ਹੇ ਨਾਨਕ! ਜੋ ਜੋ ਉਸ ਨੂੰ ਭਾਉਂਦਾ ਹੈ, ਉਸ ਉਸ ਨੂੰ (ਪ੍ਰਭੂ) ਤਾਰ ਲੈਂਦਾ ਹੈ ॥੩॥
ਕਰੋੜਾਂ ਜੀਵ (ਮਾਇਆ ਦੇ ਤਿੰਨ ਗੁਣਾਂ) ਰਜੋ, ਤਮੋ ਤੇ ਸਤੋ ਵਿਚ ਹਨ,
ਕਰੋੜਾਂ (ਬੰਦੇ) ਵੇਦ ਪੁਰਾਨ ਸਿਮ੍ਰਿਤੀਆਂ ਤੇ ਸ਼ਾਸਤ੍ਰਾਂ (ਦੇ ਪੜ੍ਹਨ ਵਾਲੇ) ਹਨ;
ਸਮੁੰਦਰ ਵਿਚ ਕਰੋੜਾਂ ਰਤਨ ਪੈਦਾ ਕਰ ਦਿੱਤੇ ਹਨ,
ਅਤੇ ਕਈ ਕਿਸਮਾਂ ਦੇ ਜੀਅ ਜੰਤ ਬਣਾ ਦਿੱਤੇ ਹਨ;
ਕਰੋੜਾਂ ਜੀਵ ਲੰਮੀਆਂ ਉਮਰਾਂ ਵਾਲੇ ਪੈਦਾ ਕੀਤੇ ਹਨ,
ਕਰੋੜਾਂ ਹੀ ਸੋਨੇ ਦੇ ਸੁਮੇਰ ਪਰਬਤ ਬਣ ਗਏ ਹਨ;
ਕਰੋੜਾਂ ਹੀ ਜੱਖ ਕਿੰਨਰ ਤੇ ਪਿਸ਼ਾਚ ਹਨ,
ਅਤੇ ਕਰੋੜਾਂ ਹੀ ਭੂਤ ਪ੍ਰੇਤ ਸੂਰ ਤੇ ਸ਼ੇਰ ਹਨ;
(ਪ੍ਰਭੂ) ਇਹਨਾਂ ਸਭਨਾਂ ਦੇ ਨੇੜੇ ਭੀ ਹੈ ਤੇ ਦੂਰ ਭੀ।
ਹੇ ਨਾਨਕ! ਪ੍ਰਭੂ ਸਭ ਥਾਈਂ ਵਿਆਪਕ ਭੀ ਹੈ ਤੇ ਹੈ ਭੀ ਨਿਰਲੇਪ ॥੪॥
ਕਰੋੜਾਂ ਜੀਵ ਪਾਤਾਲ ਵਿਚ ਵੱਸਣ ਵਾਲੇ ਹਨ,
ਅਤੇ ਕਰੋੜਾਂ ਹੀ ਨਰਕਾਂ ਤੇ ਸੁਰਗਾਂ ਵਿਚ ਵੱਸਦੇ ਹਨ (ਭਾਵ, ਦੁਖੀ ਤੇ ਸੁਖੀ ਹਨ);
ਕਰੋੜਾਂ ਜੀਵ ਜੰਮਦੇ ਹਨ, ਜਿਉਂਦੇ ਹਨ ਅਤੇ ਮਰਦੇ ਹਨ,
ਅਤੇ ਕਰੋੜਾਂ ਜੀਵ ਕਈ ਜੂਨਾਂ ਵਿਚ ਭਟਕ ਰਹੇ ਹਨ;
ਕਰੋੜਾਂ ਜੀਵ ਬੈਠੇ ਹੀ ਖਾਂਦੇ ਹਨ,
ਅਤੇ ਕਰੋੜਾਂ (ਐਸੇ ਹਨ ਜੋ ਰੋਟੀ ਦੀ ਖ਼ਾਤਰ) ਮੇਹਨਤ ਕਰਦੇ ਹਨ ਤੇ ਥੱਕ ਟੁੱਟ ਜਾਂਦੇ ਹਨ;
ਕਰੋੜਾਂ ਜੀਵ (ਪ੍ਰਭੂ ਨੇ) ਧਨ ਵਾਲੇ ਬਣਾਏ ਹਨ,
ਅਤੇ ਕਰੋੜਾਂ (ਐਸੇ ਹਨ ਜਿਨ੍ਹਾਂ ਨੂੰ) ਮਾਇਆ ਦਾ ਫ਼ਿਕਰ ਲੱਗਾ ਹੋਇਆ ਹੈ।
ਜਿਥੇ ਜਿਥੇ ਚਾਹੁੰਦਾ ਹੈ, ਜੀਵਾਂ ਨੂੰ ਓਥੇ ਓਥੇ ਹੀ ਰੱਖਦਾ ਹੈ।