ਸੁਖਮਨੀ ਸਾਹਿਬ

(ਅੰਗ: 40)


ਨਾਨਕ ਕਰਤੇ ਕਾ ਅੰਤੁ ਨ ਪਾਵਹਿ ॥੧॥

(ਪਰ) ਹੇ ਨਾਨਕ! ਉਸ ਕਰਤਾਰ ਦਾ ਕੋਈ ਭੀ ਅੰਤ ਨਹੀਂ ਪਾ ਸਕਦੇ ॥੧॥

ਕਈ ਕੋਟਿ ਭਏ ਅਭਿਮਾਨੀ ॥

(ਇਸ ਜਗਤ-ਰਚਨਾ ਵਿਚ) ਕਰੋੜਾਂ ਅਹੰਕਾਰੀ ਜੀਵ ਹਨ,

ਕਈ ਕੋਟਿ ਅੰਧ ਅਗਿਆਨੀ ॥

ਅਤੇ ਕਰੋੜਾਂ ਹੀ ਬੰਦੇ ਪੁੱਜ ਕੇ ਜਾਹਿਲ ਹਨ;

ਕਈ ਕੋਟਿ ਕਿਰਪਨ ਕਠੋਰ ॥

ਕਰੋੜਾਂ (ਮਨੁੱਖ) ਸ਼ੂਮ ਤੇ ਪੱਥਰ-ਦਿਲ ਹਨ,

ਕਈ ਕੋਟਿ ਅਭਿਗ ਆਤਮ ਨਿਕੋਰ ॥

ਅਤੇ ਕਈ ਕਰੋੜ ਅੰਦਰੋਂ ਮਹਾ ਕੋਰੇ ਹਨ ਜੋ (ਕਿਸੇ ਦਾ ਦੁੱਖ ਤੱਕ ਕੇ ਭੀ ਕਦੇ) ਪਸੀਜਦੇ ਨਹੀਂ;

ਕਈ ਕੋਟਿ ਪਰ ਦਰਬ ਕਉ ਹਿਰਹਿ ॥

ਕਰੋੜਾਂ ਬੰਦੇ ਦੂਜਿਆਂ ਦਾ ਧਨ ਚੁਰਾਉਂਦੇ ਹਨ,

ਕਈ ਕੋਟਿ ਪਰ ਦੂਖਨਾ ਕਰਹਿ ॥

ਅਤੇ ਕਰੋੜਾਂ ਹੀ ਦੂਜਿਆਂ ਦੀ ਨਿੰਦਿਆ ਕਰਦੇ ਹਨ;

ਕਈ ਕੋਟਿ ਮਾਇਆ ਸ੍ਰਮ ਮਾਹਿ ॥

ਕਰੋੜਾਂ (ਮਨੁੱਖ) ਧਨ ਪਦਾਰਥ ਦੀ (ਖ਼ਾਤਰ) ਮੇਹਨਤ ਵਿਚ ਜੁੱਟੇ ਹੋਏ ਹਨ,

ਕਈ ਕੋਟਿ ਪਰਦੇਸ ਭ੍ਰਮਾਹਿ ॥

ਅਤੇ ਕਈ ਕਰੋੜ ਦੂਜੇ ਦੇਸ਼ਾਂ ਵਿਚ ਭਟਕ ਰਹੇ ਹਨ;

ਜਿਤੁ ਜਿਤੁ ਲਾਵਹੁ ਤਿਤੁ ਤਿਤੁ ਲਗਨਾ ॥

(ਹੇ ਪ੍ਰਭੂ!) ਜਿਸ ਜਿਸ ਆਹਰੇ ਤੂੰ ਲਾਉਂਦਾ ਹੈਂ ਉਸ ਉਸ ਆਹਰ ਵਿਚ ਜੀਵ ਲੱਗੇ ਹੋਏ ਹਨ।

ਨਾਨਕ ਕਰਤੇ ਕੀ ਜਾਨੈ ਕਰਤਾ ਰਚਨਾ ॥੨॥

ਹੇ ਨਾਨਕ! ਕਰਤਾਰ ਦੀ ਰਚਨਾ (ਦਾ ਭੇਤ) ਕਰਤਾਰ ਹੀ ਜਾਣਦਾ ਹੈ ॥੨॥

ਕਈ ਕੋਟਿ ਸਿਧ ਜਤੀ ਜੋਗੀ ॥

(ਇਸ ਸ੍ਰਿਸ਼ਟਿ-ਰਚਨਾ ਵਿਚ) ਕਰੋੜਾਂ ਪੁੱਗੇ ਹੋਏ, ਤੇ ਕਾਮ ਨੂੰ ਵੱਸ ਵਿਚ ਰੱਖਣ ਵਾਲੇ ਜੋਗੀ ਹਨ,

ਕਈ ਕੋਟਿ ਰਾਜੇ ਰਸ ਭੋਗੀ ॥

ਅਤੇ ਕਰੋੜਾਂ ਹੀ ਮੌਜਾਂ ਮਾਣਨ ਵਾਲੇ ਰਾਜੇ ਹਨ;

ਕਈ ਕੋਟਿ ਪੰਖੀ ਸਰਪ ਉਪਾਏ ॥

ਕਰੋੜਾਂ ਪੰਛੀ ਤੇ ਸੱਪ (ਪ੍ਰਭੂ ਨੇ) ਪੈਦਾ ਕੀਤੇ ਹਨ,

ਕਈ ਕੋਟਿ ਪਾਥਰ ਬਿਰਖ ਨਿਪਜਾਏ ॥

ਅਤੇ ਕਰੋੜਾਂ ਹੀ ਪੱਥਰ ਤੇ ਰੁੱਖ ਉਗਾਏ ਹਨ;

ਕਈ ਕੋਟਿ ਪਵਣ ਪਾਣੀ ਬੈਸੰਤਰ ॥

ਕਰੋੜਾਂ ਹਵਾ ਪਾਣੀ ਤੇ ਅੱਗਾਂ ਹਨ,

ਕਈ ਕੋਟਿ ਦੇਸ ਭੂ ਮੰਡਲ ॥

ਕਰੋੜਾਂ ਦੇਸ ਤੇ ਧਰਤੀਆਂ ਦੇ ਚੱਕ੍ਰ ਹਨ;

ਕਈ ਕੋਟਿ ਸਸੀਅਰ ਸੂਰ ਨਖੵਤ੍ਰ ॥

ਕਈ ਕਰੋੜਾਂ ਚੰਦ੍ਰਮਾਂ, ਸੂਰਜ ਤੇ ਤਾਰੇ ਹਨ,

ਕਈ ਕੋਟਿ ਦੇਵ ਦਾਨਵ ਇੰਦ੍ਰ ਸਿਰਿ ਛਤ੍ਰ ॥

ਕਰੋੜਾਂ ਦੇਵਤੇ ਤੇ ਇੰਦ੍ਰ ਹਨ ਜਿਨ੍ਹਾਂ ਦੇ ਸਿਰ ਉਤੇ ਛਤ੍ਰ ਹਨ;

ਸਗਲ ਸਮਗ੍ਰੀ ਅਪਨੈ ਸੂਤਿ ਧਾਰੈ ॥

(ਇਹਨਾਂ) ਸਾਰੇ (ਜੀਅ ਜੰਤਾਂ ਤੇ) ਪਦਾਰਥਾਂ ਨੂੰ (ਪ੍ਰਭੂ ਨੇ) ਆਪਣੇ (ਹੁਕਮ ਦੇ) ਧਾਗੇ ਵਿਚ ਪਰੋਇਆ ਹੋਇਆ ਹੈ।