ਵੱਡੇ ਵੱਡੇ ਤਪੀਏ ਬਣੇ ਹੋਏ ਹਨ;
ਕਈ ਕਰੋੜਾਂ (ਮਨੁੱਖ) ਆਪਣੇ ਅੰਦਰ ਸੁਰਤ ਜੋੜ ਰਹੇ ਹਨ,
ਅਤੇ ਕਈ ਕਰੋੜਾਂ (ਮਨੁੱਖ) ਕਵੀਆਂ ਦੀਆਂ ਰਚੀਆਂ ਕਵਿਤਾ ਵਿਚਾਰਦੇ ਹਨ;
ਕਈ ਕਰੋੜਾਂ ਬੰਦੇ (ਪ੍ਰਭੂ ਦਾ) ਨਿੱਤ ਨਵਾਂ ਨਾਮ ਸਿਮਰਦੇ ਹਨ,