ਸੁਖਮਨੀ ਸਾਹਿਬ

(ਅੰਗ: 37)


ਉਸੁ ਪੰਡਿਤ ਕੈ ਉਪਦੇਸਿ ਜਗੁ ਜੀਵੈ ॥

ਉਸ ਪੰਡਿਤ ਦੇ ਉਪਦੇਸ਼ ਨਾਲ (ਸਾਰਾ) ਸੰਸਾਰ ਰੂਹਾਨੀ ਜ਼ਿੰਦਗੀ ਹਾਸਲ ਕਰਦਾ ਹੈ।

ਹਰਿ ਕੀ ਕਥਾ ਹਿਰਦੈ ਬਸਾਵੈ ॥

ਜੋ ਅਕਾਲ ਪੁਰਖ (ਦੀ ਸਿਫ਼ਤ-ਸਾਲਾਹ) ਦੀਆਂ ਗੱਲਾਂ ਆਪਣੇ ਹਿਰਦੇ ਵਿਚ ਵਸਾਉਂਦਾ ਹੈ,

ਸੋ ਪੰਡਿਤੁ ਫਿਰਿ ਜੋਨਿ ਨ ਆਵੈ ॥

ਉਹ ਪੰਡਿਤ ਮੁੜ ਜਨਮ (ਮਰਨ) ਵਿਚ ਨਹੀਂ ਆਉਂਦਾ।

ਬੇਦ ਪੁਰਾਨ ਸਿਮ੍ਰਿਤਿ ਬੂਝੈ ਮੂਲ ॥

ਜੋ ਵੇਦ ਪੁਰਾਣ ਸਿਮ੍ਰਿਤੀਆਂ (ਆਦਿਕ ਸਭ ਧਰਮ-ਪੁਸਤਕਾਂ) ਦਾ ਮੁੱਢ (ਪ੍ਰਭੂ ਨੂੰ) ਸਮਝਦਾ ਹੈ,

ਸੂਖਮ ਮਹਿ ਜਾਨੈ ਅਸਥੂਲੁ ॥

ਜੋ ਇਹ ਜਾਣਦਾ ਹੈ ਕਿ ਇਹ ਸਾਰਾ ਦਿੱਸਦਾ ਜਗਤ ਅਦ੍ਰਿਸ਼ਟ ਪ੍ਰਭੂ ਦੇ ਹੀ ਆਸਰੇ ਹੈ;

ਚਹੁ ਵਰਨਾ ਕਉ ਦੇ ਉਪਦੇਸੁ ॥

ਜੋ (ਬ੍ਰਾਹਮਣ, ਖਤ੍ਰੀ, ਵੈਸ਼, ਸ਼ੂਦਰ) ਚਾਰੇ ਹੀ ਜਾਤੀਆਂ ਨੂੰ ਸਿੱਖਿਆ ਦੇਂਦਾ ਹੈ,

ਨਾਨਕ ਉਸੁ ਪੰਡਿਤ ਕਉ ਸਦਾ ਅਦੇਸੁ ॥੪॥

ਹੇ ਨਾਨਕ! (ਆਖ) ਉਸ ਪੰਡਿਤ ਅੱਗੇ ਅਸੀਂ ਸਦਾ ਸਿਰ ਨਿਵਾਉਂਦੇ ਹਾਂ ॥੪॥

ਬੀਜ ਮੰਤ੍ਰੁ ਸਰਬ ਕੋ ਗਿਆਨੁ ॥

ਨਾਮ (ਹੋਰ ਸਭ ਮੰਤ੍ਰਾਂ ਦਾ) ਮੁੱਢ ਮੰਤ੍ਰ ਹੈ ਅਤੇ ਸਭ ਦਾ ਗਿਆਨ (ਦਾਤਾ) ਹੈ,

ਚਹੁ ਵਰਨਾ ਮਹਿ ਜਪੈ ਕੋਊ ਨਾਮੁ ॥

(ਬ੍ਰਾਹਮਣ, ਖਤ੍ਰੀ, ਵੈਸ਼, ਸ਼ੂਦਰ) ਚਾਰੇ ਹੀ ਜਾਤੀਆਂ ਵਿਚੋਂ ਕੋਈ ਭੀ ਮਨੁੱਖ (ਪ੍ਰਭੂ ਦਾ) ਨਾਮ ਜਪ (ਕੇ ਵੇਖ ਲਏ)

ਜੋ ਜੋ ਜਪੈ ਤਿਸ ਕੀ ਗਤਿ ਹੋਇ ॥

ਜੋ ਜੋ ਮਨੁੱਖ ਨਾਮ ਜਪਦਾ ਹੈ ਉਸ ਦੀ ਉੱਚੀ ਜ਼ਿੰਦਗੀ ਬਣ ਜਾਂਦੀ ਹੈ,

ਸਾਧਸੰਗਿ ਪਾਵੈ ਜਨੁ ਕੋਇ ॥

(ਪਰ) ਕੋਈ ਵਿਰਲਾ ਮਨੁੱਖ ਸਾਧ ਸੰਗਤਿ ਵਿਚ (ਰਹਿ ਕੇ) (ਇਸ ਨੂੰ) ਹਾਸਲ ਕਰਦਾ ਹੈ।

ਕਰਿ ਕਿਰਪਾ ਅੰਤਰਿ ਉਰ ਧਾਰੈ ॥

(ਜੇ ਪ੍ਰਭੂ) ਮੇਹਰ ਕਰ ਕੇ (ਉਸ ਦੇ) ਹਿਰਦੇ ਵਿਚ (ਨਾਮ) ਟਿਕਾ ਦੇਵੇ,

ਪਸੁ ਪ੍ਰੇਤ ਮੁਘਦ ਪਾਥਰ ਕਉ ਤਾਰੈ ॥

ਪਸ਼ੂ, ਚੰਦਰੀ ਰੂਹ, ਮੂਰਖ, ਪੱਥਰ (-ਦਿਲ) (ਕੋਈ ਭੀ ਹੋਵੇ ਸਭ) ਨੂੰ (ਨਾਮ) ਤਾਰ ਦੇਂਦਾ ਹੈ।

ਸਰਬ ਰੋਗ ਕਾ ਅਉਖਦੁ ਨਾਮੁ ॥

ਪ੍ਰਭੂ ਦਾ ਨਾਮ ਸਾਰੇ ਰੋਗਾਂ ਦੀ ਦਵਾਈ ਹੈ,

ਕਲਿਆਣ ਰੂਪ ਮੰਗਲ ਗੁਣ ਗਾਮ ॥

ਪ੍ਰਭੂ ਦੇ ਗੁਣ ਗਾਉਣੇ ਚੰਗੇ ਭਾਗਾਂ ਤੇ ਸੁਖ ਦਾ ਰੂਪ ਹੈ।

ਕਾਹੂ ਜੁਗਤਿ ਕਿਤੈ ਨ ਪਾਈਐ ਧਰਮਿ ॥

(ਪਰ ਇਹ ਨਾਮ ਹੋਰ) ਕਿਸੇ ਢੰਗ ਨਾਲ ਜਾਂ ਕਿਸੇ ਧਾਰਮਿਕ ਰਸਮ ਰਿਵਾਜ ਦੇ ਕਰਨ ਨਾਲ ਨਹੀਂ ਮਿਲਦਾ;

ਨਾਨਕ ਤਿਸੁ ਮਿਲੈ ਜਿਸੁ ਲਿਖਿਆ ਧੁਰਿ ਕਰਮਿ ॥੫॥

ਹੇ ਨਾਨਕ! (ਇਹ ਨਾਮ) ਉਸ ਮਨੁੱਖ ਨੂੰ ਮਿਲਦਾ ਹੈ ਜਿਸ (ਦੇ ਮੱਥੇ ਤੇ) ਧੁਰੋਂ (ਪ੍ਰਭੂ ਦੀ) ਮੇਹਰ ਅਨੁਸਾਰ ਲਿਖਿਆ ਜਾਂਦਾ ਹੈ ॥੫॥

ਜਿਸ ਕੈ ਮਨਿ ਪਾਰਬ੍ਰਹਮ ਕਾ ਨਿਵਾਸੁ ॥

ਜਿਸ ਦੇ ਮਨ ਵਿਚ ਅਕਾਲ ਪੁਰਖ ਵੱਸਦਾ ਹੈ,

ਤਿਸ ਕਾ ਨਾਮੁ ਸਤਿ ਰਾਮਦਾਸੁ ॥

ਉਸ ਮਨੁੱਖ ਦਾ ਨਾਮ ਅਸਲੀ (ਅਰਥਾਂ ਵਿਚ) 'ਰਾਮਦਾਸੁ' (ਪ੍ਰਭੂ ਦਾ ਸੇਵਕ) ਹੈ;

ਆਤਮ ਰਾਮੁ ਤਿਸੁ ਨਦਰੀ ਆਇਆ ॥

ਉਸ ਨੂੰ ਸਰਬ-ਵਿਆਪੀ ਪ੍ਰਭੂ ਦਿੱਸ ਪੈਂਦਾ ਹੈ,