ਦਾਸਾਂ ਦਾ ਦਾਸ ਹੋਣ ਦੇ ਸੁਭਾਉ ਨਾਲ ਉਸ ਨੇ ਪ੍ਰਭੂ ਨੂੰ ਲੱਭਾ ਹੈ।
ਜੋ (ਮਨੁੱਖ) ਸਦਾ ਪ੍ਰਭੂ ਨੂੰ ਨੇੜੇ ਜਾਣਦਾ ਹੈ,
ਉਹ ਸੇਵਕ ਦਰਗਾਹ ਵਿਚ ਕਬੂਲ ਹੁੰਦਾ ਹੈ।
ਪ੍ਰਭੂ ਉਸ ਸੇਵਕ ਉਤੇ ਆਪ ਮੇਹਰ ਕਰਦਾ ਹੈ,
ਤੇ ਉਸ ਸੇਵਕ ਨੂੰ ਸਾਰੀ ਸਮਝ ਆ ਜਾਂਦੀ ਹੈ।
ਸਾਰੇ ਪਰਵਾਰ ਵਿਚ (ਰਹਿੰਦਾ ਹੋਇਆ ਭੀ) ਉਹ ਅੰਦਰੋਂ ਨਿਰਮੋਹ ਹੁੰਦਾ ਹੈ;
ਹੇ ਨਾਨਕ! ਇਹੋ ਜਿਹੀ (ਜੀਵਨ-) ਜੁਗਤੀ ਨਾਲ ਉਹ (ਅਸਲੀ) "ਰਾਮਦਾਸ" (ਰਾਮ ਦਾ ਦਾਸ ਬਣ ਜਾਂਦਾ ਹੈ) ॥੬॥
ਜੋ ਮਨੁੱਖ ਪ੍ਰਭੂ ਦੀ ਰਜ਼ਾ ਨੂੰ ਮਨ ਵਿਚ ਮਿੱਠੀ ਕਰ ਕੇ ਮੰਨਦਾ ਹੈ,
ਉਹੀ ਜੀਊਂਦਾ ਮੁਕਤ ਅਖਵਾਉਂਦਾ ਹੈ;
ਉਸ ਨੂੰ ਖ਼ੁਸ਼ੀ ਤੇ ਗ਼ਮੀ ਇਕੋ ਜਿਹੀ ਹੈ,
ਉਸ ਨੂੰ ਸਦਾ ਆਨੰਦ ਹੈ (ਕਿਉਂਕਿ) ਓਥੇ (ਭਾਵ, ਉਸ ਦੇ ਹਿਰਦੇ ਵਿਚ ਪ੍ਰਭੂ-ਚਰਨਾਂ ਤੋਂ) ਵਿਛੋੜਾ ਨਹੀਂ ਹੈ।
ਸੋਨਾ ਤੇ ਮਿੱਟੀ (ਭੀ ਉਸ ਮਨੁੱਖ ਵਾਸਤੇ) ਬਰਾਬਰ ਹੈ (ਭਾਵ, ਸੋਨਾ ਵੇਖ ਕੇ ਉਹ ਲੋਭ ਵਿਚ ਨਹੀਂ ਫਸਦਾ),
ਅੰਮ੍ਰਿਤ ਤੇ ਕਉੜੀ ਵਿਹੁ ਭੀ ਉਸ ਲਈ ਇਕ ਜੈਸੀ ਹੈ।
(ਕਿਸੇ ਵਲੋਂ) ਆਦਰ (ਦਾ ਵਰਤਾਉ ਹੋਵੇ) ਜਾਂ ਅਹੰਕਾਰ (ਦਾ) (ਉਸ ਮਨੁੱਖ ਵਾਸਤੇ) ਇਕ ਸਮਾਨ ਹੈ,
ਕੰਗਾਲ ਤੇ ਸ਼ਹਨਸ਼ਾਹ ਭੀ ਉਸ ਦੀ ਨਜ਼ਰ ਵਿਚ ਬਰਾਬਰ ਹੈ।
ਜੋ (ਰਜ਼ਾ ਪ੍ਰਭੂ) ਵਰਤਾਉਂਦਾ ਹੈ, ਉਹੀ (ਉਸ ਵਾਸਤੇ) ਜ਼ਿੰਦਗੀ ਦਾ ਗਾਡੀ-ਰਾਹ ਹੈ;
ਹੇ ਨਾਨਕ! ਉਹ ਮਨੁੱਖ ਜੀਊਂਦਾ ਮੁਕਤ ਕਿਹਾ ਜਾ ਸਕਦਾ ਹੈ ॥੭॥
ਸਾਰੇ ਥਾਂ (ਸਰੀਰ-ਰੂਪ ਘਰ) ਅਕਾਲ ਪੁਰਖ ਦੇ ਹੀ ਹਨ,
ਜਿਸ ਜਿਸ ਥਾਂ ਜੀਵਾਂ ਨੂੰ ਰੱਖਦਾ ਹੈ, ਉਹੋ ਜਿਹਾ ਉਹਨਾਂ ਦਾ ਨਾਉਂ (ਪੈ ਜਾਂਦਾ ਹੈ)।
ਪ੍ਰਭੂ ਆਪ ਹੀ (ਸਭ ਕੁਝ) ਕਰਨ ਦੀ (ਤੇ ਜੀਵਾਂ ਪਾਸੋਂ) ਕਰਾਉਣ ਦੀ ਤਾਕਤ ਰੱਖਦਾ ਹੈ,